Guru Granth Sahib Logo
  
‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਅਸੁਨਿ  ਆਉ ਪਿਰਾ   ਸਾਧਨ ਝੂਰਿ ਮੁਈ
ਤਾ ਮਿਲੀਐ ਪ੍ਰਭ ਮੇਲੇ   ਦੂਜੈ ਭਾਇ ਖੁਈ
ਝੂਠਿ ਵਿਗੁਤੀ ਤਾ ਪਿਰ ਮੁਤੀ   ਕੁਕਹ ਕਾਹ ਸਿ ਫੁਲੇ
ਆਗੈ ਘਾਮ  ਪਿਛੈ ਰੁਤਿ ਜਾਡਾ   ਦੇਖਿ ਚਲਤ ਮਨੁ ਡੋਲੇ
ਦਹ ਦਿਸਿ ਸਾਖ ਹਰੀ  ਹਰੀਆਵਲ   ਸਹਜਿ ਪਕੈ ਸੋ ਮੀਠਾ
ਨਾਨਕ  ਅਸੁਨਿ ਮਿਲਹੁ ਪਿਆਰੇ   ਸਤਿਗੁਰ ਭਏ ਬਸੀਠਾ ॥੧੧॥
-ਗੁਰੂ ਗ੍ਰੰਥ ਸਾਹਿਬ ੧੧੦੮-੧੧੦੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਅੱਸੂ ਦੇ ਮਹੀਨੇ ਵਿਚ ਮੌਸਮ ਬੜਾ ਹੀ ਸੁਹਾਵਣਾ ਹੋ ਜਾਂਦਾ ਹੈ। ਸੁਹਾਵਣੇ ਮੌਸਮ ਦਾ ਅਨੰਦ ਮਾਣਨ ਲਈ ਮਨ ਆਪਣੇ ਪਿਆਰੇ ਦਾ ਸਾਥ ਉਡੀਕਦਾ ਹੈ। ਇਸ ਪਦੇ ਵਿਚ ਪਾਤਸ਼ਾਹ ਜਗਿਆਸੂ ਦੀ ਪ੍ਰਭੂ-ਮਿਲਾਪ ਦੀ ਤੜਪ ਨੂੰ ਇਸਤਰੀ ਦੀ ਚਾਹਤ ਦੇ ਰੂਪ ਵਿਚ ਦੱਸਦੇ ਹਨ, ਜੋ ਇਸ ਮਹੀਨੇ ਦੀ ਸੁਹਾਵਣੀ ਰੁੱਤ ਵਿਚ ਆਪਣੇ ਪਿਆਰੇ ਨੂੰ ਕੋਲ ਬੁਲਾ ਰਹੀ ਹੈ। ਕਿਉਂਕਿ ਉਸ ਨੂੰ ਲੱਗਦਾ ਹੈ ਕਿ ਨਹੀਂ ਤਾਂ ਉਹ ਆਪਣੇ ਪਿਆਰੇ ਨੂੰ ਮਿਲੇ ਬਗੈਰ ਇਸ ਜਾਨਲੇਵਾ ਉਦਾਸੀ ਵਿਚ ਹੀ ਮਰ ਜਾਵੇਗੀ।

ਜਿਸ ਦਾ ਮਨ ਹਾਲੇ ਦੁਵਿਧਾ ਦੇ ਭਰਮ ਵਿਚ ਹੀ ਖਚਤ ਜਾਂ ਗੁਆਚਿਆ ਹੋਇਆ ਹੈ, ਉਸ ਦਾ ਮਿਲਾਪ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਕਿਤੇ ਪ੍ਰਭੂ ਆਪ ਹੀ ਉਸ ਨੂੰ ਆਪਣਾ ਮਿਲਾਪ ਬਖਸ਼ ਦੇਵੇ। ਇਸ ਦੇ ਇਲਾਵਾ ਉਸ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ।

