‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥
ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥
ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ ॥
ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ ॥
ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥
ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥੪॥
-ਗੁਰੂ ਗ੍ਰੰਥ ਸਾਹਿਬ ੧੧੦੭-੧੧੦੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪਾਤਸ਼ਾਹ ਜਗਿਆਸੂ ਮਨ ਦੀ ਅਵਸਥਾ ਬਿਆਨ ਕਰਦੇ ਹਨ ਕਿ ਹਰੀ-ਪ੍ਰਭੂ ਨਾਲ ਮਿਲਾਪ ਸਦਕਾ, ਉਸ ਦੇ ਹਿਰਦੇ ਅੰਦਰ ਅਮਰ ਕਰ ਦੇਣ ਵਾਲੀ ਮਿੱਠੀ ਤੇ ਸੁਖਦਾਈ ਬਾਣੀ ਦੀ ਧਾਰਾ ਵਹਿ ਰਹੀ ਹੈ। ਇਸ ਨਾਲ ਮਨ ਦਾ ਵਾਤਾਵਰਣ ਬੜਾ ਹੀ ਰਮਣੀਕ ਅਤੇ ਰਸ-ਭਿੰਨਾ ਹੋ ਗਿਆ ਹੈ।
ਪਾਤਸ਼ਾਹ ਦੱਸਦੇ ਹਨ ਕਿ ਹਰੀ-ਪ੍ਰਭੂ ਦਾ ਮਿਲਾਪ ਕਿਸੇ ਉਚੇਚ ਦੀ ਬਜਾਏ ਬੜੇ ਹੀ ਸਹਿਜ ਅਤੇ ਸੁਭਾਵਕ ਰੂਪ ਵਿਚ ਹੋਇਆ ਹੈ। ਜਿਸ ਸਦਕਾ ਹਰੀ-ਪ੍ਰਭੂ ਨਾਲ ਪਿਆਰ ਭਰਿਆ ਰਿਸ਼ਤਾ ਵੀ ਸਥਾਪਤ ਹੋ ਗਿਆ ਹੈ।
ਜਦ ਜਗਿਆਸੂ ਮਨ ਸੁਚੇਤ ਹੋ ਕੇ ਪ੍ਰਭੂ ਦੀਆਂ ਸਿਫਤਾਂ ਦਾ ਸਿਮਰਨ ਕਰਦਾ ਹੈ, ਭਾਵ ਉਸ ਦੇ ਗੁਣਾਂ ਨੂੰ ਧਾਰਣ ਕਰਦਾ ਹੈ ਤਾਂ ਉਹ ਪ੍ਰਭੂ ਦੀ ਨਜ਼ਰ ਵਿਚ ਪਰਵਾਨ ਹੋ ਜਾਂਦਾ ਹੈ। ਫਿਰ ਹਰੀ-ਪ੍ਰਭੂ ਉਸ ਦੇ ਮੰਦਰ ਜਿਹੇ ਪਵਿੱਤਰ ਹਿਰਦੇ ਅੰਦਰ ਆ ਵਸਦਾ ਹੈ।
ਫਿਰ ਪਾਤਸ਼ਾਹ ਉਸ ਜਗਿਆਸੂ ਦੀ ਗੱਲ ਕਰਦੇ ਹਨ, ਜਿਹੜਾ ਪ੍ਰਭੂ ਨੂੰ ਕਦੇ ਯਾਦ ਨਹੀਂ ਕਰਦਾ। ਜਦ ਉਹ ਹਰ ਪਾਸੇ ਚੰਗੇ ਗੁਣਾਂ ਦੀਆਂ ਮਾਲਕ ਰੂਹਾਂ ਨੂੰ ਦੇਖਦਾ ਹੈ, ਜਿਹੜੀਆਂ ਪ੍ਰਭੂ ਦੇ ਮਿਲਾਪ ਦਾ ਸੁਖ ਮਾਣਦੀਆਂ ਹਨ ਤਾਂ ਉਸ ਦੇ ਮਨ ਵਿਚ ਝੁਰੇਵਾਂ ਪੈਦਾ ਹੁੰਦਾ ਹੈ ਕਿ ਪ੍ਰਭੂ ਨੇ ਮੈਂਨੂੰ ਕਿਉਂ ਭੁਲਾ ਦਿੱਤਾ ਹੈ? ਉਹ ਸੋਚਦਾ ਹੈ ਕਿ ਉਸ ਨੇ ਪ੍ਰਭੂ ਨੂੰ ਕਦੇ ਯਾਦ ਕਿਉਂ ਨਾ ਕੀਤਾ, ਜੇਕਰ ਕੀਤਾ ਹੁੰਦਾ ਤਾਂ ਉਹ ਵੀ ਪ੍ਰਭੂ-ਮਿਲਾਪ ਦਾ ਸੁਖ ਮਾਣਦਾ।
ਫਿਰ ਉਹ ਜਗਿਆਸੂ ਅਰਦਾਸ ਕਰਦਾ ਹੈ ਕਿ ਹੇ ਪ੍ਰਭੂ ਮੇਰੇ ’ਤੇ ਵੀ ਆਪਣੇ ਮਿਲਾਪ ਦੇ ਸੁਖ ਦਾ ਮੀਂਹ ਇਸ ਤਰ੍ਹਾਂ ਬਰਸਾ, ਜਿਸ ਤਰ੍ਹਾਂ ਚੜ੍ਹ ਕੇ ਆਏ ਹੋਏ ਘਨਘੋਰ ਬੱਦਲ ਧਰਤੀ ਦੀ ਹਿੱਕ ਉੱਤੇ ਸਹਿਜ-ਸੁਭਾਅ ਵਰ ਜਾਂਦੇ ਹਨ। ਜਗਿਆਸੂ ਦੇ ਤਨ-ਮਨ ਨੂੰ ਅਜਿਹਾ ਪ੍ਰੇਮ ਹੀ ਸੁਖ ਦਿੰਦਾ ਹੈ।
ਪਦੇ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਪਿਆਰਾ ਮਿਹਰਵਾਨ ਹੋ ਕੇ ਜਿਸ ਵੀ ਹਿਰਦੇ ਅੰਦਰ ਆ ਵਸਦਾ ਹੈ, ਉਸ ਅੰਦਰ ਅਮਰ ਕਰ ਦੇਣ ਵਾਲੀ ਮਿੱਠੀ ਤੇ ਸੁਖਦਾਈ ਬਾਣੀ ਦੀ ਧਾਰਾ ਦਾ ਪ੍ਰਵਾਹ ਨਿਰੰਤਰ ਚਲਦਾ ਰਹਿੰਦਾ ਹੈ।