Guru Granth Sahib Logo
  
‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਤੁਖਾਰੀ  ਛੰਤ  ਮਹਲਾ ੧  ਬਾਰਹ ਮਾਹਾ
ਸਤਿਗੁਰ ਪ੍ਰਸਾਦਿ

ਤੂ ਸੁਣਿ  ਕਿਰਤ ਕਰੰਮਾ   ਪੁਰਬਿ ਕਮਾਇਆ
ਸਿਰਿ ਸਿਰਿ ਸੁਖ ਸਹੰਮਾ   ਦੇਹਿ ਸੁ ਤੂ ਭਲਾ
ਹਰਿ ਰਚਨਾ ਤੇਰੀ  ਕਿਆ ਗਤਿ ਮੇਰੀ   ਹਰਿ ਬਿਨੁ ਘੜੀ ਜੀਵਾ
ਪ੍ਰਿਅ ਬਾਝੁ ਦੁਹੇਲੀ  ਕੋਇ ਬੇਲੀ   ਗੁਰਮੁਖਿ ਅੰਮ੍ਰਿਤੁ ਪੀਵਾਂ
ਰਚਨਾ ਰਾਚਿ ਰਹੇ ਨਿਰੰਕਾਰੀ   ਪ੍ਰਭ ਮਨਿ ਕਰਮ ਸੁਕਰਮਾ
ਨਾਨਕ  ਪੰਥੁ ਨਿਹਾਲੇ ਸਾਧਨ   ਤੂ ਸੁਣਿ ਆਤਮ ਰਾਮਾ ॥੧॥
-ਗੁਰੂ ਗ੍ਰੰਥ ਸਾਹਿਬ ੧੧੦੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨੋਟ: ਭਾਰਤੀ ਪਰੰਪਰਾ ਵਿਚ ਸਮੇਂ ਦੀ ਸਭ ਤੋਂ ਛੋਟੀ ਇਕਾਈ ਨਿਮਖ ਹੈ, ਜਿਸ ਦਾ ਅਰਥ ਅੱਖ ਦੀ ਪਲਕ ਦਾ ਹੇਠਾਂ ਆਉਣ ਵਿਚ ਲੱਗਿਆ ਸਮਾਂ ਹੈ। ਇਸ ਨੂੰ ਅੱਖ ਦਾ ਫੋਰ ਵੀ ਕਹਿੰਦੇ ਹਨ। ਨਿਮਖ ਨੂੰ ਅਧਾਰ ਮੰਨ ਕੇ ਅੱਗੇ ਪਲ, ਚਸੇ, ਮਹੂਰਤ, ਘੜੀਆਂ ਅਤੇ ਪਹਿਰ ਬਣੇ ਹਨ। ਚੰਦਰਮਾਂ ਦੇ ਵਧਣ ਘਟਣ ਨਾਲ ਤਿੱਥਾਂ, ਵਦੀਆਂ, ਸੁਦੀਆਂ ਅਤੇ ਮਹੀਨੇ ਬਣੇ ਹਨ। ਮਾਹ ਜਾਂ ਮਹੀਨਾ ਅਤੇ ਅੰਗਰੇਜੀ ਦੇ ਸ਼ਬਦ ਮੰਥ (month) ਦਾ ਸੰਬੰਧ ਚੰਦਰਮਾ (moon) ਨਾਲ ਹੈ। ਇਸੇ ਤਰ੍ਹਾਂ ਰਾਤ-ਦਿਨ ਦਾ ਸੰਬੰਧ ਸੂਰਜ ਨਾਲ ਹੈ ਤੇ ਇਸ ਦੇ ਨਾਲ ਹੀ ਰੁੱਤਾਂ ਅਤੇ ਸਾਲ ਜਾ ਜੁੜਦੇ ਹਨ। ਸਾਲ ਸ਼ਬਦ ਦਾ ਸੰਬੰਧ ਵੀ ਘੁੰਮ-ਫਿਰ ਕੇ ਸੂਰਜ ਨਾਲ ਹੀ ਹੈ। ਵਰਸ਼ ਅਤੇ ਵਰ੍ਹੇ ਦਾ ਸੰਬੰਧ ਬੱਦਲਾਂ ਦੇ ਵਰ੍ਹਨ ਨਾਲ ਹੈ। ਕਿਸੇ ਵੇਲੇ ਇਕ ਵਰਖਾ ਰੁੱਤ ਤੋਂ ਦੂਜੀ ਵਰਖਾ ਰੁੱਤ ਤਕ ਦੇ ਸਮੇਂ ਨੂੰ ਵਰਸ਼ ਜਾਂ ਵਰ੍ਹਾ ਕਿਹਾ ਗਿਆ। ਅੰਗਰੇਜ਼ੀ ਦੇ ਸ਼ਬਦ ਈਅਰ (year) ਦਾ ਅਰਥ ਕਿਸੇ ਕਾਰਜ ਦੇ ਮੁਕੰਮਲ ਹੋਣ ਦਾ ਸਮਾਂ ਹੈ। ਧਰਤੀ ਦਾ ਸੂਰਜ ਦੁਆਲੇ ਇਕ ਚੱਕਰ ਮੁਕੰਮਲ ਹੋਣ ਦਾ ਸਮਾਂ ਵੀ ਈਅਰ ਕਿਹਾ ਗਿਆ। ਮੁੱਕਦੀ ਗੱਲ ਕਿ ਸੂਰਜ ਨਾਲ ਸੰਬੰਧਤ ਰਾਤ, ਦਿਨ, ਰੁੱਤਾਂ ਅਤੇ ਸਾਲ ਬਣਿਆ ਹੈ। ਪੂਰੀ ਕਾਇਨਾਤ ਦੇ ਘੁੰਮਣ ਨਾਲ ਜੁਗ, ਕਲਪ ਅਤੇ ਮਹਾਂ ਕਲਪ ਬਣੇ ਹਨ। ਸਮੇਂ ਦੀਆਂ ਇਨ੍ਹਾਂ ਇਕਾਈਆਂ ਦਾ ਜ਼ਿਕਰ ਬਾਣੀ ਵਿਚ ਥਾਂ-ਥਾਂ ’ਤੇ ਆਉਂਦਾ ਹੈ।