ਇਕ ਪਾਸੇ ਪਿਲਛੀ ਅਤੇ ਕਾਹੀ ਤਕ ਦੇ ਫੁੱਲ ਖਿੜ ਆਏ ਹਨ, ਭਾਵ ਘਾਹ-ਫੂਸ ਵੀ ਆਪਣੇ ਜੋਬਨ ਵਿਚ ਆ ਗਿਆ ਹੈ। ਪਰ ਉਸ ਦੀ ਹਾਲਤ ਦੇਖੋ ਕਿ ਜਿਸ ਦੇ ਪਿਆਰੇ ਨੇ ਉਸ ਨੂੰ ਇਸ ਕਰਕੇ ਛੱਡ ਦਿੱਤਾ ਹੋਇਆ ਹੈ ਕਿ ਉਸ ਨੇ ਕੂੜ-ਕੁਸੱਤ ਮਗਰ ਲੱਗ ਕੇ ਆਪਣੇ-ਆਪ ਨੂੰ ਬਰਬਾਦ ਕਰ ਲਿਆ ਹੈ।

ਜਿਸ ਨੂੰ ਇਸ ਰੁੱਤ ਵਿਚ ਵੀ ਪ੍ਰਭੂ-ਮਿਲਾਪ ਪ੍ਰਾਪਤ ਨਹੀਂ ਹੋਇਆ, ਉਸ ਦਾ ਮਨ ਕੁਦਰਤ ਵਿਚ ਵਾਪਰ ਰਹੀ ਤੇਜ਼ ਰਫਤਾਰ ਤਬਦੀਲੀ ਕਾਰਣ ਪਰੇਸ਼ਾਨ ਹੋ ਰਿਹਾ ਹੈ। ਕਿਉਂਕਿ ਇਸ ਰੁੱਤ ਤੋਂ ਪਹਿਲਾਂ ਤਪਸ਼ ਸਤਾਉਂਦੀ ਸੀ ਤੇ ਇਸ ਤੋਂ ਬਾਅਦ ਕਹਿਰਵਾਨ ਸਰਦ ਰੁੱਤ ਆ ਜਾਣੀ ਹੈ।

ਫਿਰ ਪ੍ਰਭੂ-ਮਿਲਾਪ ਲਈ ਫਿਕਰਮੰਦ ਮਨ ਨੂੰ ਧਰਵਾਸ ਦਿੱਤਾ ਗਿਆ ਹੈ ਕਿ ਸਾਰੇ ਪਾਸੇ ਬਨਸਪਤੀ ਹਰੀ-ਭਰੀ ਹੋਈ ਪਈ ਹੈ, ਭਾਵ ਸਮੇਂ ਅਨੁਸਾਰ ਹਰ ਕਿਸੇ ਦੀ ਇੱਛਾ ਪੂਰੀ ਹੁੰਦੀ ਹੈ। ਇਸ ਲਈ ਸਬਰ ਰਖਣਾ ਚਾਹੀਦਾ ਹੈ। ਕਿਉਂਕਿ ਜਿਹੜਾ ਫਲ ਸਹਿਜੇ-ਸਹਿਜੇ ਪੱਕਦਾ ਹੈ, ਉਹੀ ਫਲ ਮਿੱਠਾ ਹੁੰਦਾ ਹੈ।

ਪਦੇ ਦੇ ਅਖੀਰ ਵਿਚ ਜਗਿਆਸੂ ਪਿਆਰੇ ਪ੍ਰਭੂ ਨੂੰ ਅੱਸੂ ਮਹੀਨੇ ਦੀ ਸੁਹਾਵਣੀ ਰੁੱਤ ਵਿਚ ਮਿਲਣ ਲਈ ਬੇਨਤੀ ਕਰਦਾ ਹੈ ਕਿਉਂਕਿ ਹੁਣ ਉਸ ਨੂੰ ਸੱਚ ਦੇ ਮੁਜੱਸਮੇ ਗੁਰੂ ਨੇ ਵਿਚ ਆ ਕੇ ਲੋੜੀਂਦੇ ਸਬਰ-ਸੰਤੋਖ ਦੀ ਸਿੱਖਿਆ ਬਖਸ਼ ਦਿੱਤੀ ਹੈ।
Tags