ਇਸ
ਸ਼ਬਦ ਵਿਚ ਸ਼ੇਖ ਫਰੀਦ ਜੀ ਪ੍ਰਭੂ ਨਾਲ ਮਿਲਾਪ ਦੀ ਕਦਰ ਜਵਾਨੀ ਵੇਲੇ ਨਾ ਸਮਝਣ ਵਾਲੇ ਜਗਿਆਸੂ ਦੀ ਪੀੜਾਦਾਇਕ ਸਥਿਤੀ ਨੂੰ ਬਿਆਨ ਕਰਦੇ ਅਤੇ ਉਸ ਨੂੰ ਸਮੇਂ ਸਿਰ ਪ੍ਰਭੂ-ਮਿਲਾਪ ਲਈ ਜਤਨ ਕਰਨ ਦੀ ਪ੍ਰੇਰਣਾ ਦਿੰਦੇ ਹਨ। ਪ੍ਰਭੂ-ਮਿਲਾਪ ਤੋਂ ਬਿਨਾਂ ਮਨੁਖ ਸਦਾ ਦੁਖੀ ਰਹਿੰਦਾ ਹੈ। ਪਰ ਜਦੋਂ
ਗੁਰੂ ਦੀ ਕਿਰਪਾ ਸਦਕਾ ਇਹ ਮਿਲਾਪ ਹੋ ਜਾਂਦਾ ਹੈ ਤਾਂ ਪ੍ਰਭੂ ਅੰਗ-ਸੰਗ ਵਸਦਾ ਮਹਿਸੂਸ ਹੋਣ ਲੱਗ ਪੈਂਦਾ ਹੈ। ਉਸ ਦਾ ਜੀਵਨ ਸੁਖੀ ਹੋ ਜਾਂਦਾ ਹੈ।
ੴ ਸਤਿਗੁਰ ਪ੍ਰਸਾਦਿ ॥
ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥
ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥ ਬਾਵਲਿ ਹੋਈ ਸੋ ਸਹੁ ਲੋਰਉ ॥
ਤੈ ਸਹਿ ਮਨ ਮਹਿ ਕੀਆ ਰੋਸੁ ॥ ਮੁਝੁ ਅਵਗਨ ਸਹ ਨਾਹੀ ਦੋਸੁ ॥੧॥
ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥ ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥
ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥ ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥
ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥ ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥
ਵਿਧਣ ਖੂਹੀ ਮੁੰਧ ਇਕੇਲੀ ॥ ਨਾ ਕੋ ਸਾਥੀ ਨਾ ਕੋ ਬੇਲੀ ॥
ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥
ਵਾਟ ਹਮਾਰੀ ਖਰੀ ਉਡੀਣੀ ॥ ਖੰਨਿਅਹੁ ਤਿਖੀ ਬਹੁਤੁ ਪਿਈਣੀ ॥
