‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਆਸਾੜੁ ਭਲਾ ਸੂਰਜੁ ਗਗਨਿ ਤਪੈ ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥
-ਗੁਰੂ ਗ੍ਰੰਥ ਸਾਹਿਬ ੧੧੦੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪਾਤਸ਼ਾਹ ਦੱਸਦੇ ਹਨ ਕਿ ਆਸਾੜ੍ਹ, ਭਾਵ ਹਾੜ੍ਹ ਮਹੀਨੇ ਦੇ ਦੌਰਾਨ ਅਸਮਾਨ ਵਿਚ ਸੂਰਜ ਤਪਿਆ ਰਹਿੰਦਾ ਹੈ। ਇਹ ਮਹੀਨਾ ਵੀ ਭਲਾ ਹੀ ਹੈ, ਭਾਵ ਪ੍ਰਭੂ ਦੀ ਰਜ਼ਾ ਵਿਚ ਸਭ ਕੁਝ ਭਲਾ ਹੀ ਹੁੰਦਾ ਹੈ।
ਇਸ ਮਹੀਨੇ ਸੂਰਜ ਦਾ ਸੇਕ ਬਨਸਪਤੀ ਦਾ ਪਾਣੀ ਸੁਕਾ ਦਿੰਦਾ ਹੈ। ਇਸ ਨਾਲ ਸਾਰਾ ਵਾਤਾਵਰਣ ਧੂਣੀ ਵਾਂਗ ਧੁਖਣ ਲੱਗਦਾ ਹੈ, ਜੋ ਬੜਾ ਹੀ ਮਾਰੂ ਹੁੰਦਾ ਹੈ। ਫਿਰ ਵੀ ਸੂਰਜ ਤਪਦਾ ਹੀ ਰਹਿੰਦਾ ਹੈ ਤੇ ਹੁਕਮ ਅਧੀਨ ਆਪਣੇ ਇਸ ਕੰਮ ਤੋਂ ਬਾਜ ਨਹੀਂ ਆਉਂਦਾ।
(ਧਰਤੀ ਦੀਆਂ ਦੋ ਗਤੀਆਂ ਹਨ। ਇਕ ਉਹ ਆਪਣੀ ਧੁਰੀ ਦੁਆਲੇ ਘੁੰਮਦੀ ਹੈ, ਜਿਸ ਕਰਕੇ ਰਾਤ ਦਿਨ ਬਣਦੇ ਹਨ। ਦੂਜਾ ਉਹ ਸੂਰਜ ਦੁਆਲੇ ਚੱਕਰ ਕੱਟਦੀ ਹੈ, ਜਿਸ ਨਾਲ ਰੁੱਤਾਂ ਬਦਲਦੀਆਂ ਹਨ। ਧਰਤੀ ’ਤੇ ਰਹਿਣ ਵਾਲਿਆਂ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਜਿਵੇਂ ਸੂਰਜ ਹਰ ਰੋਜ਼ ਪੂਰਬ ਵਿਚੋਂ ਚੜ੍ਹ ਕੇ ਪੱਛਮ ਵਿਚ ਛੁਪ ਜਾਂਦਾ ਹੋਵੇ ਤੇ ਨਾਲ ਹੀ ਹਰ ਸਾਲ ਦੱਖਣ ਤੋਂ ਉੱਤਰ ਤੇ ਉੱਤਰ ਤੋਂ ਦੱਖਣ ਵੱਲ ਖਿਸਕਦਾ ਰਹਿੰਦਾ ਹੋਵੇ। ਸੂਰਜ ਦੀ ਇਸ ਗਤੀ ਨੂੰ ਘੁੰਮਦੇ ਫਿਰਦੇ ਰੱਥ ਦੀ ਤਸ਼ਬੀਹ ਦਿੱਤੀ ਗਈ ਹੈ, ਜੋ ਸਾਡੇ ਮੁਹਾਵਰੇ ਵਿਚੋਂ ਹੋ ਕੇ ਸਾਡੇ ਸਾਹਿਤ ਵਿਚ ਵੀ ਪ੍ਰਚਲਤ ਹੈ।)
