‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ ॥
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥
ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ ॥
ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ ॥੧੪॥
-ਗੁਰੂ ਗ੍ਰੰਥ ਸਾਹਿਬ ੧੧੦੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਪੋਹ ਦੇ ਮਹੀਨੇ ਵਿਚ ਏਨੀ ਸਖਤ ਠੰਢ ਪੈਂਦੀ ਹੈ, ਜੋ ਬਨਸਪਤੀ ਤੇ ਘਾਹ ਆਦਿ ਦਾ ਪਾਣੀ ਤਕ ਸੁਕਾ ਦਿੰਦੀ ਹੈ।
ਇਹ ਦੇਖ ਕੇ ਜਗਿਆਸੂ ਦੇ ਮਨ ਵਿਚ ਵੀ ਵਿਚਾਰ ਪੈਦਾ ਹੁੰਦਾ ਹੈ ਕਿ ਉਸ ਦਾ ਵੀ ਪ੍ਰਭੂ-ਮਿਲਾਪ ਬਿਨਾਂ ਬਨਸਪਤੀ ਆਦਿ ਦੇ ਸੁੱਕਣ ਜਿਹਾ ਹੀ ਹਾਲ ਹੋ ਰਿਹਾ ਹੈ। ਇਸ ਕਰਕੇ ਉਸ ਦੇ ਮਨ ਵਿਚ ਤੜਪ ਪੈਦਾ ਹੁੰਦੀ ਹੈ ਅਤੇ ਮੁਖ ’ਤੇ ਹਮੇਸ਼ਾ ਇਹੀ ਸਵਾਲ ਰਹਿੰਦਾ ਹੈ ਕਿ ਪਿਆਰਾ ਪ੍ਰਭੂ ਉਸ ਦੇ ਤਨ-ਮਨ ਵਿਚ ਵਸ ਕਿਉਂ ਨਹੀਂ ਜਾਂਦਾ?
ਸਾਰੇ ਸੰਸਾਰ ਨੂੰ ਜੀਵਨ ਬਖਸ਼ਣ ਵਾਲਾ ਪ੍ਰਭੂ ਅਸਲ ਵਿਚ ਹਰ ਕਿਸੇ ਦੇ ਮਨ ਅਤੇ ਤਨ ਅੰਦਰ ਹੀ ਵਸਦਾ ਹੈ। ਪਰ ਗੁਰੂ ਦੀ ਸਿੱਖਿਆ ਉੱਤੇ ਅਮਲ ਕਰ ਕੇ ਹੀ ਉਸ ਦਾ ਸੁਖ ਤੇ ਅਨੰਦ ਮਾਣਿਆ ਜਾ ਸਕਦਾ ਹੈ, ਭਾਵ ਬੇਸ਼ੱਕ ਉਹ ਸਭ ਦੇ ਅੰਦਰ ਵਸਦਾ ਹੈ, ਪਰ ਹਰ ਕਿਸੇ ਨੂੰ ਉਸ ਦੀ ਸੋਝੀ ਨਹੀਂ ਹੁੰਦੀ, ਜਿਸ ਕਰਕੇ ਗੁਰੂ ਦੀ ਸਿੱਖਿਆ ਦੀ ਲੋੜ ਪੈਂਦੀ ਹੈ।
ਫਿਰ ਅਸਲੀਅਤ ਦੱਸੀ ਗਈ ਹੈ ਕਿ ਉਤਪਤੀ ਦੇ ਜਿੰਨੇ ਵੀ ਤਰੀਕਿਆਂ ਨਾਲ ਜੀਵ-ਜੰਤੂ ਪੈਦਾ ਹੁੰਦੇ ਹਨ, ਹਰੇਕ ਦੇ ਅੰਦਰ ਪ੍ਰਭੂ ਦਾ ਪ੍ਰਕਾਸ਼ ਸਮਾਇਆ ਹੋਇਆ ਹੈ, ਭਾਵ ਉਸ ਦੀ ਜੋਤ ਬਿਨਾਂ ਕੋਈ ਜੀਵ ਨਹੀਂ ਹੈ।
ਬੇਸ਼ੱਕ ਪ੍ਰਭੂ ਹਰ ਜੀਵ ਅੰਦਰ ਸਮਾਇਆ ਹੋਇਆ ਹੈ ਪਰ ਉਸ ਦਾ ਜੀਵ ਨੂੰ ਗਿਆਨ ਨਹੀਂ ਹੁੰਦਾ ਤੇ ਇਹ ਅਗਿਆਨ ਹੀ ਅਸਲ ਸਮੱਸਿਆ ਦਾ ਕਾਰਣ ਹੈ। ਇਸ ਲਈ ਜਗਿਆਸੂ ਮਨ ਦਾਤਾਂ ਦੇਣ ਵਾਲੇ ਤੇ ਦਇਆ ਦੇ ਮਾਲਕ ਪ੍ਰਭੂ ਅੱਗੇ ਬੇਨਤੀ ਕਰਦਾ ਹੈ ਕਿ ਉਹ ਉਸ ਨੂੰ ਦਰਸ਼ਨ ਦੇਵੇ ਤੇ ਅਜਿਹੀ ਸਮਝ ਬਖਸ਼ੇ, ਜਿਸ ਨਾਲ ਉਸ ਦਾ ਪਾਰ-ਉਤਾਰਾ ਹੋ ਸਕੇ, ਭਾਵ ਉਹ ਵੀ ਆਪਣੇ ਜੀਵਨ ਨੂੰ ਸਫਲਤਾ ਪੂਰਵਕ ਜਿਉਂ ਸਕੇ।
ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਸ ਦਾ ਵੀ ਹਰੀ-ਪ੍ਰਭੂ ਨਾਲ ਪਿਆਰ ਅਤੇ ਸਨੇਹ ਵਾਲਾ ਰਿਸ਼ਤਾ ਬਣ ਜਾਂਦਾ ਹੈ, ਉਹ ਪ੍ਰੀਤਵਾਨ ਪ੍ਰਭੂ ਦੀ ਰਜ਼ਾ ਦਾ ਅਨੰਦ ਮਾਣਦਾ ਹੈ, ਭਾਵ ਉਸ ਦੀ ਰਜ਼ਾ ਵਿਚ ਹਮੇਸ਼ਾ ਖੁਸ਼ ਰਹਿੰਦਾ ਹੈ।