ਸਮੁੱਚੀ ਬਾਣੀ ਵਿਚ ਪ੍ਰਮੁੱਖ ਰੂਪ ਵਿਚ ਪ੍ਰਭੂ ਦਾ ਨਾਮ-ਸਿਮਰਨ ਹੀ ਦ੍ਰਿੜ ਕਰਵਾਇਆ ਗਿਆ ਹੈ। ਕੋਈ ਵੀ ਸਮਾਂ ਜਾਂ ਸਥਾਨ ਹੋਵੇ, ਨਾਮ-ਸਿਮਰਨ ਦੇ ਬਿਨਾਂ ਜੀਵਨ ਵਿਅਰਥ ਮੰਨਿਆ ਗਿਆ ਹੈ। ਇਸੇ ਲਈ ਬਾਣੀ ਵਿਚ ਸਮੇਂ ਦੀਆਂ ਵਖ-ਵਖ ਇਕਾਈਆਂ ਦਾ ਕਾਵਿ-ਰੂਪ ਵਜੋਂ ਇਸਤੇਮਾਲ ਹੋਇਆ ਹੈ। ਸੱਤ ਦਿਨਾਂ ਦੇ ਨਾਂ ’ਤੇ ਰਚਨਾ ‘ਵਾਰ ਸਤ’ ਹੈ ਤੇ ਬਾਰਾਂ ਮਹੀਨਿਆਂ ਦੇ ਨਾਂ ’ਤੇ ‘ਬਾਰਹ ਮਾਹਾ’ ਹੈ। ਇਸ ਦਾ ਮੰਤਵ ਇਹੀ ਪ੍ਰਤੀਤ ਹੁੰਦਾ ਹੈ ਕਿ ਮਨੁਖ ਸਮੇਂ ਦੀ ਹਰ ਇਕਾਈ ’ਤੇ ਪ੍ਰਭੂ ਨੂੰ ਯਾਦ ਕਰਦਾ ਰਹੇ। ਕੋਈ ਸਮਾਂ ਅਜਿਹਾ ਨਾ ਹੋਵੇ, ਜਦ ਉਹ ਪ੍ਰਭੂ ਨੂੰ ਨਾ ਯਾਦ ਕਰ ਰਿਹਾ ਹੋਵੇ। ‘ਬਾਰਹ ਮਾਹਾ’ ਦਾ ਵੀ ਇਹੀ ਮਹੱਤਵ ਹੈ ਕਿ ਹਰ ਮਹੀਨੇ, ਭਾਵ ਸਾਰਾ ਸਾਲ ਮਨੁਖ ਪ੍ਰਭੂ ਦੀ ਯਾਦ ਵਿਚ ਜੁੜਿਆ ਰਹੇ।