ਉਸੁ ਊਪਰਿ ਹੈ ਮਾਰਗੁ ਮੇਰਾ ॥ ਸੇਖ ਫਰੀਦਾ ਪੰਥੁ ਸਮੑਾਰਿ ਸਵੇਰਾ ॥੪॥੧॥
-ਗੁਰੂ ਗ੍ਰੰਥ ਸਾਹਿਬ ੭੯੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਭਗਤ ਫਰੀਦ ਜੀ ਦੱਸਦੇ ਹਨ ਕਿ ਜਦ ਉਹ ਜਵਾਨ ਸਨ ਤਾਂ ਉਨ੍ਹਾਂ ਦੀ ਦ੍ਰਿਸ਼ਟੀ ਸੰਸਾਰੀ ਰੁਝਾਨਾਂ ਵੱਲ ਹੀ ਲੱਗੀ ਰਹੀ, ਜਿਸ ਕਰਕੇ ਉਹ ਪ੍ਰਭੂ ਨਾਲ ਜੁੜਨ ਤੋਂ ਉੱਕ ਗਏ। ਹੁਣ ਜਦ ਜਵਾਨੀ ਦਾ ਸਮਾਂ ਲੰਘ ਚੁੱਕਾ ਹੈ, ਉਹ ਦੁਖੀ ਹੋ ਰਹੇ ਹਨ। ਬੇਵਸੀ ਕਾਰਣ ਉਹ ਪਛਤਾਵੇ ਵਿਚ ਹੱਥ ਮਰੋੜ ਰਹੇ। ਉਹ ਪ੍ਰਭੂ ਦੇ ਮਿਲਾਪ ਲਈ ਤਾਂਘ ਤਾਂ ਰਹੇ ਹਨ, ਪਰ ਅੰਦਰੋਂ ਅੰਦਰ ਇਹ ਵੀ ਜਾਣਦੇ ਹਨ ਕਿ ਉਹ ਬਹੁਤ ਦੇਰ ਕਰ ਬੈਠੇ ਹਨ। ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਇਸ ਵਿਚ ਦੋਸ਼ ਕਿਸੇ ਹੋਰ ਦਾ ਨਹੀਂ, ਸਿਰਫ ਉਨ੍ਹਾਂ ਦੇ ਆਪਣੇ ਹੀ ਔਗੁਣਾਂ ਦਾ ਹੈ। ਸ਼ੇਖ ਫਰੀਦ ਜੀ ਦੇ ਇਹ ਸ਼ਬਦ ਇਥੇ ਆਤਮ-ਜਾਗਰੂਕਤਾ ਦਾ ਸੰਦੇਸ਼ ਦੇ ਰਹੇ ਹਨ, ਜਿਸ ਵਿਚ ਮਨੁਖ ਆਪਣੀ ਗਲਤੀ ਨੂੰ ਮਹਿਸੂਸ ਕਰਦਾ ਹੈ ਅਤੇ ਪ੍ਰਭੂ ਦੀ ਬਖਸ਼ਿਸ਼ ਲਈ ਅਰਜ ਕਰਦਾ ਹੈ।
ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਸ਼ਬਦ ਦੇ ਕੇਂਦਰੀ ਭਾਵ ਨੂੰ ਪ੍ਰਗਟ ਕਰਦੀਆਂ ਹਨ। ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਜਦ ਉਹ ਜਵਾਨ ਸਨ, ਤਦ ਉਨ੍ਹਾਂ ਨੇ ਪ੍ਰਭੂ-ਪ੍ਰੀਤਮ ਦੇ ਮਿਲਾਪ ਦੀ ਮਹੱਤਤਾ ਨੂੰ ਨਹੀਂ ਜਾਣਿਆ। ਜਵਾਨੀ ਕਰਮ ਕਰਨ ਦਾ ਸਮਾਂ ਸੀ। ਜੋਸ਼ ਅਤੇ ਸਮਰੱਥਾ ਭਰੇ ਉਸ ਸਮੇਂ ਦੌਰਾਨ ਉਹ ਪ੍ਰਭੂ-ਪ੍ਰੀਤਮ ਦੀ ਬੰਦਗੀ ਵੱਲ ਧਿਆਨ ਨਾ ਦੇ ਸਕੇ। ਹੁਣ ਜਦ ਉਮਰ ਢਲ ਚੁੱਕੀ ਹੈ, ਜਵਾਨੀ ਪਿੱਛੇ ਰਹਿ ਗਈ ਹੈ, ਉਹ ਦੁਖੀ ਹੋ ਰਹੇ ਹਨ ਕਿ ਉਨ੍ਹਾਂ ਨੇ ਉਹ ਅਨਮੋਲ ਸਮਾਂ ਵਿਅਰਥ ਗਵਾ ਦਿੱਤਾ।
