ਗੁਰੂ ਗ੍ਰੰਥ ਸਾਹਿਬ ਵਿਚ ਬਾਰਹ ਮਾਹਾ, ਰੁਤੀ, ਥਿਤੀ, ਵਾਰ ਸਤ ਆਦਿ ਕਾਵਿ-ਰੂਪਾਂ ਵਾਂਗ ‘ਦਿਨ ਰੈਣਿ’ ਵੀ ਇਕ ਕਾਵਿ-ਰੂਪ ਹੈ। ਇਸ ਕਾਵਿ-ਰੂਪ ਦੇ ਅੰਤਰਗਤ ‘ਦਿਨ ਰੈਣਿ’ ਸਿਰਲੇਖ ਵਾਲਾ ਚਾਰ ਪਦਿਆਂ ਦਾ ਇਕ ਵਿਸ਼ੇਸ਼
ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਸ਼ਬਦ ਵਿਚ ਜੀਵਨ ਦੇ ਹਰ ਦਿਨ ਤੇ ਰਾਤ, ਭਾਵ ਸਮੁੱਚੇ ਸਮੇਂ ਨੂੰ ਪ੍ਰਭੂ ਦੀ ਸੇਵਾ, ਸਿਮਰਨ ਅਤੇ ਪ੍ਰੇਮਾ ਭਗਤੀ ਦੁਆਰਾ ਸਫਲ ਬਣਾਉਣ ਦਾ ਉਪਦੇਸ਼ ਕੀਤਾ ਗਿਆ ਹੈ।
ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ ॥
ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ ॥
ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥
ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ ॥
ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ ॥
ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ ॥
ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥
ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥
-ਗੁਰੂ ਗ੍ਰੰਥ ਸਾਹਿਬ ੧੩੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਗੁਰੂ ਅਰਜਨ ਸਾਹਿਬ ਦੱਸਦੇ ਹਨ ਕਿ ਸੱਚ ਨੂੰ ਪਰਣਾਏ ਹੋਏ ਸੰਤ ਲੋਕ ਸਦਾ ਹੀ ਉਸ ਪ੍ਰਭੂ ਦੀ ਯਾਦ ਵਿਚ ਰਹਿੰਦੇ ਹਨ, ਜਿਹੜਾ ਸਾਰੇ ਸੰਸਾਰ ਨੂੰ ਬਖਸ਼ਿਸ਼ਾਂ ਕਰਦਾ ਹੈ। ਕਿਉਂਕਿ ਪ੍ਰਭੂ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਤੇ ਜੋ ਕੁਝ ਵੀ ਕਿਸੇ ਕੋਲ ਹੈ, ਉਹ ਸਭ ਕੁਝ ਮਾਲਕ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਜਿਨ੍ਹਾਂ ਨੂੰ ਇਸ ਸਚਾਈ ਦਾ ਪਤਾ ਹੈ ਉਹੀ ਸੱਚੇ ਪੁਰਸ਼ ਹਨ ਤੇ ਉਨ੍ਹਾਂ ਨੂੰ ਹੀ ਸੰਤ ਕਿਹਾ ਜਾਂਦਾ ਹੈ। ਇਸ ਲਈ ਕਿਹਾ ਗਿਆ ਹੈ ਕਿ ਸੰਤ ਜਨ ਹਮੇਸ਼ਾ ਉਸ ਮਾਲਕ ਪ੍ਰਭੂ ਨੂੰ ਯਾਦ ਰਖਦੇ ਹਨ। ਕਿਉਂਕਿ ਪ੍ਰਭੂ ਬਖਸ਼ਿਸ਼ਾਂ ਕਰਨ ਵਾਲਾ ਹੈ। ਜੋ ਵੀ ਕਿਸੇ ਕੋਲ ਹੈ, ਸਭ ਕੁਝ ਉਸ ਦਾ ਹੀ ਬਖਸ਼ਿਆ ਹੋਇਆ ਹੈ।
