ਇਸ ਸ਼ਬਦ ਵਿਚ ਉਪਦੇਸ਼ ਕੀਤਾ ਗਿਆ ਹੈ ਕਿ ਜਿਹੜਾ ਮਨੁਖ ਲੋਭ, ਮੋਹ, ਉਸਤਤਿ-ਨਿੰਦਿਆ, ਦੁਖ-ਸੁਖ ਆਦਿ ਤੋਂ ਨਿਰਲੇਪ ਰਹਿੰਦਾ ਹੈ ਅਤੇ ਜਿਸ ਨੇ ਆਪਣੇ ਮਨ ਨੂੰ ਟਿਕਾਓ ਵਿਚ ਲੈ ਆਂਦਾ ਹੈ, ਉਸ ਨੂੰ ਹੀ ਅਸਲ ਜੋਗੀ ਜਾਂ ਮੁਕਤ ਹੋਇਆ ਮੰਨੋ।
ਧਨਾਸਰੀ ਮਹਲਾ ੯ ॥
ਤਿਹ ਜੋਗੀ ਕਉ ਜੁਗਤਿ ਨ ਜਾਨਉ ॥
ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥
ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥
ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥
ਚੰਚਲ ਮਨੁ ਦਹਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥
ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥
-ਗੁਰੂ ਗ੍ਰੰਥ ਸਾਹਿਬ ੬੮੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਜੋਗ ਦੀ ਜੁਗਤੀ ਜਾਣਨ ਵਾਲੇ ਅਸਲ ਜੋਗੀ, ਅਰਥਾਤ ਪ੍ਰਭੂ ਨਾਲ ਜੁੜੇ ਵਿਅਕਤੀ ਦੀ ਪਛਾਣ ਦੱਸਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਇਹ ਕਿਸ ਤਰ੍ਹਾਂ ਪਤਾ ਲੱਗੇ ਕਿ ਇਹ ਜੋਗੀ ਜੋਗ ਦੀ ਜੁਗਤ ਜਾਣਨ ਵਾਲਾ ਅਸਲ ਜੋਗੀ ਨਹੀਂ ਹੈ। ਪਾਤਸ਼ਾਹ ਦੱਸਦੇ ਹਨ ਕਿ ਜਿਸ ਨੇ ਬੇਸ਼ੱਕ ਜੋਗ ਧਾਰਣ ਕਰ ਲਿਆ ਹੋਵੇ, ਫਿਰ ਵੀ ਜਿਸ ਬਾਰੇ ਪਤਾ ਲੱਗੇ ਕਿ ਉਸ ਦੇ ਅੰਦਰ ਪਦਾਰਥ ਦਾ ਲੋਭ ਹੈ, ਰਿਸ਼ਤਿਆਂ ਦਾ ਮੋਹ ਹੈ ਤੇ ਮਾਇਆ ਨਾਲ ਲਗਾਉ ਹੈ। ਸਮਝੋ ਉਸ ਜੋਗੀ ਨੂੰ ਜੋਗ ਦਾ ਅਸਲ ਅਰਥ ਅਤੇ ਢੰਗ-ਤਰੀਕਾ ਨਹੀਂ ਪਤਾ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਅਸਲ ਜੋਗੀ ਉਹ ਹੈ, ਜਿਹੜਾ ਕਿਸੇ ਦੀ ਨਿੰਦਿਆ-ਚੁਗਲੀ ਨਾ ਕਰਦਾ ਹੋਵੇ ਤੇ ਕਿਸੇ ਦੀ ਚਾਪਲੂਸੀ ਤੋਂ ਵੀ ਪ੍ਰਹੇਜ਼ ਕਰਦਾ ਹੋਵੇ। ਉਹ ਸੋਨੇ ਅਤੇ ਲੋਹੇ ਵਿਚ ਵੀ ਫਰਕ ਨਾ ਕਰਦਾ ਹੋਵੇ, ਅਰਥਾਤ ਉਹ ਹਰ ਹਾਲਤ ਅਤੇ ਅਵਸਥਾ ਵਿਚ ਇਕੋ ਜਿਹਾ ਰਹਿੰਦਾ ਹੋਵੇ। ਇਸ ਦੇ ਇਲਾਵਾ ਜਿਹੜਾ ਹਰ ਖੁਸ਼ੀ ਅਤੇ ਗਮੀ ਤੋਂ ਵੀ ਨਿਰਲੇਪ ਅਤੇ ਬੇਅਸਰ ਰਹਿੰਦਾ ਹੋਵੇ, ਅਸਲ ਜੋਗੀ ਉਸ ਨੂੰ ਹੀ ਕਿਹਾ ਜਾ ਸਕਦਾ ਹੈ।
ਅੰਤ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਸ ਨੇ ਵੀ ਦਸੇ ਦਿਸ਼ਾਵਾਂ ਵਿਚ ਦੌੜ-ਭੱਜ ਕਰਨ ਵਾਲੇ ਸ਼ਰਾਰਤੀ ਅਤੇ ਚਲਾਏਮਾਨ ਮਨ ਨੂੰ ਅਚੱਲ ਕਰਕੇ ਰੋਕ ਲਿਆ ਹੈ। ਜਿਹੜਾ ਵੀ ਮਨੁਖ ਇਸ ਕਿਸਮ ਦਾ ਹੋਵੇ, ਅਸਲ ਵਿਚ ਉਸ ਮਨੁਖ ਦੀ ਅਵਸਥਾ ਨੂੰ ਹੀ ਮੁਕਤੀ ਵਾਲੀ ਅਵਸਥਾ ਕਹਿਣਾ ਚਾਹੀਦਾ ਹੈ।