ਅਗਲੇ ਪਦੇ ਵਿਚ ਸ਼ੇਖ ਫਰੀਦ ਜੀ ਕੋਇਲ ਨਾਲ ਸੰਵਾਦ ਰਾਹੀਂ ਆਪਣੇ ਵਿਛੋੜੇ ਦੇ ਦੁਖ ਨੂੰ ਬਿਆਨ ਕਰਦੇ ਹਨ। ਉਹ ਕੋਇਲ ਨੂੰ ਪੁੱਛਦੇ ਹਨ ਕਿ ਤੂੰ ਕਾਲੀ ਕਿਉਂ ਹੋ ਗਈ ਹੈਂ? ਕੋਇਲ ਜਵਾਬ ਦਿੰਦੀ ਹੈ ਕਿ ਉਹ ਆਪਣੇ ਪਿਆਰੇ ਪ੍ਰੀਤਮ ਤੋਂ ਵਿਛੜ ਕੇ ਸੜ ਗਈ ਹੈ। ਇਹ ਸੰਵਾਦ ਇਕ ਗੰਭੀਰ ਸੰਵੇਦਨਾ ਨੂੰ ਪ੍ਰਗਟ ਕਰਦਾ ਅਤੇ ਸਾਨੂੰ ਦੱਸਦਾ ਹੈ ਕਿ ਪ੍ਰਭੂ ਮਿਲਾਪ ਤੋਂ ਵਾਂਝਾ ਜੀਵਨ ਨੀਰਸ ਅਤੇ ਬੇਰੰਗ ਹੋ ਜਾਂਦਾ ਹੈ। ਪਰ ਨਾਲ ਹੀ ਇਥੇ ਇਹ ਵੀ ਦਰਸਾਇਆ ਗਿਆ ਹੈ ਕਿ ਪ੍ਰਭੂ ਨਾਲ ਮਿਲਾਪ ਸਿਰਫ ਗੁਰੂ ਦੀ ਕਿਰਪਾ ਰਾਹੀਂ ਹੀ ਸੰਭਵ ਹੈ — ਜਦ ਗੁਰੂ ਮਿਹਰ ਕਰੇ, ਤਦ ਹੀ ਪ੍ਰਭੂ ਮਿਲਦਾ ਹੈ।
ਅੱਗੇ ਫਰੀਦ ਜੀ ਆਪਣੀ ਹਾਲਤ ਨੂੰ ਇਕ ਨਿਖਸਮੀ (ਬੇਸਹਾਰਾ ਜਾਂ ਅਸਹਾਇ) ਇਸਤਰੀ ਨਾਲ ਤੁਲਨਾਉਂਦੇ ਹਨ, ਜੋ ਆਪਣੇ ਪਤੀ ਤੋਂ ਵਿਛੜ ਕੇ ਇਕ ਖੂਹ ਵਿਚ ਡਿੱਗੀ ਹੋਈ ਹੈ। ਇਹ ‘ਖੂਹ’ ਸੰਸਾਰ ਦੀ ਪ੍ਰਤੀਕਾਤਮਕ ਤਸਵੀਰ ਹੈ — ਅਜਿਹਾ ਸੰਸਾਰ ਜੋ ਦਿੱਸਣ ਵਿਚ ਸੋਹਣਾ ਹੈ, ਪਰ ਅੰਦਰੋਂ ਖਾਲੀ ਅਤੇ ਡਰਾਉਣਾ ਹੈ। ਉਸ ਵਿਚ ਨਾ ਕੋਈ ਸਾਥੀ ਹੈ, ਨਾ ਕੋਈ ਮਦਦਗਾਰ। ਇਹ ਮਨੁਖੀ ਇਕੱਲੇਪਨ ਦੀ ਮਾਨਸਕ ਪੀੜਾ ਨੂੰ ਦਰਸਾਉਂਦਾ ਹੈ। ਪਰ ਜਦ ਪ੍ਰਭੂ ਦੀ ਦਇਆ ਹੋਈ, ਤਦ ਗੁਰੂ ਦੀ ਕਿਰਪਾ ਰਾਹੀਂ ਉਨ੍ਹਾਂ ਨੇ ਪ੍ਰਭੂ ਨੂੰ ਅਨੁਭਵ ਕਰ ਲਿਆ। ਹੁਣ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਪ੍ਰਭੂ ਸਦਾ ਨਾਲ ਹੈ। ਇਹ ਅਨੁਭਵ ਆਤਮਕ ਜੀਵਨ ਦੀ ਉਚੇਰੀ ਅਵਸਥਾ ਹੈ — ਜਿਥੇ ਮਿਲਾਪ ਹੈ, ਅਨੰਦ ਹੈ, ਅਤੇ ਪ੍ਰਭੂ ਦੇ ਸਦਾ ਅੰਗ-ਸੰਗ ਹੋਣ ਦੀ ਚੇਤਨਾ ਹੈ।