ਪ੍ਰਭੂ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਵਿਚ ਜੀਵ-ਆਤਮਾ ਦੀ ਸਿਰਜਣਾ ਕੀਤੀ ਹੈ ਤੇ ਉਸ ਦੇ ਰਹਿਣ ਲਈ ਦੇਹੀ ਦਾ ਵੀ ਨਿਰਮਾਣ ਕੀਤਾ ਹੈ। ਉਸ ਨੇ ਹੀ ਮਨੁਖ ਨੂੰ ਇਹ ਜੀਵਨ ਬਖਸ਼ਿਸ਼ ਕੀਤਾ ਹੈ। ਮਨੁਖ ਦਾ ਸਿਰਜਕ ਪ੍ਰਭੂ ਹੈ ਤੇ ਉਸ ਦੀ ਇਹ ਸਿਰਜਣਾ ਹੀ ਉਸ ਦੀ ਮਹਾਨ ਬਖਸ਼ਿਸ਼ ਹੈ।
ਇਸ ਕਰਕੇ ਮਨੁਖ ਦਾ ਫਰਜ਼ ਹੈ ਕਿ ਗਿਆਨ ਰੂਪ ਪ੍ਰਕਾਸ਼ ਦੇ ਸੋਮੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਦਾਨ ਦੇਣ ਵਾਲੇ ਪ੍ਰਭੂ ਨੂੰ ਹਮੇਸ਼ਾ ਹੀ ਆਪਣੇ ਹਿਰਦੇ ਵਿਚ ਵਸਾਈ ਰਖੇ। ਇੰਨਾ ਹੀ ਨਹੀਂ, ਬਲਕਿ ਉਹ ਗਿਆਨ ਦੇ ਮੁਜੱਸਮੇ ਗੁਰੂ ਦਾ ਦਿੱਤਾ ਨਾਮ-ਰੂਪ ਪਵਿੱਤਰ ਉਪਦੇਸ਼ ਸਦਾ ਹੀ ਆਪਣੇ ਮਨ-ਚਿਤ ਵਿਚ ਵਸਾਈ ਰਖੇ। ਉਸ ਨੂੰ ਉਹ ਹਮੇਸ਼ਾ ਦੁਹਰਾਉਂਦਾ ਰਹੇ ਕਿ ਉਸ ਨੂੰ ਕਿਤੇ ਉਹ ਭੁੱਲ ਹੀ ਨਾ ਜਾਵੇ। ਗੁਰੂ ਦੀ ਸਿੱਖਿਆ ਹੀ ਹੈ, ਜੋ ਜੀਵਨ ਦਾਨ ਦੇਣ ਵਾਲੇ ਪ੍ਰਭੂ ਦੀ ਕਿਰਪਾ ਦਾ ਪਾਤਰ ਬਣਾਉਣ ਦੇ ਸਮਰੱਥ ਹੈ।
ਪ੍ਰਭੂ ਇੰਨਾ ਬੇਅੰਤ ਹੈ ਕਿ ਉਸ ਦੀ ਸਮਰੱਥਾ ਦਾ, ਉਸ ਦੇ ਗੁਣਾਂ ਦਾ ਕੋਈ ਅੰਤ ਹੀ ਨਹੀਂ ਹੈ। ਉਹ ਸਭ ਤੋਂ ਸਿਰਫ ਵਡਾ ਹੀ ਨਹੀਂ, ਬਲਕਿ ਸਭ ਕੁਝ ਉਹੀ ਹੈ ਤੇ ਉਸ ਦੇ ਬਗੈਰ ਹੋਰ ਕੁਝ ਵੀ ਨਹੀਂ ਹੈ। ਇਸ ਲਈ ਉਸ ਦਾ ਨਾ ਕੋਈ ਆਦਿ ਹੈ ਤੇ ਨਾ ਹੀ ਅੰਤ ਹੈ। ਪਰਮ-ਪ੍ਰਭੂ ਦੀ ਹਸਤੀ ਅਤੇ ਹੈਸੀਅਤ ਦੀ ਅਹਿਮੀਅਤ ਦੱਸੀ ਨਹੀਂ ਜਾ ਸਕਦੀ ਕਿਉਂਕਿ ਜਦ ਉਹ ਜਾਣੀ ਹੀ ਨਹੀਂ ਜਾ ਸਕਦੀ ਤਾਂ ਦੱਸੀ ਕਿਵੇਂ ਜਾ ਸਕਦੀ ਹੈ। ਉਹ ਹਰ ਮਨੁਖੀ ਅੰਦਾਜੇ ਤੋਂ ਬਾਹਰ ਹੈ।
