‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥
ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥
-ਗੁਰੂ ਗ੍ਰੰਥ ਸਾਹਿਬ ੧੧੦੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਜਗਿਆਸੂ ਮਨ ਆਖਦਾ ਹੈ ਕਿ ਸਾਵਣ ਦੀ ਰੁੱਤ ਆ ਗਈ ਹੈ, ਮੀਂਹ ਦੀ ਝੜੀ ਲੱਗੀ ਹੋਈ ਹੈ। ਹੇ ਮੇਰੇ ਮਨ! ਤੂੰ ਵੀ ਰਸ ਮਾਣ, ਭਾਵ ਪ੍ਰਭੂ-ਮਿਲਾਪ ਦਾ ਅਨੰਦ ਪ੍ਰਾਪਤ ਕਰ।
ਫਿਰ ਉਹ ਕਹਿੰਦਾ ਹੈ ਕਿ ਉਸ ਦੇ ਤਨ-ਮਨ ਨੂੰ ਮਾਲਕ ਪ੍ਰਭੂ ਨਾਲ ਬੜਾ ਹੀ ਪਿਆਰ ਆ ਰਿਹਾ ਹੈ। ਪਰ ਇਸ ਹਾਲਤ ਵਿਚ ਉਹ ਕੀ ਕਰੇ, ਜਦ ਉਸ ਦਾ ਪਿਆਰਾ ਉਸ ਦੇ ਕੋਲ ਨਹੀਂ ਹੈ, ਭਾਵ ਉਸ ਦੀ ਹਾਲਤ ਇਸ ਤਰ੍ਹਾਂ ਹੈ, ਜਿਵੇਂ ਕਿਸੇ ਦਾ ਪਿਆਰਾ ਪ੍ਰਦੇਸ ਗਿਆ ਹੋਵੇ।
ਫਿਰ ਵਿਛੋੜੇ ਦੀ ਤੀਬਰਤਾ ਦੱਸੀ ਗਈ ਹੈ ਕਿ ਇਕ ਤਾਂ ਪਿਆਰਾ ਦੂਰ-ਦੁਰਾਡੇ ਹੈ ਤੇ ਉਸ ਦੀ ਘਰ ਪਰਤ ਆਉਣ ਦੀ ਵੀ ਅਜੇ ਉਮੀਦ ਨਹੀਂ ਹੈ। ਇਸ ਹਾਲਤ ਵਿਚ ਜਗਿਆਸੂ ਵਿਛੋੜੇ ਵਿਚ ਮਰ ਰਿਹਾ ਹੈ। ਵਰ੍ਹਦੇ ਮੀਂਹ ਵਿਚ ਬਿਜਲੀ ਦੀ ਚਮਕ ਏਨਾ ਡਰ ਪੈਦਾ ਕਰ ਰਹੀ ਹੈ ਕਿ ਇਸ ਡਰ ਕਾਰਣ ਪਿਆਰੇ ਦੀ ਨੇੜਤਾ ਪ੍ਰਾਪਤ ਕਰਨ ਦਾ ਅਹਿਸਾਸ ਹੋਰ ਤਿੱਖਾ ਹੁੰਦਾ ਹੈ।
ਫਿਰ ਜਗਿਆਸੂ ਦੇ ਦੁਖ ਦੀ ਪ੍ਰਬਲਤਾ ਦਰਸਾਉਣ ਲਈ ਅਜਿਹੀ ਇਸਤਰੀ ਦੀ ਤਸ਼ਬੀਹ ਦਿੱਤੀ ਹੈ, ਜਿਹੜੀ ਪਤੀ-ਮਿਲਾਪ ਲਈ ਸੇਜ ਉੱਤੇ ਬੈਠੀ, ਇਕੱਲਤਾ ਦੇ ਗਹਿਰੇ ਦੁਖ ਵਿਚ ਮਰਨ ਕਿਨਾਰੇ ਪੁੱਜੀ ਹੋਈ ਹੈ। ਇਸ ਗਹਿਰੇ ਸਦਮੇ ਵਿਚ ਆਪਣੀ ਮਾਂ ਨੂੰ ਯਾਦ ਕਰਦੀ ਹੋਈ ਕਹਿੰਦੀ ਹੈ ਕਿ ਇਹ ਦੁਖ ਮਰਨ ਸਮਾਨ ਹੋ ਗਿਆ ਹੈ।
ਪ੍ਰਭੂ ਮਿਲਾਪ ਬਾਝੋਂ ਵਿਯੋਗੀ ਉਸ ਇਸਤਰੀ ਨੂੰ ਨਾ ਨੀਂਦ ਆਉਂਦੀ ਹੈ ਤੇ ਨਾ ਹੀ ਭੁੱਖ ਲੱਗਦੀ ਹੈ। ਜਿਵੇਂ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਨੀਂਦ ਕੀ ਹੁੰਦੀ ਹੈ ਤੇ ਭੁੱਖ ਕਿਸ ਨੂੰ ਕਹਿੰਦੇ ਹਨ? ਇਸ ਤੋਂ ਇਲਾਵਾ ਵਿਛੋੜੇ ਕਾਰਣ ਉਸ ਨੂੰ ਆਪਣੇ ਤਨ ’ਤੇ ਪਹਿਨੇ ਹੋਏ ਵਸਤਰ ਵੀ ਸੁਖ ਦੀ ਬਜਾਏ ਦੁਖ ਦੇ ਰਹੇ ਹੁੰਦੇ ਹਨ।
ਪਦੇ ਦੇ ਅੰਤ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਦਾ ਅਸਲ ਸੁਹਾਗ ਉਹੀ ਜੀਵ-ਇਸਤਰੀ ਹੈ, ਜਿਹੜੀ ਆਪਣੇ ਪਿਆਰੇ ਪ੍ਰਭੂ ਦੀ ਹਸਤੀ ਦਾ ਹਿੱਸਾ ਹੋ ਜਾਂਦੀ ਹੈ, ਭਾਵ ਉਸ ਨਾਲ ਇਕ ਮਿਕ ਹੋ ਜਾਂਦੀ ਹੈ।