‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥
-ਗੁਰੂ ਗ੍ਰੰਥ ਸਾਹਿਬ ੧੧੦੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਖ-ਵਖ ਰੂਪਕਾਂ ਤੇ ਦ੍ਰਿਸ਼ਟਾਂਤਾਂ ਰਾਹੀਂ ਵਿਯੋਗੀ ਜਗਿਆਸੂ ਦੇ ਸੰਯੋਗ, ਭਾਵ ਪ੍ਰਭੂ-ਮਿਲਾਪ ਤਕ ਦੇ ਸਫਰ ਦਾ ਬਿਆਨ ਕਰਨ ਉਪਰੰਤ ਪਾਤਸ਼ਾਹ ਇਸ ਪਦੇ ਤੋਂ ਬਾਰਾਂ ਮਹੀਨਿਆਂ ਦਾ ਸਿਲਸਿਲੇਵਾਰ ਵਰਣਨ ਅਰੰਭ ਕਰਦੇ ਹਨ। ਇਹ ਅਰੰਭ ਪਾਤਸ਼ਾਹ ਚੇਤ ਮਹੀਨੇ ਤੋਂ ਕਰਦੇ ਹਨ, ਜਦ ਬਸੰਤ ਰੁੱਤ ਦਾ ਉਤਾਰਾ ਹੁੰਦਾ ਹੈ ਤੇ ਹਰ ਪਾਸੇ ਭਾਂਤ-ਭਾਂਤ ਦੇ ਰੰਗਾਂ ਵਾਲੇ ਫੁੱਲ ਖਿੜੇ ਹੁੰਦੇ ਹਨ। ਪਾਤਸ਼ਾਹ ਦੱਸਦੇ ਹਨ ਕਿ ਚੇਤ ਮਹੀਨਾ ਬੜਾ ਹੀ ਰਮਣੀਕ ਹੈ ਤੇ ਹਰ ਪਾਸੇ ਮੰਡਰਾਉਂਦੇ ਹੋਏ ਭੌਰੇ ਬੇਹੱਦ ਸੋਹਣੇ ਲੱਗ ਰਹੇ ਹਨ।
ਇਨ੍ਹਾਂ ਦਿਨਾਂ ਵਿਚ ਬਾਰਾਂ ਵਿਚ ਬਨਸਪਤੀ ਆਪਣੇ ਭਰ ਜੋਬਨ ’ਤੇ ਆਈ ਹੁੰਦੀ ਹੈ। ਅਜਿਹੇ ਪਿਆਰੇ ਵਾਤਾਵਰਣ ਵਿਚ ਦਿਲ ਆਪਣੇ ਪਿਆਰੇ ਦੇ ਮਿਲਾਪ ਲਈ ਤਾਂਘਦਾ ਹੈ ਕਿ ਉਹ ਕਿਸੇ ਤਰ੍ਹਾਂ ਘਰ ਆ ਜਾਵੇ, ਭਾਵ ਹਿਰਦੇ ਵਿਚ ਆ ਵਸੇ।
ਅਜਿਹੇ ਵਾਤਾਵਰਣ ਵਿਚ ਜੇ ਕਿਸੇ ਦਾ ਪਿਆਰਾ ਘਰੇ ਨਾ ਆਵੇ ਤਾਂ ਉਹ ਜਗਿਆਸੂ ਮਨ ਕਿਵੇਂ ਤ੍ਰਿਪਤ ਹੋ ਸਕਦਾ ਹੈ? ਇਸ ਹਾਲਤ ਵਿਚ ਵਿਛੋੜੇ ਦੇ ਸੱਲ ਦਾ ਮੁਕਾਬਲਾ ਕਰਦਿਆਂ ਤਨ ਸਮਰੱਥਾਹੀਣ ਹੋ ਕੇ ਟੁੱਟ ਜਾਂਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਬੇਸ਼ੱਕ ਇਸ ਰੁੱਤ ਵਿਚ ਅੰਬ ਦੇ ਬੂਟੇ ਉੱਤੇ ਮਿੱਠੇ ਬੋਲ ਬੋਲਦੀ ਹੋਈ ਕੋਇਲ ਦਿਲ ਨੂੰ ਖਿੱਚ ਪਾਉਂਦੀ ਹੈ। ਪਰ ਉਸ ਦੇ ਇਹ ਮਿੱਠੇ ਬੋਲ ਵੀ ਜਗਿਆਸੂ ਦੇ ਵਿਛੋੜੇ ਦੇ ਦੁਖ ਨੂੰ ਏਨਾ ਤਿੱਖਾ ਕਰ ਦਿੰਦੇ ਹਨ ਕਿ ਪਿਆਰ ਲਈ ਤਰਸਦੇ ਉਸ ਦੇ ਹਿਰਦੇ ਲਈ ਵਿਛੋੜੇ ਦਾ ਦੁਖ ਸਹਿਣਾ ਮੁਸ਼ਕਲ ਹੋ ਜਾਂਦਾ ਹੈ।
ਫੁੱਲਾਂ ਨਾਲ ਲੱਦੀਆਂ ਹੋਈਆਂ ਸ਼ਾਖਾਵਾਂ ਉੱਤੇ ਮੰਡਰਾਉਂਦੇ ਹੋਏ ਭੌਰੇ ਦੇਖ ਕੇ ਜਗਿਆਸੂ ਦੇ ਮਨ ਵਿਚ ਵਿਛੋੜੇ ਦਾ ਅਹਿਸਾਸ ਏਨਾ ਅਸਹਿ ਹੋ ਜਾਂਦਾ ਹੈ ਕਿ ਉਹ ਆਪਣੀ ਮਾਂ ਨੂੰ ਯਾਦ ਕਰਕੇ ਉਸ ਨੂੰ ਆਪਣਾ ਦੁਖ ਦੱਸਦਾ ਹੈ ਕਿ ਹੁਣ ਉਹ ਕਿਵੇਂ ਜੀਵੇ, ਜਦਕਿ ਉਸ ਦਾ ਜੀਣਾ ਹੀ ਮਰਨ ਸਮਾਨ ਹੋਇਆ ਪਿਆ ਹੈ।
ਪਦੇ ਦੇ ਅਖੀਰ ਵਿਚ ਚੇਤ ਮਹੀਨੇ ਦੁਆਰਾ ਪਾਤਸ਼ਾਹ ਉਪਦੇਸ਼ ਕਰਦੇ ਹਨ ਕਿ ਜੇਕਰ ਜਗਿਆਸੂ ਮਨ ਆਪਣੇ ਹਿਰਦੇ ਵਿਚ ਵਸਦੇ ਮਾਲਕ-ਪ੍ਰਭੂ ਨੂੰ ਅਨੁਭਵ ਕਰ ਲਵੇ ਤਾਂ ਉਹ ਆਤਮਕ-ਗਿਆਨ ਵਾਲੀ ਸਹਿਜ ਅਵਸਥਾ ਵਿਚ ਟਿਕ ਕੇ ਪ੍ਰਭੂ-ਮਿਲਾਪ ਦੇ ਸਦੀਵੀ ਸੁਖ ਨੂੰ ਮਾਣ ਸਕਦਾ ਹੈ।