ਸ਼ਬਦ ਦੇ ਅੰਤ ਵਿਚ ਫਰੀਦ ਜੀ ਆਪਣੇ ਆਪ ਨੂੰ ਮੁਖਾਤਬ ਹੁੰਦੇ ਹੋਏ ਕਹਿੰਦੇ ਹਨ ਕਿ ਮੌਤ ਤੋਂ ਬਾਅਦ ਜਿਨ੍ਹਾਂ ਰਾਹਾਂ ਉੱਤੇ ਰੂਹ ਨੂੰ ਤੁਰਨਾ ਪੈਂਦਾ ਹੈ, ਉਹ ਬਹੁਤ ਹੀ ਕਠਿਨ ਹਨ। ਇਹ ਰਾਹ ਖੰਡੇ ਦੀ ਧਾਰ ਨਾਲੋਂ ਤਿੱਖੇ ਹਨ, ਵਾਲ ਨਾਲੋਂ ਬਰੀਕ ਹਨ। ਜੇ ਤੂੰ ਹੁਣ ਤਿਆਰੀ ਨਹੀਂ ਕਰੇਂਗਾ, ਜਵਾਨੀ ਲੰਘ ਗਈ ਤਾਂ ਫਿਰ ਮੌਤ ਤੋਂ ਬਾਅਦ ਪਛਤਾਵਾ ਹੀ ਪੱਲੇ ਰਹਿ ਜਾਵੇਗਾ। ਇਸ ਲਈ ਵੇਲੇ ਸਿਰ — ਜਦ ਤਕ ਜੀਵਨ ਹੈ, ਜਦ ਤਕ ਤੰਦਰੁਸਤੀ ਤੇ ਸਮਰੱਥਾ ਹੈ — ਪ੍ਰਭੂ-ਪ੍ਰੀਤਮ ਨਾਲ ਮਿਲਾਪ ਦੀ ਤਿਆਰੀ ਕਰ ਲੈ।
ਸਮੁੱਚੇ ਰੂਪ ਵਿਚ ਇਹ ਸ਼ਬਦ ਸਾਨੂੰ ਪ੍ਰੇਰਨਾ ਦੇ ਰਿਹਾ ਹੈ ਕਿ ਵਿਛੋੜਾ ਬਹੁਤ ਦੁਖਦਾਈ ਹੁੰਦਾ ਹੈ। ਵਿਛੋੜਾ — ਆਪਣੇ ਪ੍ਰੀਤਮ ਤੋਂ ਵਖਰੇ ਹੋਣ ਦਾ ਝੋਰਾ — ਮਨੁਖ ਨੂੰ ਨੀਰਸ ਤੇ ਨਿਰਜਿੰਦ ਬਣਾ ਦਿੰਦਾ ਹੈ। ਇਸ ਲਈ ਪ੍ਰਭੂ-ਪ੍ਰੀਤਮ ਨਾਲ ਮਿਲਾਪ ਹੀ ਮਨੁਖਾ ਜੀਵਨ ਦਾ ਅਸਲ ਉਦੇਸ਼ ਹੈ। ਇਸ ਦੇ ਲਈ ਜਵਾਨੀ ਦਾ ਸਮਾਂ ਖਾਸ ਮਹੱਤਤਾ ਰਖਦਾ ਹੈ — ਇਸ ਨੂੰ ਵਿਅਰਥ ਨਾ ਗਵਾਓ। ਇਸ ਨੂੰ ਵਿਅਰਥ ਗਵਾਉਣਾ ਇਕ ਗਹਿਰੇ ਦੁਖ ਤੇ ਪਛਤਾਵੇ ਦਾ ਕਾਰਨ ਬਣ ਸਕਦਾ ਹੈ। ਮਿਲਾਪ ਸਤਿਗੁਰੂ ਦੀ ਕਿਰਪਾ—ਸਾਧਸੰਗਤ ਤੇ ਗੁਰਸ਼ਬਦ ਦੀ ਬਰਕਤ—ਨਾਲ ਹੀ ਹੋ ਸਕਦਾ ਹੈ। ਇਸ ਲਈ ਜਵਾਨੀ ਵੇਲੇ ਹੀ ਤਿਆਰੀ ਅਰੰਭ ਦੇਣੀ ਚਾਹੀਦੀ ਹੈ, ਨਹੀਂ ਤਾਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ।