Guru Granth Sahib Logo
  
‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਤੂ ਸੁਣਿ  ਹਰਿ ਰਸ ਭਿੰਨੇ  ਪ੍ਰੀਤਮ ਆਪਣੇ
ਮਨਿ ਤਨਿ ਰਵਤ ਰਵੰਨੇ   ਘੜੀ ਬੀਸਰੈ
ਕਿਉ ਘੜੀ ਬਿਸਾਰੀ  ਹਉ ਬਲਿਹਾਰੀ   ਹਉ ਜੀਵਾ ਗੁਣ ਗਾਏ
ਨਾ ਕੋਈ ਮੇਰਾ  ਹਉ ਕਿਸੁ ਕੇਰਾ   ਹਰਿ ਬਿਨੁ ਰਹਣੁ ਜਾਏ
ਓਟ ਗਹੀ  ਹਰਿ ਚਰਣ ਨਿਵਾਸੇ   ਭਏ ਪਵਿਤ੍ਰ ਸਰੀਰਾ
ਨਾਨਕ  ਦ੍ਰਿਸਟਿ ਦੀਰਘ  ਸੁਖੁ ਪਾਵੈ   ਗੁਰ ਸਬਦੀ ਮਨੁ ਧੀਰਾ ॥੩॥
-ਗੁਰੂ ਗ੍ਰੰਥ ਸਾਹਿਬ ੧੧੦੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਜਗਿਆਸੂ ਆਪਣੇ ਰਸ ਭਿੰਨੇ ਪ੍ਰੀਤਮ ਪਿਆਰੇ ਹਰੀ-ਪ੍ਰਭੂ ਨੂੰ ਬੇਨਤੀ ਕਰਦਾ ਹੈ ਕਿ ਉਹ ਉਸ ਦੀ ਅਰਜੋਈ ਸੁਣੇ। ਕਿਉਂਕਿ ਉਹ ਉਸ ਦੇ ਮਨ ਅਤੇ ਤਨ ਵਿਚ ਇਸ ਤਰ੍ਹਾਂ ਵਸ ਤੇ ਰਸ ਚੁੱਕਾ ਹੈ ਕਿ ਹੁਣ ਉਹ ਥੋੜੇ ਜਿਹੇ ਸਮੇਂ ਲਈ ਵੀ ਨਹੀਂ ਭੁੱਲਦਾ, ਭਾਵ ਦਿਲ ਹਮੇਸ਼ਾ ਉਸ ਦੀ ਯਾਦ ਵਿਚ ਹੀ ਜੁੜਿਆ ਰਹਿੰਦਾ ਹੈ।

ਫਿਰ ਉਹ ਜਗਿਆਸੂ ਦੱਸਦਾ ਹੈ ਕਿ ਉਹ ਉਸ ਪ੍ਰਭੂ ਪਿਆਰੇ ਨੂੰ ਭੁੱਲ ਕਿਵੇਂ ਸਕਦਾ ਹੈ? ਜਦ ਕਿ ਪ੍ਰਭੂ ਦੇ ਲਈ ਉਸ ਨੇ ਆਪਣੀ ਹਸਤੀ ਹੀ ਮੇਟ ਦਿੱਤੀ ਹੋਈ ਹੈ। ਉਹ ਹੁਣ ਉਸ ਦੀਆਂ ਸਿਫਤਾਂ ਕਰ-ਕਰ ਕੇ ਹੀ ਆਪਣਾ ਸਮਾਂ ਬਤੀਤ ਕਰਦਾ ਹੈ, ਭਾਵ ਉਸ ਦੇ ਸਿਮਰਨ ਬਿਨਾਂ ਉਸ ਦਾ ਜੀਣਾ ਮੁਸ਼ਕਲ ਹੈ।

ਉਹ ਹੁਣ ਪਿਆਰੇ ਹਰੀ-ਪ੍ਰਭੂ ਦੇ ਬਿਨਾਂ ਜਿਉਂ ਹੀ ਨਹੀਂ ਸਕਦਾ। ਹੁਣ ਉਸ ਪ੍ਰੀਤਮ-ਪ੍ਰਭੂ ਦੇ ਬਿਨਾਂ ਕੋਈ ਉਸ ਦਾ ਪਿਆਰਾ ਨਹੀਂ ਹੈ ਤੇ ਨਾ ਹੀ ਉਹ ਕਿਸੇ ਹੋਰ ਦਾ ਪਿਆਰ ਆਪਣੇ ਹਿਰਦੇ ਵਿਚ ਵਸਾ ਸਕਦਾ ਹੈ, ਭਾਵ ਉਸ ਦਾ ਜੀਣਾ ਪ੍ਰਭੂ ਪਿਆਰੇ ’ਤੇ ਹੀ ਨਿਰਭਰ ਕਰਦਾ ਹੈ।

ਫਿਰ ਜਗਿਆਸੂ ਦੱਸਦਾ ਹੈ ਕਿ ਜਦ ਤੋਂ ਉਹ ਆਪਣੇ ਪਿਆਰੇ ਪ੍ਰਭੂ ਦੀ ਸ਼ਰਣ ਵਿਚ ਗਿਆ ਹੈ, ਭਾਵ ਉਸ ਦੇ ਦੱਸੇ ਮਾਰਗ ਨੂੰ ਅਪਣਾ ਲਿਆ ਹੈ, ਉਦੋਂ ਤੋਂ ਉਸ ਦਾ ਸਰੀਰ ਪਵਿੱਤਰ ਹੋ ਗਿਆ ਹੈ, ਜਿਵੇਂ ਉਸ ਦੇ ਸਾਰੇ ਦੋਸ਼ ਮਿਟ ਗਏ ਹੋਣ ਤੇ ਦੁਖ ਦੂਰ ਹੋ ਗਏ ਹੋਣ।

ਅਖੀਰ ਵਿਚ ਪਾਤਸ਼ਾਹ ਜਗਿਆਸੂ ਦੀ ਅਵਸਥਾ ਬਿਆਨ ਕਰਦੇ ਹਨ ਕਿ ਪ੍ਰਭੂ ਦੀ ਸ਼ਰਣ ਵਿਚ ਆਉਣ ਨਾਲ ਉਸ ਦੀ ਸਮਝ ਵਿਸ਼ਾਲ ਹੋ ਗਈ ਹੈ, ਜਿਸ ਨਾਲ ਉਸ ਨੂੰ ਸੁਖ ਮਹਿਸੂਸ ਹੋ ਰਿਹਾ ਹੈ। ਇਸ ਦੇ ਇਲਾਵਾ ਹੁਣ ਗੁਰੂ ਦੀ ਸਿੱਖਿਆ ਨਾਲ ਉਸ ਦਾ ਤੌਖਲਾ ਮਿਟ ਗਿਆ ਹੈ ਤੇ ਮਨ ਧੀਰਜਵਾਨ, ਭਾਵ ਸ਼ਾਂਤ ਹੋ ਗਿਆ ਹੈ।
Tags