ਜਿਸ ਕਿਸੇ ਸਾਧਕ ਜਨ ਦੇ ਮਨ ਵਿਚ ਨਰਾਇਣ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ ਜਾਂ ਜਿਹੜਾ ਸੱਜਣ ਕਣ-ਕਣ ਵਿਚ ਵਸਣ ਵਾਲੇ ਪ੍ਰਭੂ ਦਾ ਵਾਸਾ ਆਪਣੇ ਹਿਰਦੇ ਅੰਦਰ ਮਹਿਸੂਸ ਕਰ ਲੈਂਦਾ ਹੈ, ਉਹ ਵਡੇ ਭਾਗਾਂ ਵਾਲਾ ਬਣ ਜਾਂਦਾ ਹੈ। ਅਸਲ ਵਿਚ ਆਪਣੇ ਅੰਦਰ ਪ੍ਰਭੂ ਦੀ ਹੋਂਦ ਦਾ ਅਹਿਸਾਸ ਪ੍ਰਭੂ ਦੀ ਮਿਹਰ ਤੋਂ ਬਿਨਾਂ ਸੰਭਵ ਹੀ ਨਹੀਂ ਹੈ ਤੇ ਪ੍ਰਭੂ ਦੀ ਮਿਹਰ ਹੀ ਵਡੇ ਭਾਗ ਦੀ ਲਖਾਇਕ ਹੈ।
ਸਚਾਈ ਇਹ ਹੈ ਕਿ ਮਨੁਖ ਦੇ ਮਨ ਦੀ ਲੋਚਾ ਵੀ ਤਾਂ ਹੀ ਪੂਰੀ ਹੁੰਦੀ ਹੈ ਜੇ ਮਨ ਨੂੰ ਮਾਲਕ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਵੇ। ਇਹੀ ਮਨੁਖ ਦੀ ਦਿਲੀ ਤਾਂਘ ਹੁੰਦੀ ਹੈ ਕਿ ਉਸ ਮਿਹਰਬਾਨ ਪ੍ਰਭੂ ਜੋ ਮਨੁਖ ਨੂੰ ਜੀਵਨ ਪ੍ਰਦਾਨ ਕਰਨ ਵਾਲਾ ਹੈ, ਉਸ ਨਾਲ ਉਸ ਦਾ ਮਿਲਾਪ ਹੋ ਜਾਵੇ। ਸਜੱਗ ਮਨੁਖ ਲਈ ਇਸ ਤੋਂ ਵਡੀ ਖੁਸ਼ੀ ਦੀ ਗੱਲ ਹੋਰ ਕੋਈ ਨਹੀਂ ਹੋ ਸਕਦੀ।
ਫਿਰ ਗੁਰੂ ਅਰਜਨ ਸਾਹਿਬ ਦੱਸਦੇ ਹਨ ਕਿ ਉਹ ਤਾਂ ਪ੍ਰਭੂ ਹਰੀ ਦੇ ਸਿਮਰਨ ਸਦਕਾ ਹੀ ਜੀਅ ਰਹੇ ਹਨ ਜਾਂ ਉਨ੍ਹਾਂ ਦਾ ਜੀਵਨ ਪ੍ਰਭੂ ਦੇ ਸਿਮਰਨ ਸਦਕਾ ਹੀ ਬਤੀਤ ਹੋ ਰਿਹਾ ਹੈ। ਉਹ ਇੰਨੀ ਸਮਰੱਥਾ ਦਾ ਮਾਲਕ ਹੈ ਕਿ ਜਿਹੜਾ ਉਸ ਦਾ ਸਿਮਰਨ ਕਰਦਾ ਹੈ, ਉਸ ਦੇ ਸਾਰੇ ਦੋਸ਼/ਅਵਗੁਣ ਮਿਟ ਜਾਂਦੇ ਹਨ। ਉਹ ਇਕ ਮੁਕੰਮਲ ਇਨਸਾਨ ਬਣ ਜਾਂਦਾ ਹੈ। ਉਸ ਨੂੰ ਪੂਰਨ ਸੋਝੀ ਹੋ ਜਾਂਦੀ ਹੈ ਤੇ ਉਸ ਦੇ ਅੰਦਰੋਂ ਬੁਰੇ ਵਿਚਾਰ ਖਤਮ ਹੋ ਜਾਂਦੇ ਹਨ।
ਪਦੇ ਦੇ ਅਖੀਰ ਵਿਚ ਗੁਰੂ ਸਾਹਿਬ ਦੱਸਦੇ ਹਨ ਕਿ ਜਿਹੜੇ ਸੱਜਣ ਪੁਰਸ਼ ਨੂੰ ਦਿਨ-ਰਾਤ ਭਾਵ ਕਦੇ ਵੀ ਪ੍ਰਭੂ ਨਹੀਂ ਵਿਸਰਦਾ ਤੇ ਜਿਹੜਾ ਪਲ-ਪਲ ਉਸ ਨੂੰ ਆਪਣੇ ਅੰਦਰ ਮਹਿਸੂਸ ਕਰਦਾ ਹੈ, ਉਹ ਸੱਜਣ ਪੁਰਸ਼ ਦੇ ਜੀਵਨ ਵਿਚ ਕੋਈ ਕਮੀ ਨਹੀਂ ਰਹਿੰਦੀ। ਜਿਵੇਂ ਜਿਸ ਬਨਸਪਤੀ ਨੂੰ ਪਾਣੀ ਤੇ ਖੁਰਾਕੀ ਤੱਤ ਮਿਲਦੇ ਰਹਿਣ, ਉਹ ਸੋਕੇ ਦਾ ਸ਼ਿਕਾਰ ਨਹੀਂ ਹੁੰਦੀ। ਇਸੇ ਤਰਾਂ ਮਨੁਖ ਦੀ ਆਤਮਕ ਖੁਰਾਕ ਪ੍ਰਭੂ ਦੀ ਯਾਦ ਹੈ ਤੇ ਜਿਹੜਾ ਵੀ ਹਰ ਸਮੇਂ ਉਸ ਪ੍ਰਭੂ ਨੂੰ ਯਾਦ ਰਖਦਾ ਹੈ, ਉਸ ਦੇ ਜੀਵਨ ਵਿਚ ਵੀ ਸੋਕਾ ਨਹੀਂ ਆਉਂਦਾ ਤੇ ਹਮੇਸ਼ਾ ਹਰਿਆ ਭਰਿਆ, ਭਾਵ ਖਿੜਿਆ ਰਹਿੰਦਾ ਹੈ।