Guru Granth Sahib Logo
  
‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਭਾਦਉ  ਭਰਮਿ ਭੁਲੀ   ਭਰਿ ਜੋਬਨਿ ਪਛੁਤਾਣੀ
ਜਲ ਥਲ ਨੀਰਿ ਭਰੇ   ਬਰਸ ਰੁਤੇ ਰੰਗੁ ਮਾਣੀ
ਬਰਸੈ ਨਿਸਿ ਕਾਲੀ  ਕਿਉ ਸੁਖੁ ਬਾਲੀ   ਦਾਦਰ ਮੋਰ ਲਵੰਤੇ
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ   ਭੁਇਅੰਗਮ ਫਿਰਹਿ ਡਸੰਤੇ
ਮਛਰ ਡੰਗ  ਸਾਇਰ ਭਰ ਸੁਭਰ   ਬਿਨੁ ਹਰਿ ਕਿਉ ਸੁਖੁ ਪਾਈਐ
ਨਾਨਕ  ਪੂਛਿ ਚਲਉ ਗੁਰ ਅਪੁਨੇ   ਜਹ ਪ੍ਰਭੁ ਤਹ ਹੀ ਜਾਈਐ ॥੧੦॥
-ਗੁਰੂ ਗ੍ਰੰਥ ਸਾਹਿਬ ੧੧੦੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਭਾਦੋਂ ਦੇ ਮਹੀਨੇ ਵਿਚ ਮੀਂਹ ਪੈਂਦਾ ਹੈ ਤਾਂ ਮੌਸਮ ਸੁਹਾਵਣਾ ਹੋ ਜਾਂਦਾ ਹੈ, ਜੇਕਰ ਨਹੀਂ ਪੈਂਦਾ ਤਾਂ ਹੁੰਮਸ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਦੋਹਰੇ ਮੌਸਮ ਤੋਂ ਪਾਤਸ਼ਾਹ ਨੇ ਭਰਮ ਵਿਚ ਪਈ ਹੋਈ ਇਸਤਰੀ ਦੀ ਤਸ਼ਬੀਹ ਵਿਚ ਜਗਿਆਸੂ ਮਨ ਨੂੰ ਸੁਚੇਤ ਕੀਤਾ ਹੈ ਕਿ ਜਿਸ ਤਰ੍ਹਾਂ ਕਿਸੇ ਭਰਮ ਕਾਰਣ ਆਪਣੇ ਪਤੀ ਨੂੰ ਭੁੱਲ ਚੁਕੀ ਇਸਤਰੀ ਨੂੰ ਲੋੜ ਸਮੇਂ ਪਛਤਾਵਾ ਹੀ ਪੱਲੇ ਪੈਂਦਾ ਹੈ, ਇਸ ਤਰ੍ਹਾਂ ਜਵਾਨੀ ਵਿਚ ਹੀ ਭਰਮ ਕਾਰਣ ਜੀਵਨ ਦੇ ਸਹੀ ਰਾਹ ਤੋਂ ਭਟਕਿਆ ਜਗਿਆਸੂ ਵੀ ਅੰਤ ਸਮੇਂ ਪਛਤਾਉਂਦਾ ਹੈ। ਇਸ ਲਈ ਜਗਿਆਸੂ ਨੂੰ ਹਰ ਵੇਲੇ ਸੁਚੇਤ ਰਹਿਣਾ ਚਾਹੀਦਾ ਹੈ ਤੇ ਪ੍ਰਭੂ ਪਿਆਰੇ ਪ੍ਰਤੀ ਕਿਸੇ ਭਰਮ ਵਿਚ ਨਹੀਂ ਪੈਣਾ ਚਾਹੀਦਾ।

ਜਗਿਆਸੂ ਮਨ ਨੂੰ ਸੁਚੇਤ ਕਰਨ ਹਿਤ ਭਰਮ ਕਾਰਣ ਭੁੱਲੀ ਹੋਈ ਇਸਤਰੀ ਦੀ ਤਸ਼ਬੀਹ ਨੂੰ ਅੱਗੇ ਤੋਰਦੇ ਹੋਏ ਪਾਤਸ਼ਾਹ ਦੱਸਦੇ ਹਨ ਕਿ ਜਦ ਬਰਸਾਤ ਦੀ ਰੁੱਤ ਵਿਚ ਹਰ ਪਾਸੇ ਪਾਣੀ ਹੀ ਪਾਣੀ ਭਰਿਆ ਹੁੰਦਾ ਹੈ ਤਾਂ ਕਿਸੇ ਭਰਮ ਕਾਰਣ ਭਟਕੀ ਹੋਈ ਇਸਤਰੀ ਦੇ ਮਨ ਵਿਚ ਪਛਤਾਵੇ ਦੇ ਭਾਵ ਜਾਗਦੇ ਹਨ ਕਿ ਕਾਸ਼! ਉਹ ਵੀ ਇਸ ਮੌਸਮ ਵਿਚ ਆਪਣੇ ਪਤੀ ਦੇ ਪਿਆਰ ਦਾ ਅਨੰਦ ਮਾਣ ਸਕਦੀ।

