‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥
ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥
ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥
ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥
ਨਾਨਕ ਸਾਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥੧੩॥
-ਗੁਰੂ ਗ੍ਰੰਥ ਸਾਹਿਬ ੧੧੦੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਹਰ ਮੌਸਮ ਦੇ ਕੁਝ ਪਖ ਸੁਹਾਵਣੇ ਹੁੰਦੇ ਹਨ ਤੇ ਕੁਝ ਪਰੇਸ਼ਾਨ ਕਰਨ ਵਾਲੇ। ਪਰੇਸ਼ਾਨੀ ਵਾਲੇ ਪਖ ਵੱਲ ਮਨੁਖ ਦਾ ਵਧੇਰੇ ਧਿਆਨ ਜਾਂਦਾ ਹੈ। ਇਸੇ ਕਰ ਕੇ ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਮੱਘਰ ਮਹੀਨੇ ਦਾ ਮੌਸਮ ਵੀ ਭਲਾ ਹੈ, ਜੇ ਕੋਈ ਜਗਿਆਸੂ ਆਪਣੇ ਹਿਰਦੇ ਅੰਦਰ ਹਰੀ-ਪ੍ਰਭੂ ਦੇ ਗੁਣ ਧਾਰਣ ਕਰ ਲਵੇ।
ਪ੍ਰਭੂ ਲਈ ਕੁਝ ਵੀ ਭਲਾ-ਬੁਰਾ ਨਹੀਂ ਹੈ। ਜਿਸ ਹਿਰਦੇ ਅੰਦਰ ਪ੍ਰਭੂ ਦੇ ਗੁਣ ਵਸ ਜਾਂਦੇ ਹਨ, ਉਸ ਹਿਰਦੇ ਮੁਤਾਬਕ ਸਭ ਕੁਝ ਭਲੇ-ਬੁਰੇ ਤੋਂ ਪਾਰ ਹੋ ਜਾਂਦਾ ਹੈ। ਇਹੀ ਅਸਲ ਭਲਾ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਜਿਸ ਨੂੰ ਵੀ ਚੰਗਾ ਲੱਗ ਜਾਵੇ, ਉਹ ਜਗਿਆਸੂ ਪ੍ਰਭੂ ਦੇ ਗੁਣਾਂ ਦਾ ਏਨਾ ਉਪਾਸ਼ਕ ਹੋ ਜਾਂਦਾ ਹੈ ਕਿ ਹਮੇਸ਼ਾ ਉਸ ਦੇ ਗੁਣਾਂ ਦੀਆਂ ਹੀ ਸਿਫਤਾਂ ਕਰਦਾ ਰਹਿੰਦਾ ਹੈ।
ਅਸਲ ਵਿਚ ਉਸ ਗੁਣਵਾਨ ਜਗਿਆਸੂ ਨੂੰ ਸੋਝੀ ਹੋ ਜਾਂਦੀ ਹੈ ਕਿ ਸਿਰਫ ਪ੍ਰਭੂ ਹੀ ਸਦਾ ਸਾਥ ਨਿਭਣ ਵਾਲਾ ਹੈ, ਉਹੀ ਸਿਆਣਾ ਹੈ ਤੇ ਉਹੀ ਸਭ ਕੁਝ ਜਾਣਨ ਵਾਲਾ ਹੈ। ਉਸ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਬਾਕੀ ਸਾਰਾ ਸੰਸਾਰ ਤਾਂ ਪਲ-ਪਲ ਬਦਲਣ ਵਾਲਾ ਹੈ, ਭਾਵ ਨਿਭਣ ਵਾਲਾ ਨਹੀਂ ਹੈ।
ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉਣਾ ਹੀ ਅਸਲ ਗਿਆਨ ਹੈ ਤੇ ਇਹੀ ਧਿਆਨ ਹੈ। ਜਿਸ ਨੂੰ ਪ੍ਰਭੂ ਦੇ ਗੁਣ ਚੰਗੇ ਲੱਗਦੇ ਹਨ, ਉਸ ਨੂੰ ਪ੍ਰਭੂ ਵੀ ਚੰਗਾ ਲੱਗਣ ਲੱਗ ਪੈਦਾ ਹੈ। ਪਰ ਇਹ ਤਾਂ ਹੀ ਸੰਭਵ ਹੈ ਜੇ ਪ੍ਰਭੂ ਦੀ ਰਜ਼ਾ ਹੋਵੇ।
ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉਣ ਵਾਲਾ ਜਗਿਆਸੂ ਜਦੋਂ ਪ੍ਰਭੂ ਦੇ ਗੁਣ ਗਾਉਂਦਾ ਹੈ ਤਾਂ ਇਹੋ ਉਸ ਲਈ ਗੀਤ ਤੇ ਸੰਗੀਤ ਬਣ ਜਾਂਦਾ ਹੈ ਤੇ ਇਹੋ ਕਵਿਤਾ। ਪ੍ਰਭੂ ਦੇ ਨਾਮ ਵਿਚ ਲੀਨ ਹੋਣ ਸਦਕਾ ਉਸ ਦੇ ਸਾਰੇ ਦੁਖ-ਦਰਦ ਦੂਰ ਹੋ ਜਾਂਦੇ ਹਨ।
ਅਖੀਰ ਵਿਚ ਦੱਸਿਆ ਗਿਆ ਹੈ ਕਿ ਆਪਣੇ ਹਿਰਦੇ ਵਿਚ ਪ੍ਰਭੂ ਪ੍ਰਤੀ ਪਿਆਰ ਭਾਵ ਰਖਣ ਸਦਕਾ ਜਗਿਆਸੂ ਪ੍ਰਭੂ ਨੂੰ ਵੀ ਪਿਆਰਾ ਲੱਗਣ ਲੱਗ ਜਾਂਦਾ ਹੈ, ਭਾਵ ਪਿਆਰ ਬਦਲੇ ਪਿਆਰ ਨਸੀਬ ਹੋ ਜਾਂਦਾ ਹੈ।