ਵਿਆਖਿਆ
‘ਬਾਰਹ ਮਾਹਾ’ ਦੇ ਪਹਿਲੇ ਸ਼ਬਦ ਵਿਚ ਗੁਰੂ ਨਾਨਕ ਪਾਤਸ਼ਾਹ ਪ੍ਰਭੂ ਨੂੰ ਅਤੀ ਨੇੜਤਾ ਅਤੇ ਪ੍ਰੇਮ-ਭਾਵ ਦਰਸਾਉਂਦੇ ਸ਼ਬਦ ‘ਤੂੰ’ ਨਾਲ ਮੁਖਾਤਬ ਹੁੰਦੇ ਹੋਏ ਮਨੁਖ ਦੀ ਹਾਲਤ ਦੱਸਣ ਲਈ ਤਵੱਜੋ ਦੇਣ ਦੀ ਮੰਗ ਕਰਦੇ ਹਨ। ਪਾਤਸ਼ਾਹ ਦੱਸਦੇ ਹਨ ਕਿ ਹਰ ਕਿਸੇ ਨੇ ਆਪਣੇ ਬੀਤ ਚੁੱਕੇ ਸਮੇਂ ਵਿਚ ਕਰਮਾਂ ਦੀ ਕਿਰਤ, ਭਾਵ ਜਮਾਂ-ਪੂੰਜੀ ਕਮਾਈ ਹੁੰਦੀ ਹੈ।

ਇਸ ਕਥਨ ਪਿੱਛੇ ਆਮ ਧਾਰਣਾ ਜਾਂ ਮਨੌਤ ਹੈ ਕਿ ਪ੍ਰਭੂ ਨੇ ਇਕ ਨਿਯਮ ਬਣਾਇਆ ਹੋਇਆ ਹੈ, ਜਿਸ ਮੁਤਾਬਕ ਮਨੁਖ ਦੇ ਬੁਰੇ-ਭਲੇ ਹਰ ਕਰਮ ਦਾ ਕੋਈ ਫਲ ਹੁੰਦਾ ਹੈ, ਜਿਸ ਨੂੰ ਮਨੁਖ ਦੀ ਬੀਤੇ ਹੋਏ ਸਮੇਂ ਵਿਚ ਕੀਤੇ ਹੋਏ ਕਰਮਾਂ ਦੀ ਕਿਰਤ ਕਮਾਈ ਕਹਿੰਦੇ ਹਨ। ਪਾਤਸ਼ਾਹ ਪ੍ਰਭੂ ਨੂੰ ਇਸੇ ਕਮਾਈ ਦੀ ਗੱਲ ਦੱਸਣ ਲਈ ਮੁਖਾਤਬ ਹੋ ਰਹੇ ਹਨ ਕਿ ਮਨੁਖ ਨੂੰ ਆਪਣੇ ਕਰਮਾਂ ਦੇ ਫਲ ਜਾਂ ਇਸ ਕਿਰਤ-ਕਮਾਈ ਦੇ ਰੂਪ ਵਿਚ ਆਪਣੇ ਸਿਰ ਜਿਹੜੇ ਵੀ ਦੁਖ-ਸੁਖ ਸਹਿਣੇ ਪੈਂਦੇ ਹਨ, ਉਹ ਚੰਗੇ ਹੀ ਹੁੰਦੇ ਹਨ। ਕਰਮ-ਫਲ ਵਜੋਂ ਸਹੇ ਜਾਣ ਵਾਲੇ ਦੁਖ-ਸੁਖ ਦੇ ਚੰਗੇ ਹੋਣ ਦਾ ਕਾਰਣ ਇਹ ਪ੍ਰਤੀਤ ਹੁੰਦਾ ਹੈ, ਕਿਉਂਕਿ ਉਹ ਪ੍ਰਭੂ ਦੇ ਨਿਯਮ ਜਾਂ ਵਿਧਾਨ ਮੁਤਾਬਕ ਹੀ ਹੁੰਦੇ ਹਨ ਤੇ ਪ੍ਰਭੂ ਦਾ ਕੀਤਾ ਕੁਝ ਵੀ ਬੁਰਾ ਨਹੀਂ ਹੁੰਦਾ, ਭਲਾ ਹੀ ਹੁੰਦਾ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਬੇਸ਼ੱਕ ਇਹ ਸਾਰੀ ਸ੍ਰਿਸ਼ਟੀ ਪ੍ਰਭੂ ਦੀ ਹੀ ਬਣਾਈ ਹੋਈ ਹੈ, ਪਰ ਇਸ ਦੇ ਅੰਦਰ ਪ੍ਰਭੂ ਨੂੰ ਪ੍ਰੇਮ ਕਰਨ ਵਾਲੇ ਕਿਹੋ ਜਿਹਾ ਮਹਿਸੂਸ ਕਰਦੇ ਹਨ ਜਾਂ ਉਨ੍ਹਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ? ਪਾਤਸ਼ਾਹ ਦੱਸਦੇ ਹਨ ਕਿ ਸ੍ਰਿਸ਼ਟੀ ਨੂੰ ਬਣਾਉਣ ਵਾਲੇ, ਹਰੀ-ਪ੍ਰਭੂ ਦੇ ਧਿਆਨ ਬਿਨਾਂ ਥੋੜਾ ਜਿਹਾ ਸਮਾਂ ਕੱਟਣਾ ਵੀ ਮਰਨ ਸਮਾਨ ਹੋ ਜਾਂਦਾ ਹੈ।

