‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥
ਸਾਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥
ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥
ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥
ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ ॥
ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥
-ਗੁਰੂ ਗ੍ਰੰਥ ਸਾਹਿਬ ੧੧੦੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪਾਤਸ਼ਾਹ ਆਤਮਾ ਤੇ ਪਰਮਾਤਮਾ ਦੇ ਪਿਆਰ ਨੂੰ ਕੋਇਲ ਅਤੇ ਬਬੀਹੇ ਦੇ ਰੂਪਕ ਵਿਚ ਪੇਸ਼ ਕਰਦੇ ਹਨ। ਜਿਵੇਂ ਸੁਹਾਵਣੀ ਰੁੱਤੇ ਪਪੀਹਾ ਪ੍ਰੀਤ ਵਸ ਹੋਇਆ ਪੀਉ-ਪੀਉ ਬੋਲਦਾ ਅਤੇ ਕੋਇਲ ਆਪਣੀ ਮਿੱਠੀ ਅਵਾਜ਼ ਵਿਚ ਆਪਣੇ ਪਿਆਰੇ ਨੂੰ ਯਾਦ ਕਰਦੀ ਸੋਹਣੀ ਲੱਗਦੀ ਹੈ, ਉਸੇ ਤਰ੍ਹਾਂ ਇਕ ਜਗਿਆਸੂ ਪ੍ਰਭੂ ਨਾਲ ਜੁੜ ਕੇ ਸੋਭਨੀਕ ਹੁੰਦਾ ਤੇ ਸਾਰੇ ਆਤਮਕ ਰਸ ਮਾਣਦਾ ਹੈ।
ਜਿਹੜਾ ਜਗਿਆਸੂ ਪ੍ਰਭੂ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ ਜਾਂ ਉਸ ਨੂੰ ਆਪਣੇ ਹਿਰਦੇ ਵਿਚ ਵਸਾਈ ਰਖਦਾ ਹੈ, ਉਹੀ ਪ੍ਰਭੂ ਨੂੰ ਭਾਉਂਦਾ ਹੈ। ਉਸ ਦੀ ਝੋਲੀ ਵਿਚ ਸਾਰੇ ਹੀ ਰਸੀਲੇ ਸੁਖ ਆ ਡਿਗਦੇ ਹਨ, ਭਾਵ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ।
ਫਿਰ ਪਾਤਸ਼ਾਹ ਵਿਆਹੀ ਇਸਤਰੀ ਦੇ ਰੂਪਕ ਵਿਚ ਦੱਸਦੇ ਹਨ ਕਿ ਸਿਰਫ ਵਿਆਹੇ ਜਾਣ ਨਾਲ ਹੀ ਇਸਤਰੀ ਸੁਹਾਗਣ ਨਹੀਂ ਹੋ ਜਾਂਦੀ। ਬਲਕਿ ਜਦ ਉਹ ਪ੍ਰੇਮ-ਭਾਵ ਸਦਕਾ ਆਪਣੇ ਪਤੀ ਦੇ ਮਨ ਨੂੰ ਮੋਹ ਲੈਂਦੀ ਹੈ ਤੇ ਉਸ ਦੀ ਹਸਤੀ ਦਾ ਹਿੱਸਾ ਹੋ ਜਾਂਦੀ ਹੈ ਤਾਂ ਹੀ ਉਹ ਸੁਹਾਗਣ ਹੁੰਦੀ ਹੈ। ਇਸੇ ਤਰ੍ਹਾਂ ਹੀ ਮਨੁਖ ਦੀ ਆਤਮਾ ਤੇ ਪਰਮਾਤਮਾ ਦੇ ਰਿਸ਼ਤੇ ਨੂੰ ਸਮਝਣਾ ਚਾਹੀਦਾ ਹੈ ਕਿ ਪ੍ਰੇਮ-ਭਾਵ ਤੇ ਸ਼ੁਭ ਅਮਲ ਸਦਕਾ ਹੀ ਕੋਈ ਮਨੁਖ ਗੁਰਮੁਖ ਹੁੰਦਾ ਹੈ।
ਪ੍ਰਭੂ ਨੇ ਮਨੁਖ ਦੀ ਦੇਹੀ ਦੀਆਂ ਇੰਦਰੀਆਂ ਦੇ ਰੂਪ ਵਿਚ ਨੌ ਮੰਜ਼ਲਾਂ ਦੀ ਇਮਾਰਤ ਦਾ ਨਿਰਮਾਣ ਕਰਕੇ ਆਪਣਾ ਨਿਵਾਸ ਇਸ ਤੋਂ ਵੀ ਉਪਰ ਵਾਲੇ ਘਰ ਵਿਚ ਰਖਿਆ ਹੈ। ਚੰਗੇ ਗੁਣਾਂ ਵਾਲੀ ਆਤਮਾ, ਪ੍ਰਭੂ ਦੇ ਇਸ ਘਰ ਵਿਚ ਵਸ ਰਸ ਜਾਂਦੀ ਹੈ। ਭਾਵ, ਆਤਮਾ ਆਪਣੇ ਗੁਣਾਂ ਸਦਕਾ ਪਰਮਾਤਮਾ ਦੇ ਘਰ ਜਾ ਵਸਦੀ ਹੈ ਤੇ ਉਸ ਦਾ ਪਿਆਰ ਪ੍ਰਾਪਤ ਕਰ ਲੈਂਦੀ ਹੈ।
ਫਿਰ ਉਹ ਆਤਮਾ ਸਮੁੱਚੇ ਰੂਪ ਵਿਚ ਉਸ ਪਰਮਾਤਮ ਪ੍ਰਭੂ ਦੀ ਹੀ ਹੋ ਜਾਂਦੀ ਹੈ ਤੇ ਪ੍ਰਭੂ ਨੂੰ ਆਪਣਾ ਪਿਆਰਾ ਜਾਣ ਕੇ ਰਾਤ-ਦਿਨ ਅਨੰਦ ਮਾਣਦੀ ਹੈ, ਭਾਵ ਪ੍ਰਭੂ ਨਾਲ ਅਭੇਦ ਹੋ ਕੇ ਸਦੀਵੀ ਸੁਖ ਮਾਣਦੀ ਹੈ।
ਪਦੇ ਦੇ ਅੰਤ ਵਿਚ ਪਾਤਸ਼ਾਹ ਫਿਰ ਕੋਇਲ ਅਤੇ ਬਬੀਹੇ ਰੂਪਕ ਰਾਹੀਂ ਦੱਸਦੇ ਹਨ ਕਿ ਜਿਵੇਂ ਸੁਹਾਵਣੀ ਰੁੱਤੇ ਪਪੀਹਾ ਪ੍ਰੀਤ ਵਸ ਹੋਇਆ ਪੀਉ-ਪੀਉ ਬੋਲਦਾ ਅਤੇ ਕੋਇਲ ਆਪਣੀ ਮਿੱਠੀ ਅਵਾਜ਼ ਵਿਚ ਆਪਣੇ ਪਿਆਰੇ ਨੂੰ ਯਾਦ ਕਰਦੀ ਸੋਹਣੀ ਲੱਗਦੀ ਹੈ, ਉਸੇ ਤਰ੍ਹਾਂ ਇਕ ਜਗਿਆਸੂ ਪ੍ਰਭੂ ਨਾਲ ਜੁੜ ਕੇ ਹੀ ਸੋਭਨੀਕ ਹੁੰਦਾ ਹੈ ਅਤੇ ਸਾਰੇ ਆਤਮਕ ਰਸ ਮਾਣਦਾ ਹੈ।