ਇਸ ਸ਼ਬਦ ਵਿਚ ਮਾਇਕੀ ਰਸਾਂ ਵਿਚ ਗਲਤਾਨ ਜਗਤ ਦੀ ਸਥਿਤੀ ਦਾ ਵਰਣਨ ਕੀਤਾ ਗਿਆ ਹੈ। ਇਹ ਜਗਤ ਇਸ ਭਰਮ ਵਿਚ ਹੈ ਕਿ ਪ੍ਰਕਿਰਤੀ ਹੀ ਸੁਖ ਦਾ ਸਰੋਤ ਹੈ। ਜਗਤ ਦੇ ਕਰੋੜਾਂ ਜੀਵਾਂ ਵਿਚੋਂ ਕੋਈ ਵਿਰਲਾ ਹੀ ਹੈ, ਜਿਸ ਨੇ ਗੁਰ-ਸ਼ਬਦ ਰਾਹੀਂ ਵਿਆਪਕ-ਪ੍ਰਭੂ ਨੂੰ ਜਾਣਿਆ-ਪਛਾਣਿਆ ਹੈ।
ਧਨਾਸਰੀ ਮਹਲਾ ੯ ॥
ਸਾਧੋ ਇਹੁ ਜਗੁ ਭਰਮ ਭੁਲਾਨਾ ॥
ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ॥
ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥
ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥
ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥
-ਗੁਰੂ ਗ੍ਰੰਥ ਸਾਹਿਬ ੬੮੪-੬੮੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਸ਼ਾਂਤ-ਚਿਤ ਅਵਸਥਾ ਵਿਚ ਪੁੱਜੇ ਹੋਏ ਸਾਧੂ ਬਿਰਤੀ ਵਾਲੇ ਲੋਕਾਂ ਨੂੰ ਮੁਖਾਤਬ ਹੋ ਕੇ ਦੱਸਦੇ ਹਨ ਕਿ ਇਹ ਸਾਰਾ ਸੰਸਾਰ ਕਿਸੇ ਭਰਮ ਵਿਚ ਭੁੱਲਿਆ ਅਤੇ ਭਟਕਿਆ ਹੋਇਆ ਹੈ। ਹਰ ਕਿਸੇ ਨੇ ਪ੍ਰਭੂ ਦਾ ਨਾਮ-ਸਿਮਰਨ ਛੱਡ ਦਿੱਤਾ ਹੋਇਆ ਹੈ ਤੇ ਪਦਾਰਥ ਦੀ ਚਮਕ-ਦਮਕ ਦੇ ਹੱਥਾਂ ਵਿਚ ਥਾਂ-ਥਾਂ ਵਿਕ ਰਿਹਾ ਹਾਂ, ਅਰਥਾਤ ਜਦ ਅਸੀਂ ਸਖਤ ਮੁਸ਼ੱਕਤ ਕਰਕੇ ਧਨ-ਦੌਲਤ ਕਮਾਉਂਦੇ ਹਾਂ ਤੇ ਫਿਰ ਉਸ ਦੇ ਨਾਲ ਆਪਣੀ ਸ਼ੁਹਰਤ ਵਿਚ ਵਾਧਾ ਕਰਨ ਹਿਤ ਦਿਖਾਵੇ ਵਾਲੀਆਂ ਬੇਲੋੜੀਆਂ ਵਸਤਾਂ ਖਰੀਦਦੇ ਹਾਂ ਤਾਂ ਅਸਲ ਵਿਚ ਉਸ ਸਮੇਂ ਅਸੀਂ ਆਪ ਵਿਕ ਰਹੇ ਹੁੰਦੇ ਹਾਂ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਮਨੁਖ ਉਮਰ ਭਰ ਆਪਣੇ ਮਾਪਿਅ, ਭਾਈਆਂ ਤੇ ਧੀਆਂ-ਪੁੱਤਾਂ ਦੀ ਮੋਹ-ਮਮਤਾ ਵਿਚੋਂ ਹੀ ਸੁਖ ਭਾਲਦਾ ਰਹਿੰਦਾ ਹੈ ਤੇ ਇਨ੍ਹਾਂ ਰਿਸ਼ਤਿਆ ਦੇ ਮੋਹ ਵਿਚੋਂ ਬਾਹਰ ਹੀ ਨਹੀਂ ਆਉਂਦਾ। ਆਪਣੀ ਦੇਹੀ ਦੀ ਸੁੰਦਰਤਾ, ਧਨ-ਦੌਲਤ ਤੇ ਸ਼ੁਹਰਤ ਦੇ ਨਸ਼ੇ ਵਿਚ ਹੀ ਰਾਤ-ਦਿਨ ਮਸਤ ਹੋਇਆ ਰਹਿੰਦਾ ਹੈ।
ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਦੀਨ-ਦੁਖੀਆਂ ਪ੍ਰਤੀ ਦਇਆ ਭਾਵ ਰਖਣ ਵਾਲੇ ਤੇ ਹਮੇਸ਼ਾਂ ਦੁਖ ਦੂਰ ਕਰਨ ਵਾਲੇ ਪ੍ਰਭੂ ਨਾਲ ਕਦੇ ਵੀ ਮਨੁਖ ਮਨ ਨਹੀਂ ਲਾਉਂਦਾ, ਭਾਵ ਉਸ ਨੂੰ ਕਦੇ ਯਾਦ ਨਹੀਂ ਕਰਦਾ। ਕਰੋੜਾਂ ਲੋਕਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ, ਜਿਹੜਾ ਗੁਰਮੁਖ, ਅਰਥਾਤ ਗੁਰੂ ਦਾ ਮੁਰੀਦ ਹੋ ਕੇ ਉਸ ਪ੍ਰਭੂ ਨੂੰ ਪਛਾਣਦਾ, ਜਾਣਦਾ ਜਾਂ ਉਸ ਨਾਲ ਨਾਤਾ ਜੋੜਦਾ ਹੈ।