ਫਿਰ ਦੱਸਿਆ ਗਿਆ ਹੈ ਕਿ ਜਦ ਕਾਲੀ ਘਟਾ ਚੜ੍ਹ ਕੇ ਆਉਂਦੀ ਹੈ ਤਾਂ ਜ਼ੋਰਦਾਰ ਮੀਂਹ ਵਰ੍ਹਦਾ ਹੈ। ਫਿਰ ਇਸ ਬਰਸਾਤ ਵਿਚ ਕਿਤੇ ਡੱਡੂ ਤੇ ਕਿਤੇ ਮੋਰ ਬੋਲਦੇ ਹਨ। ਜਿਵੇਂ ਇਸ ਪਿਆਰ ਭਿੰਨੇ ਵਾਤਾਵਰਣ ਵਿਚ ਕੋਈ ਇਸਤਰੀ ਪਤੀ ਦੇ ਬਾਝੋਂ ਪ੍ਰੇਮ ਸੁਖ ਹਾਸਲ ਨਹੀਂ ਕਰ ਸਕਦੀ, ਇਸੇ ਤਰ੍ਹਾਂ ਜਗਿਆਸੂ ਪ੍ਰੇਮ ਭਿੰਨੇ ਵਾਤਾਵਰਣ ਵਿਚ ਵੀ ਪ੍ਰਭੂ-ਮਿਲਾਪ ਬਿਨਾਂ ਪਰਮ-ਸੁਖ ਪ੍ਰਾਪਤ ਨਹੀਂ ਕਰ ਸਕਦਾ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਇਸ ਮਹੀਨੇ ਵਿਚ ਬੋਲ ਰਿਹਾ ਪਪੀਹਾ ਇਵੇਂ ਲੱਗਦਾ ਹੈ, ਜਿਵੇਂ ਆਪਣੇ ਪਿਆਰੇ ਸੱਜਣ ਨੂੰ ਪੀਉ-ਪੀਉ ਕਰਕੇ ਕੋਲ ਬੁਲਾ ਰਿਹਾ ਹੋਵੇ। ਪਪੀਹੇ ਦੇ ਬੋਲ ਬਿਰਹਣ ਇਸਤਰੀ ਦੇ ਵਿਯੋਗ ਨੂੰ ਹੋਰ ਤੀਬਰ ਕਰਦੇ ਦਿੰਦੇ ਹਨ। ਆਸ-ਪਾਸ ਫਿਰਦੇ ਹੋਏ ਸੱਪ ਉਸ ਦੇ ਮਨ ਵਿਚ ਡਰ ਪੈਦਾ ਕਰਦੇ ਹਨ। ਸਾਰੇ ਪਾਸੇ ਨੱਕੋ-ਨੱਕ ਭਰੇ ਹੋਏ ਸਰੋਵਰਾਂ ਦੇ ਸੁਹਾਵਣੇ ਦ੍ਰਿਸ਼ ਵੀ ਉਸ ਨੂੰ ਡੰਗ ਮਾਰਦੇ ਮੱਛਰ ਜਿਹੇ ਪ੍ਰਤੀਤ ਹੁੰਦੇ ਹਨ। ਜਿਵੇਂ ਅਜਿਹੀ ਬਿਰਹਣ ਇਸਤਰੀ ਪਤੀ ਦੇ ਸਾਥ ਬਿਨਾਂ ਸੁਖ ਪ੍ਰਾਪਤ ਨਹੀਂ ਕਰ ਸਕਦੀ, ਇਸੇ ਤਰਾਂ ਜਗਿਆਸੂ ਵੀ ਪ੍ਰਭੂ-ਮਿਲਾਪ ਬਿਨਾਂ ਸੁਖੀ ਨਹੀਂ ਹੋ ਸਕਦਾ।

ਇਸ ਲਈ ਪਾਤਸ਼ਾਹ ਦੱਸਦੇ ਹਨ ਕਿ ਆਪਣੇ ਗੁਰੂ ਦੀ ਸਿੱਖਿਆ ਮੁਤਾਬਕ ਚੱਲਦਿਆਂ ਹੋਇਆਂ ਹੀ ਪ੍ਰਭੂ ਦੇ ਦਰ ’ਤੇ ਪੁੱਜਿਆ ਜਾ ਸਕਦਾ ਹੈ, ਭਾਵ ਗੁਰੂ ਬਿਨਾਂ ਕੋਈ ਚਾਰਾ ਨਹੀਂ ਹੈ।
Tags