ਪਿਆਰੇ ਦੀ ਤਵੱਜੋ ਬਿਨਾਂ ਉਨ੍ਹਾਂ ਦਾ ਹਾਲ ਅਜਿਹਾ ਹੋ ਜਾਂਦਾ ਹੈ, ਜਿਵੇਂ ਉਨ੍ਹਾਂ ਦਾ ਕੋਈ ਹੋਵੇ ਹੀ ਨਾ। ਇਸ ਲਈ ਉਹ ਚਾਹੁੰਦੇ ਹਨ ਕਿ ਉਹ ਹਰ ਸਮੇਂ ਗੁਰੂ ਦੇ ਲੜ ਲੱਗ ਕੇ ਪ੍ਰਭੂ ਦੀ ਨਜ਼ਰ ਵਿਚ ਰਹਿਣ ਦਾ ਅਮਰ ਸੁਖ ਮਾਣਦੇ ਰਹਿਣ।

ਨਿਰੰਕਾਰ ਪ੍ਰਭੂ ਦੀ ਇਸ ਰਚਨਾ ਵਿਚ ਖਚਤ ਹੋਏ ਅਸੀਂ ਇਹ ਭੁੱਲ ਹੀ ਗਏ ਹਾਂ ਕਿ ਪ੍ਰਭੂ ਦੀ ਯਾਦ ਨੂੰ ਆਪਣੇ ਹਿਰਦੇ ਵਿਚ ਵਸਾਈ ਰਖਣਾ ਹੀ ਸਭ ਕਰਮਾਂ ਵਿਚੋਂ ਸ੍ਰੇਸ਼ਟ ਕਰਮ ਹੈ, ਭਾਵ ਹੱਥ ਕਾਰ ਵੱਲ ਤੇ ਮਨ ਕਰਤਾਰ ਵੱਲ ਰਖਣਾ ਹੀ ਭਲਾ ਹੈ।

ਅਖੀਰ ਵਿਚ ਗੁਰੂ ਨਾਨਕ ਪਾਤਸ਼ਾਹ ਮਨੁਖ ਦੀ ਹਾਲਤ ਪਿਆਰ ਕਰਨ ਵਾਲੀ ਇਸਤਰੀ ਦੇ ਰੂਪਕ ਵਿਚ ਬਿਆਨ ਕਰਦੇ ਹਨ ਕਿ ਉਹ ਇਸਤਰੀ ਆਪਣੀ ਆਤਮਾ ਦੇ ਮਾਲਕ ਪ੍ਰਭੂ ਦਾ ਹਮੇਸ਼ਾ ਰਾਹ ਦੇਖਦੀ ਰਹਿੰਦੀ ਹੈ, ਭਾਵ ਹਮੇਸ਼ਾ ਉਸ ਦੀ ਯਾਦ ਆਪਣੇ ਮਨ ਵਿਚ ਵਸਾਈ ਰਖਦੀ ਹੈ। ਇਸ ਲਈ ਹੇ ਪ੍ਰਭੂ! ਕਿਰਪਾ ਕਰਕੇ ਆਪਣੇ ਮਿਲਾਪ ਦਾ ਸੁਖ ਬਖਸ਼।
Tags