ਇਸ ਸ਼ਬਦ ਵਿਚ ਫੁੱਲ ਵਿਚਲੀ ਸੁਗੰਧੀ ਅਤੇ ਸ਼ੀਸ਼ੇ ਵਿਚਲੇ ਪਰਛਾਵੇਂ ਦੀਆਂ ਉਦਾਹਰਣਾਂ ਦੇ ਕੇ ਸਮਝਾਇਆ ਗਿਆ ਹੈ ਕਿ ਪ੍ਰਭੂ ਸਾਰਿਆਂ ਵਿਚ ਹੀ ਸਮਾਇਆ ਹੋਇਆ ਹੈ। ਇਸ ਲਈ ਉਸ ਨੂੰ ਕਿਤੇ ਬਾਹਰ ਲੱਭਣ ਜਾਣ ਦੀ ਲੋੜ ਨਹੀਂ ਹੈ।
ੴ ਸਤਿਗੁਰ ਪ੍ਰਸਾਦਿ ॥
ਧਨਾਸਰੀ ਮਹਲਾ ੯ ॥
ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥
-ਗੁਰੂ ਗ੍ਰੰਥ ਸਾਹਿਬ ੬੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਉਸ ਮਨੁਖ ਨੂੰ ਮੁਖਾਤਬ ਹੋਏ ਹਨ ਜਿਹੜਾ ਪ੍ਰਭੂ ਨੂੰ ਜੰਗਲ-ਬੀਆਬਾਨ ਵਿਚ ਲੱਭਣ ਬਾਰੇ ਸੋਚਦਾ ਹੈ। ਪਾਤਸ਼ਾਹ ਸਵਾਲ ਕਰਦੇ ਹਨ ਕਿ ਪ੍ਰਭੂ ਨੂੰ ਲੱਭਣ ਲਈ ਜੰਗਲ-ਬੀਆਬਾਨ ਵਿਚ ਕਿਉਂ ਜਾਣਾ ਹੈ?, ਜਦਕਿ ਸਦਾ ਨਿਰਲੇਪ ਰਹਿਣ ਵਾਲਾ ਪ੍ਰਭੂ ਅਸਲ ਵਿਚ ਹਰ ਥਾਂ ’ਤੇ ਨਿਵਾਸ ਕਰਦਾ ਹੈ। ਉਹ ਮਨੁਖ ਦੇ ਅੰਦਰ ਹੀ ਸਮਾਇਆ ਹੋਇਆ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਨੋਟ: ਕੋਈ ਹੈਰਾਨ ਹੋ ਸਕਦਾ ਹੈ ਕਿ ਜੇ ਪ੍ਰਭੂ ਨਿਰਲੇਪ ਹੈ ਤਾਂ ਉਹ ਹਰ ਥਾਂ ਕਿਵੇਂ ਨਿਵਾਸ ਰਖ ਸਕਦਾ ਹੈ। ਗਹਿਰਾਈ ਵਿਚ ਜਾ ਕੇ ਦੇਖਿਆ ਜਾਵੇ ਤਾਂ ਪ੍ਰਭੂ ਨਿਰਲੇਪ ਹੋਣ ਕਾਰਣ ਹੀ ਹਰ ਥਾਂ ਅਤੇ ਹਰ ਕਿਸੇ ਵਿਚ ਸਮਾ ਸਕਦਾ ਹੈ। ਕਿਸੇ ਇਕ ਨਾਲ ਲਿਪਟ ਜਾਣ ਵਾਲਾ ਹਰ ਕਿਸੇ ਵਿਚ ਨਹੀਂ ਸਮਾ ਸਕਦਾ।
ਜਿਵੇਂ ਫੁੱਲ ਅੰਦਰ ਸੁਗੰਧੀ ਵਸੀ ਹੁੰਦੀ ਹੈ ਅਤੇ ਸ਼ੀਸ਼ੇ ਵਿਚ ਪਰਛਾਵਾਂ ਹੁੰਦਾ ਹੈ। ਐਨ ਉਸੇ ਤਰ੍ਹਾ ਹਰੀ-ਪ੍ਰਭੂ ਲਗਾਤਾਰ ਹਰ ਥਾਂ ਵਸਦਾ ਹੈ, ਭਾਵ ਕੋਈ ਅਜਿਹੀ ਥਾਂ ਹੀ ਨਹੀਂ ਹੈ, ਜਿਥੇ ਉਹ ਨਾ ਵਸਦਾ ਹੋਵੇ। ਇਸ ਕਰਕੇ ਪਾਤਸ਼ਾਹ ਮਨੁਖ ਨੂੰ ਆਪਣੇ ਭਾਈ ਦੀ ਤਰ੍ਹਾਂ ਸਲਾਹ ਦਿੰਦੇ ਹਨ ਕਿ ਪ੍ਰਭੂ ਨੂੰ ਬਾਹਰ ਦੀ ਬਜਾਏ ਆਪਣੇ ਅੰਦਰ ਹੀ ਲੱਭਿਆ ਜਾਵੇ।
ਪ੍ਰਭੂ ਪ੍ਰਾਪਤੀ ਲਈ ਪਾਤਸ਼ਾਹ ਨੇ ਬਾਹਰ ਦੀ ਬਜਾਏ ਅੰਦਰ ਖੋਜਣ ’ਤੇ ਜ਼ੋਰ ਦਿੱਤਾ ਹੈ। ਇਸ ਕਰਕੇ ਪਾਤਸ਼ਾਹ ਦੱਸਦੇ ਹਨ ਕਿ ਗੁਰ-ਉਪਦੇਸ਼ ਅਨੁਸਾਰ ਸਾਡੇ ਅੰਦਰ ਅਤੇ ਬਾਹਰ, ਭਾਵ ਹਰ ਥਾਂ ਵਸਣ ਵਾਲਾ ਪ੍ਰਭੂ ਅਸਲ ਵਿਚ ਇਕ ਹੀ ਹੈ। ਪਰ ਇਹ ਅਗਿਆਨਤਾ ਦਾ ਭਰਮ ਜਾਲ ਆਪਣਾ ਮੂਲ ਪਛਾਣਨ ਤੋਂ ਬਗੈਰ ਮਿਟ ਨਹੀਂ ਸਕਦਾ।