Guru Granth Sahib Logo
  
‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਬੇ ਦਸ ਮਾਹ  ਰੁਤੀ   ਥਿਤੀ ਵਾਰ ਭਲੇ
ਘੜੀ  ਮੂਰਤ  ਪਲ ਸਾਚੇ   ਆਏ ਸਹਜਿ ਮਿਲੇ
ਪ੍ਰਭ ਮਿਲੇ ਪਿਆਰੇ  ਕਾਰਜ ਸਾਰੇ   ਕਰਤਾ ਸਭ ਬਿਧਿ ਜਾਣੈ
ਜਿਨਿ ਸੀਗਾਰੀ ਤਿਸਹਿ ਪਿਆਰੀ   ਮੇਲੁ ਭਇਆ  ਰੰਗੁ ਮਾਣੈ
ਘਰਿ ਸੇਜ ਸੁਹਾਵੀ  ਜਾ ਪਿਰਿ ਰਾਵੀ   ਗੁਰਮੁਖਿ ਮਸਤਕਿ ਭਾਗੋ
ਨਾਨਕ  ਅਹਿਨਿਸਿ ਰਾਵੈ ਪ੍ਰੀਤਮੁ   ਹਰਿ ਵਰੁ ਥਿਰੁ ਸੋਹਾਗੋ ॥੧੭॥੧॥ 
-ਗੁਰੂ ਗ੍ਰੰਥ ਸਾਹਿਬ ੧੧੦੯-੧੧੧੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗ੍ਰੀਕ ਵਿਚ ਬੀਟਾ, ਅਰਬੀ ਵਿਚ ਬੇ ਤੇ ਰੋਮਨ ਵਿਚ ਬੀ ਦੂਜਾ ਅੱਖਰ ਹੈ। ਸ਼ਾਇਦ ਇਸ ਤੋਂ ਹੀ ਬੇ ਦੀ ਧੁਨੀ ਦੂਣੀ, ਭਾਵ ਦੋ ਦੀ ਸੂਚਕ ਹੋ ਗਈ। ਦੋ ਅਤੇ ਦਸ ਮਿਲ ਕੇ ਬਾਰਾਂ ਬਣਦੇ ਹਨ। ਬੇਸ਼ੱਕ ਮਨੁਖ ਨੂੰ ਸਮੇਂ ਨਾਲ ਸੰਬੰਧਤ ਹਰ ਰੁੱਤ ਵਿਚ ਕੁਝ ਚੰਗਾ ਤੇ ਕੁਝ ਚੰਗਾ ਨਹੀਂ ਮਹਿਸੂਸ ਹੁੰਦਾ ਹੈ। ਪਰ ਅਜਿਹਾ ਸਾਡੇ ਅਗਿਆਨ ਕਾਰਣ ਹੁੰਦਾ ਹੈ। ਇਸ ਲਈ ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਬਾਰਾਂ ਮਹੀਨਿਆਂ ਵਿਚ ਆਉਣ ਵਾਲੀਆਂ ਰੁੱਤਾਂ, ਥਿਤਾਂ ਅਤੇ ਦਿਨ ਸਾਰੇ ਹੀ ਚੰਗੇ ਹਨ।

ਇਥੋਂ ਤਕ ਕਿ ਸਮੇਂ ਦੀਆਂ ਤਮਾਮ ਇਕਾਈਆਂ, ਭਾਵ ਘੜੀਆਂ, ਮਹੂਰਤ ਅਤੇ ਪਲ ਆਦਿ ਉਸ ਵੇਲੇ ਭਲੇ ਪ੍ਰਤੀਤ ਹੁੰਦੇ ਹਨ, ਜਦ ਜਗਿਆਸੂ ਦੇ ਹਿਰਦੇ ਅੰਦਰ ਆਤਮਕ ਗਿਆਨ ਦੀ ਬਰਕਤ ਨਾਲ ਪ੍ਰਭੂ ਪ੍ਰਵੇਸ਼ ਕਰ ਜਾਂਦਾ ਹੈ।

ਪ੍ਰਭੂ ਸਭ ਕਾਸੇ ਦਾ ਕਰਤਾ ਹੈ ਤੇ ਉਹ ਭਲੀ ਪ੍ਰਕਾਰ ਹਰ ਕਾਰਜ-ਵਿਧੀ ਜਾਣਦਾ ਹੈ। ਇਸ ਲਈ ਜਦ ਕਿਸੇ ਨੂੰ ਪ੍ਰਭੂ ਪਿਆਰ ਨਸੀਬ ਹੁੰਦਾ ਹੈ ਤਾਂ ਉਹ ਭਟਕਣ ਤੋਂ ਮੁਕਤ ਹੋ ਕੇ ਏਨਾ ਇਕਾਗਰ ਚਿੱਤ ਹੋ ਜਾਂਦਾ ਹੈ ਕਿ ਉਸ ਦੇ ਸਾਰੇ ਕਾਰਜ ਸੰਪੰਨ ਹੋ ਜਾਂਦੇ ਹਨ।

ਮਾਲਕ ਪ੍ਰਭੂ ਨੇ ਜਿਸ ਜਗਿਆਸੂ ਨੂੰ ਸ਼ਿੰਗਾਰਿਆ, ਭਾਵ ਪੈਦਾ ਕੀਤਾ ਹੈ, ਉਹ ਉਸ ਨੂੰ ਪਿਆਰ ਵੀ ਕਰਦਾ ਹੈ। ਜਿਸ ਨੂੰ ਵੀ ਇਹ ਸੋਝੀ ਪ੍ਰਾਪਤ ਹੁੰਦੀ ਹੈ ਉਸ ਨੂੰ ਹੀ ਪਿਆਰੇ ਪ੍ਰਭੂ ਦਾ ਮਿਲਾਪ ਨਸੀਬ ਹੁੰਦਾ ਹੈ, ਜਿਸ ਦਾ ਉਹ ਭਰਪੂਰ ਅਨੰਦ ਮਾਣਦਾ ਹੈ।

ਜਿਸ ਜਗਿਆਸੂ ਦੇ ਮਸਤਕ ਨੂੰ ਪ੍ਰਭੂ ਦੀ ਗਿਆਨ ਰੂਪੀ ਸੋਝੀ ਨਸੀਬ ਹੁੰਦੀ ਹੈ ਤੇ ਉਸ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ-ਭਿੰਨਾ ਮਿਲਾਪ ਹੁੰਦਾ ਹੈ, ਉਹ ਜਗਿਆਸੂ ਤੇ ਉਸ ਦਾ ਹਿਰਦਾ ਅਤੇ ਸਰੀਰ ਬੜਾ ਹੀ ਸੁਹਾਵਣਾ ਤੇ ਮਨਮੋਹਣਾ ਹੋ ਜਾਂਦਾ ਹੈ।

ਇਸ ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਸਦਾ ਕਾਇਮ ਰਹਿਣ ਵਾਲਾ ਪਿਆਰਾ ਪ੍ਰਭੂ ਜਦ ਜਗਿਆਸੂ ਦੇ ਹਿਰਦੇ ਵਿਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਉਸ ਨੂੰ ਰਾਤ-ਦਿਨ ਆਪਣੇ ਮਿਲਾਪ, ਭਾਵ ਪ੍ਰੇਮ-ਰਸ ਦਾ ਅਨੰਦ ਬਖਸ਼ਦਾ ਹੈ।
Tags