ਪਾਤਸ਼ਾਹ ਦੱਸਦੇ ਹਨ ਕਿ ਅਸਮਾਨ ਵਿਚ ਤਪਦੇ ਸੂਰਜ ਦਾ ਰੱਥ ਦੌੜ ਰਿਹਾ ਹੈ। ਜਗਿਆਸੂ ਇਸ ਤਪਦੀ ਧੁੱਪ ਵਿਚ ਛਾਂ ਦੀ ਕਾਮਨਾ ਕਰਦਾ ਹੈ ਤੇ ਵਣਾਂ ਵਿਚ ਟਿੱਡੇ ਬੋਲਦੇ ਹਨ। ਮਾਨੋ ਸਾਰੇ ਜੀਵ-ਜੰਤੂ ਗਰਮੀ ਦੇ ਕਹਿਰ ਤੋਂ ਪਰੇਸ਼ਾਨ ਹੁੰਦੇ ਹਨ। ਇਥੇ ਬਾਰ ਦਾ ਅਰਥ ਵਾੜ ਵੀ ਹੋ ਸਕਦਾ ਹੈ, ਜੋ ਪੁਰਾਣੇ ਸਮੇਂ ਵਿਚ ਘਰਾਂ ਦੇ ਆਸ ਪਾਸ ਚਾਰ ਦੀਵਾਰੀ ਦੀ ਥਾਂ ਹੁੰਦੀ ਸੀ। ਇਸ ਵਾੜ ਵਿਚ ਬੋਲਦੇ ਟਿੱਡੇ ਹੀ ਛਾਂ ਦੀ ਕਾਮਨਾ ਕਰਦੀ ਹੋਈ ਇਸਤਰੀ ਦੇ ਦ੍ਰਿਸ਼ ਨੂੰ ਸਜੀਵ ਬਣਾਉਂਦੇ ਹਨ।
ਜਿਹੜੇ ਜਗਿਆਸੂ ਨੇ ਗੁਣਾਂ ਦੀ ਬਜਾਏ ਅਵਗੁਣ ਹੀ ਪੱਲੇ ਬੰਨ੍ਹੇ ਹਨ, ਉਸ ਨੂੰ ਦੁਖਾਂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਉਸ ਨੂੰ ਸੁਖ ਨਹੀਂ ਮਿਲਦੇ। ਸੁਖ ਤਾਂ ਉਸ ਨੂੰ ਹੀ ਮਿਲਦਾ ਹੈ, ਜਿਸ ਨੇ ਸੱਚ ਦਾ ਲੜ ਫੜਿਆ ਹੋਵੇ; ਭਾਵ ਸੱਚ ਧਾਰਣ ਕਰਨ ਨਾਲ ਮਨ ਵਿਚ ਧੀਰਜ ਅਤੇ ਸਬਰ-ਸੰਤੋਖ ਜਿਹੇ ਗੁਣ ਪੈਂਦਾ ਹੁੰਦੇ ਹਨ, ਜਿਨ੍ਹਾਂ ਸਦਕਾ ਸਮੇਂ ਦੀਆਂ ਮੁਸ਼ਕਲਾਂ ਪਰੇਸ਼ਾਨ ਨਹੀਂ ਕਰਦੀਆਂ।
ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਨੇ ਜਿਸ ਨੂੰ ਵੀ ਅਜਿਹੀ ਸੋਝੀ ਵਾਲਾ ਮਨ ਬਖਸ਼ਿਆ ਹੈ, ਜਿਹੜਾ ਅਵਗੁਣਾਂ ਦੀ ਬਜਾਏ ਗੁਣਾਂ ਦੀ ਸੰਭਾਲ ਕਰਦਾ ਹੈ ਤੇ ਸੱਚ ਦਾ ਪੱਲਾ ਨਹੀਂ ਛੱਡਦਾ, ਉਸ ਦਾ ਜੀਣ-ਮਰਨ, ਭਾਵ ਸੁਖ-ਦੁਖ ਵੀ ਪ੍ਰਭੂ ਦੇ ਹਵਾਲੇ ਹੋ ਜਾਂਦਾ ਹੈ। ਉਸ ਦਾ ਨਿੱਜੀ ਕੁਝ ਵੀ ਨਹੀਂ ਰਹਿੰਦਾ।