‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥
ਦੀਪਕੁ ਸਹਜਿ ਬਲੈ ਤਤਿ ਜਲਾਇਆ ॥
ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥
ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥
ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥
ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥
-ਗੁਰੂ ਗ੍ਰੰਥ ਸਾਹਿਬ ੧੧੦੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪਾਤਸ਼ਾਹ ਕੱਤਮ ਮਹੀਨੇ ਰਾਹੀਂ ਉਪਦੇਸ਼ ਦਿੰਦੇ ਹਨ ਕਿ ਜੋ ਵੀ ਪ੍ਰਭੂ ਨੇ ਚੰਗਾ ਸਮਝਿਆ ਉਹੀ ਮਨੁਖ ਦੀ ਕਿਰਤ ਵਜੋਂ ਉਸ ਨੂੰ ਪ੍ਰਾਪਤ ਹੋ ਗਿਆ ਹੈ, ਭਾਵ ਇਸ ਵਿਚ ਮਨੁਖ ਦੀ ਕੋਈ ਚੋਣ ਜਾਂ ਮਰਜ਼ੀ ਨਹੀਂ ਹੈ।
ਜੇਕਰ ਮਨੁਖ ਦਾ ਮਨ-ਮਸਤਕ ਗੁਰੂ ਦੇ ਸ਼ਬਦ ਦਾ ਅਨੁਸਾਰੀ ਹੋ ਜਾਵੇ ਤਾਂ ਉਸ ਦੇ ਹਿਰਦੇ ਅੰਦਰ ਗਿਆਨ ਦਾ ਦੀਵਾ ਸਹਿਜੇ ਹੀ ਬਲ ਪੈਂਦਾ ਹੈ। ਜਿਸ ਨਾਲ ਮਨੁਖ ਦੇ ਹਿਰਦੇ ਵਿਚ ਤੱਤ-ਸਰੂਪ ਪ੍ਰਭੂ ਦਾ ਪ੍ਰਤਾਪ ਹੁੰਦਾ ਹੈ ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਅਸਲ ਸੱਚ ਕੀ ਹੈ।
ਇਸ ਦੀਵੇ ਨੂੰ ਜਗਾਉਣ ਲਈ ਜਗਿਆਸੂ ਦੇ ਅੰਦਰ ਪ੍ਰੇਮ ਹੋਣਾ ਜ਼ਰੂਰੀ ਹੈ। ਇਸ ਸਦਕਾ ਹੀ ਜਗਿਆਸੂ ਦਾ ਪ੍ਰਭੂ ਨਾਲ ਮਿਲਾਪ ਸੰਭਵ ਹੁੰਦਾ ਹੈ ਤੇ ਫਿਰ ਉਹ ਉਤਸ਼ਾਹ ਤੇ ਅਨੰਦ ਨਾਲ ਭਰਪੂਰ ਹੋ ਜਾਂਦਾ ਹੈ।
ਪਰ ਇਸ ਦੇ ਉਲਟ ਜਿਹੜਾ ਵਿਅਕਤੀ ਔਗੁਣਾਂ ਦਾ ਸ਼ਿਕਾਰ ਹੈ, ਉਹ ਆਪਣੇ ਇਨ੍ਹਾਂ ਔਗੁਣਾਂ ਕਾਰਣ ਆਪਣੇ ਅੰਦਰੋਂ ਹਉਮੈ ਦੂਰ ਨਹੀਂ ਕਰ ਸਕਦਾ ਤੇ ਨਾ ਹੀ ਉਹ ਪ੍ਰਭੂ-ਮਿਲਾਪ ਲਈ ਸਫਲਤਾ ਵੱਲ ਵੱਧ ਸਕਦਾ ਹੈ। ਜੇਕਰ ਉਹ ਆਪਣੇ ਅੰਦਰ ਗੁਣ ਪੈਦਾ ਕਰ ਲਵੇ ਤੇ ਆਪਣੇ ਅੰਦਰੋਂ ਹਉਮੈ ਭਾਵ ਨੂੰ ਮਾਰ ਲਵੇ ਤਾਂ ਹੀ ਉਸ ਨੂੰ ਪ੍ਰਭੂ-ਮਿਲਾਪ ਵਿਚ ਸਫਲਤਾ ਪ੍ਰਾਪਤ ਹੋ ਸਕਦੀ ਹੈ।
ਜਿਨ੍ਹਾਂ ਨੂੰ ਵੀ ਪ੍ਰਭੂ ਨਾਮ-ਸਿਮਰਨ ਦੇ ਰੂਪ ਵਿਚ ਭਗਤੀ-ਭਾਵ ਬਖਸ਼ ਦਿੰਦਾ ਹੈ, ਉਹ ਆਪਣੇ ਅੰਦਰੋਂ ਹਉਮੈ ਮੇਟ ਕੇ ਆਪਣੇ ਅਸਲ ਆਪੇ ਵਿਚ ਆ ਜਾਂ ਸਮਾ ਜਾਂਦੇ ਹਨ। ਅਜਿਹੇ ਜਗਿਆਸੂ ਮਨਾਂ ਅੰਦਰ ਏਨਾ ਕੁਝ ਕਰਕੇ ਵੀ ਪ੍ਰਭੂ-ਮਿਲਾਪ ਦੀ ਉਮੀਦ ਬਣੀ ਰਹਿੰਦੀ ਹੈ, ਭਾਵ ਉਹ ਕਦੇ ਨਿਰਾਸ਼ ਨਹੀਂ ਹੁੰਦੇ।
ਅਖੀਰ ਵਿਚ ਦੱਸਿਆ ਗਿਆ ਹੈ ਕਿ ਅਜਿਹੇ ਜਗਿਆਸੂ ਹਮੇਸ਼ਾ ਬੇਨਤੀ ਕਰਦੇ ਹਨ ਕਿ ਉਨ੍ਹਾਂ ਦੇ ਮਸਤਕ ਦੇ ਗਿਆਨਮਈ ਦਰਵਾਜ਼ੇ ਪ੍ਰਭੂ ਆਪ ਆ ਕੇ ਖੋਲ੍ਹ ਦੇਵੇ, ਭਾਵ ਉਨ੍ਹਾਂ ਨੂੰ ਮਿਲਾਪ ਬਖਸ਼ ਦੇਵੇ। ਨਹੀਂ ਤਾਂ ਉਨ੍ਹਾਂ ਨੂੰ ਘੜੀ ਭਰ ਦਾ ਸਮਾਂ ਵੀ ਛੇ ਮਹੀਨੇ ਜਿੰਨਾਂ ਲੱਗਦਾ ਹੈ, ਭਾਵ ਉਨ੍ਹਾਂ ਲਈ ਵਿਛੋੜਾ ਕੱਟਣਾ ਅਸਹਿ ਹੋਇਆ ਪਿਆ ਹੈ।