Guru Granth Sahib Logo
  
ਇਸ ਸ਼ਬਦ ਵਿਚ ਸ਼ੇਖ ਫਰੀਦ ਜੀ ਇਸੇ ਰਾਗ ਵਿਚ ਉਚਾਰਣ ਕੀਤੇ ਆਪਣੇ ਪਹਿਲੇ ਸ਼ਬਦ ਦੇ ਵਿਚਾਰ ਨੂੰ ਵਿਸਥਾਰ ਦਿੰਦੇ ਹੋਏ ਛਿਣ-ਭੰਗਰੀ ਮਾਇਆ ਦਾ ਮੋਹ ਤਿਆਗ ਕੇ ਜਵਾਨੀ ਵੇਲੇ ਹੀ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਕਰਦੇ ਹਨ। ਬੁਢਾਪੇ ਵਿਚ ਇਕ ਤਾਂ ਮਨੁਖ ਸਮਰੱਥਾਹੀਨ ਹੋ ਜਾਂਦਾ ਹੈ। ਦੂਜਾ, ਉਸ ਨੂੰ ਮੌਤ ਦਾ ਡਰ ਸਤਾਉਣ ਲੱਗ ਪੈਂਦਾ ਹੈ।
ਸੂਹੀ ਲਲਿਤ

ਬੇੜਾ ਬੰਧਿ ਸਕਿਓ   ਬੰਧਨ ਕੀ ਵੇਲਾ
ਭਰਿ ਸਰਵਰੁ ਜਬ ਊਛਲੈ   ਤਬ ਤਰਣੁ ਦੁਹੇਲਾ ॥੧॥
ਹਥੁ ਲਾਇ ਕਸੁੰਭੜੈ   ਜਲਿ ਜਾਸੀ ਢੋਲਾ ॥੧॥ ਰਹਾਉ
ਇਕ ਆਪੀਨੑੈ ਪਤਲੀ   ਸਹ ਕੇ ਰੇ ਬੋਲਾ
ਦੁਧਾ ਥਣੀ ਆਵਈ   ਫਿਰਿ ਹੋਇ ਮੇਲਾ ॥੨॥
ਕਹੈ ਫਰੀਦੁ  ਸਹੇਲੀਹੋ   ਸਹੁ ਅਲਾਏਸੀ
ਹੰਸੁ ਚਲਸੀ ਡੁੰਮਣਾ   ਅਹਿ ਤਨੁ ਢੇਰੀ ਥੀਸੀ ॥੩॥੨॥
-ਗੁਰੂ ਗ੍ਰੰਥ ਸਾਹਿਬ ੭੯੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਬਾਬਾ ਫਰੀਦ ਜੀ ਮਾਇਕੀ ਪਦਾਰਥਾਂ ਵਿਚ ਖਚਿਤ ਹੋਏ ਤੇ ਜੀਵਨ ਦੇ ਅਸਲ ਮਨੋਰਥ ਤੋਂ ਖੁੰਝੇ ਮਨੁਖਾਂ ਨੂੰ ਪ੍ਰਭੂ-ਮਿਲਾਪ ਲਈ ਸੁਚੇਤ ਕਰਦੇ ਹਨ। ਇਸ ਲਈ ਉਹ ਬੇੜੇ ਅਤੇ ਸਮੁੰਦਰ ਦੀ ਤਸ਼ਬੀਹ ਦਿੰਦੇ ਹਨ। ਜਿਵੇਂ ਜੇ ਕਿਸੇ ਨੇ ਵੇਲੇ ਸਿਰ ਬੇੜਾ ਨਹੀਂ ਬਣਾਇਆ ਤੇ ਜਦੋਂ ਸਮੁੰਦਰ ਉੱਛਲੇਗਾ ਤਾਂ ਉਦੋਂ ਉਸ ਲਈ ਬੇੜੇ ਤੋਂ ਬਿਨਾਂ ਸਮੁੰਦਰ ਨੂੰ ਪਾਰ ਕਰਨਾ ਬਹੁਤ ਔਖਾ ਹੋਵੇਗਾ। ਐਨ੍ਹ ਇਸੇ ਤਰ੍ਹਾਂ ਜਿਹੜੇ ਲੋਕ ਸੰਸਾਰ ਰੂਪੀ ਸਮੁੰਦਰ ਨੂੰ ਪਾਰ ਕਰਨ ਲਈ ਸਮੇਂ ਸਿਰ, ਭਾਵ ਜਵਾਨੀ ਵੇਲੇ ਪ੍ਰਭੂ ਦੇ ਨਾਮ-ਸਿਮਰਨ ਰੂਪੀ ਬੇੜੇ ਨੂੰ ਤਿਆਰ ਨਹੀਂ ਕਰਦੇ ਤੇ ਸੰਸਾਰਕ ਪਦਾਰਥਾਂ ਦੇ ਮੋਹ ਵਿਚ ਖਚਿਤ ਰਹਿੰਦੇ ਹਨ। ਉਹ ਜਦੋਂ ਸਮੁੰਦਰ ਰੂਪੀ ਜੀਵਨ ਭਰ ਕੇ ਉਛਾਲੇ ਖਾਣ ਲੱਗਦਾ ਹੈ, ਭਾਵ ਜਦ ਬੁਢੇਪੇ ਕਾਰਣ ਸੰਸਾਰ ਨਾਲ ਮੋਹ ਵਧਣ ਲੱਗਦਾ ਹੈ, ਉਦੋਂ ਉਨ੍ਹਾਂ ਲਈ ਨਾਮ-ਸਿਮਰਨ ਰੂਪੀ ਬੇੜੇ ਤੋਂ ਬਿਨਾਂ ਇਸ ਸੰਸਾਰ-ਸਮੁੰਦਰ ਤੋਂ ਪਾਰ ਪੈਣਾ ਔਖਾ ਹੋ ਜਾਂਦਾ ਹੈ। ਅੰਤ ਉਨ੍ਹਾਂ ਨੂੰ ਪਛਤਾਉਣਾ ਹੀ ਪੈਂਦਾ ਹੈ।

ਅੱਗ ਦੀ ਲਾਟ ਜਿਹੇ ਭੜਕੀਲੇ ਰੰਗ ਦੇ ਇਕ ਫੁੱਲ ਨੂੰ ਕਸੁੰਭ ਜਾਂ ਕਸੁੰਭੜਾ ਕਿਹਾ ਜਾਂਦਾ ਹੈ। ਇਸ ਫੁੱਲ ਦਾ ਰੰਗ ਜਦ ਕੱਪੜੇ ਨੂੰ ਚਾੜ੍ਹਿਆਂ ਜਾਂਦਾ ਹੈ ਤਾਂ ਇਹ ਜਲਦ ਉਤਰ ਜਾਂਦਾ ਹੈ। ਅਧਿਆਤਮ ਮਾਰਗ ਵਿਚ ਰਿਸ਼ਤਿਆਂ ਦੇ ਮੋਹ ਤੇ ਪਦਾਰਥਾਂ ਦੀ ਖਿੱਚ ਨੂੰ ਅਕਸਰ ਕਸੁੰਭੇ ਦੇ ਫੁੱਲ ਦੀ ਤਸ਼ਬੀਹ ਦਿੱਤੀ ਜਾਂਦੀ ਹੈ। ਗੁਰਬਾਣੀ ਵਿਚ ਰੱਬੀ ਪ੍ਰੇਮ ਨੂੰ ਮਜੀਠ (ਪੱਕੇ ਰੰਗ) ਨਾਲ ਅਤੇ ਮਾਇਆਵੀ ਮੋਹ ਨੂੰ ਕਸੁੰਭ (ਕੱਚੇ ਰੰਗ) ਨਾਲ ਤੁਲਣਾ ਦਿੱਤੀ ਗਈ ਹੈ। ਬਾਬਾ ਫਰੀਦ ਜੀ ਵੀ ਮਨੁਖ ਨੂੰ ਆਪਣੇ ਪਿਆਰੇ ਮਿੱਤਰ ਵਜੋਂ ਨਸੀਹਤ ਦਿੰਦੇ ਹਨ ਕਿ ਉਹ ਸਮਾਜਕ ਰਿਸ਼ਤਿਆਂ ਦੇ ਮੋਹ ਤੇ ਮਾਇਕੀ ਪਦਾਰਥਾਂ ਦੀ ਖਿੱਚ ਤੋਂ ਆਪਣਾ ਆਪ ਬਚਾ ਕੇ ਰਖੇ ਕਿਉਂਕਿ ਇਹ ਰਿਸ਼ਤੇ ਤੇ ਮਾਇਕੀ ਪਦਾਰਥ ਕੁਸੁੰਭੇ ਦੇ ਰੰਗ ਵਾਂਗ ਥੋੜ੍ਹ-ਚਿਰੇ ਹਨ। ਇਨ੍ਹਾਂ ਤੋਂ ਮਿਲਣ ਵਾਲਾ ਸੁਖ ਸਦੀਵੀ ਨਹੀਂ ਹੈ। ਇਨ੍ਹਾਂ ਨਾਲ ਮਨ ਜੋੜਿਆਂ ਆਖਿਰ ਨੂੰ ਦੁਖ ਹੀ ਪ੍ਰਾਪਤ ਹੋਵੇਗਾ। ਭਾਵ, ਮਨੁਖ ਨੂੰ ਇਸ ਦੀ ਬਜਾਏ ਪ੍ਰਭੂ ਨਾਲ ਜੁੜਨਾ ਚਾਹੀਦਾ ਹੈ, ਜਿਸ ਦਾ ਪਿਆਰ ਸਦੀਵੀ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਬੁਢਾਪੇ ਦੀ ਨਿਰਬਲਤਾ ਅਤੇ ਜੀਵਨ ਦੀ ਦੁਖਦਾਈ ਹਾਲਤ ਨੂੰ ਬਿਆਨ ਕਰਦਿਆਂ ਬਾਬਾ ਫਰੀਦ ਜੀ ਅੱਗੇ ਦੱਸਦੇ ਹਨ ਕਿ ਇਕ ਪਾਸੇ ਬੁਢਾਪੇ ਕਾਰਣ ਮਨੁਖ ਦੀ ਹਾਲਤ ਬੜੀ ਹੀ ਨਾਜ਼ੁਕ ਤੇ ਸਮਰੱਥਾਹੀਣ ਹੋ ਜਾਂਦੀ ਹੈ, ਦੂਜਾ ਸਾਰਾ ਜੀਵਨ ਮੋਹ-ਮਮਤਾ ਵਿਚ ਬਤੀਤ ਹੋਣ ਕਾਰਣ ਉਹ ਆਤਮਕ ਤਲ ਤੇ ਰੱਬੀ ਗੁਣਾਂ ਤੋਂ ਸਖਣਾ ਹੁੰਦਾ ਹੈ। ਇਸ ਲਈ ਉਸ ਅੰਦਰ ਪ੍ਰਭੂ ਦੇ ਸਖਤ ਬੋਲਾਂ ਨੂੰ ਸਹਿਣ ਦਾ ਡਰ ਬਣਿਆ ਰਹਿੰਦਾ ਹੈ ਤੇ ਉਹ ਜੀਵਨ ਦੀ ਸਫਲਤਾ ਤੋਂ ਵਾਝਾਂ ਰਹਿ ਜਾਂਦਾ ਹੈ।

ਫਿਰ ਬਾਬਾ ਫਰੀਦ ਜੀ ਉਦਾਹਰਣ ਦੇ ਕੇ ਦੱਸਦੇ ਹਨ ਕਿ ਜਿਸ ਤਰ੍ਹਾਂ ਇਕ ਵਾਰੀ ਚੋਇਆ ਹੋਇਆ ਦੁੱਧ ਮੁੜ ਥਣਾਂ ਵਿਚ ਨਹੀਂ ਆਉਂਦਾ, ਇਸੇ ਤਰ੍ਹਾਂ ਪ੍ਰਭੂ-ਮਿਲਾਪ ਦਾ ਅਵਸਰ ਵਾਰ-ਵਾਰ ਨਸੀਬ ਨਹੀਂ ਹੁੰਦਾ। ਇਹ ਮਿਲਾਪ ਮਨੁਖਾ ਜਨਮ ਵਿਚ ਹੀ ਸੰਭਵ ਹੋ ਸਕਦਾ ਹੈ। ਇਸ ਨੂੰ ਵਿਆਰਥ ਗਵਾ ਕੇ ਪ੍ਰਭੂ ਨਾਲ ਮੇਲ ਨਹੀ ਹੋ ਸਕੇਗਾ। ਇਸ ਲਈ ਮਨੁਖ ਕੋਲ ਇਹ ਜਨਮ ਹੀ ਪ੍ਰਭੂ-ਮਿਲਾਪ ਦਾ ਇਕੋ-ਇਕ ਅਵਸਰ ਹੈ। ਸੋ, ਪ੍ਰਭੂ-ਮਿਲਾਪ ਦਾ ਇਹ ਅਵਸਰ ਅਜਾਈਂ ਨਹੀਂ ਗੁਆਣਾ ਚਾਹੀਦਾ ਤੇ ਸਮੇਂ ਸਿਰ ਬੰਦਗੀ ਵਿਚ ਜੁੜ ਕੇ ਮੌਕਾ ਸੰਭਾਲਣਾ ਚਾਹੀਦਾ ਹੈ।

ਇਸ ਸ਼ਬਦ ਦੇ ਅਖੀਰ ਵਿਚ ਫਰੀਦ ਜੀ ਮਨੁਖ ਨੂੰ ਮੁਖਾਤਬ ਹੁੰਦਿਆ ਆਖਦੇ ਹਨ ਕਿ ਮੇਰੇ ਪਿਆਰਿਓ! ਹਰ ਮਨੁਖ ਨੂੰ ਪ੍ਰਭੂ ਨੇ ਆਪਣੇ ਕੋਲ ਬੁਲਾਉਣਾ ਹੀ ਹੈ। ਪ੍ਰਭੂ ਵੱਲੋਂ ਜਦ ਮੌਤ ਦਾ ਸੱਦਾ ਆਵੇਗਾ ਤਾਂ ਮਾਇਆ (ਸੰਸਾਰੀ ਮੋਹ ਅਤੇ ਅਵਗੁਣਾਂ) ਵਿਚ ਖਚਿਤ ਹੋਈ ਉਸ ਦੀ ਦੇਹੀ ਮਿਟੀ ਦੀ ਢੇਰੀ ਬਣ ਜਾਵੇਗੀ ਤੇ ਰੂਹ ਸੰਸਾਰ ਤੋਂ ਕੂਚ ਕਰ ਜਾਵੇਗੀ। ਇਸ ਲਈ ਮਨੁਖ ਸਮੇਂ ਸਿਰ ਪ੍ਰਭੂ ਦੀ ਬੰਦਗੀ ਵੱਲ ਪਰਤ ਆਵੇ।

Tags