ਕੱਤਕ ਦੇ ਮਹੀਨੇ ਵਿਚ ਮੌਸਮ ਠੰਡਾ ਹੋ ਜਾਂਦਾ ਹੈ। ਪਰ ਜਗਿਆਸੂ ਪ੍ਰਭੂ ਤੋਂ ਬਿਨਾਂ ਦੁਖੀ ਹੀ ਰਹਿੰਦਾ ਹੈ। ਗੁਰੂ ਸਾਹਿਬ ਨੇ ਇਸ ਬਾਣੀ ਦੇ ਪਹਿਲੇ ਪਦੇ ਦੇ ਅਰੰਭ ਵਿਚ ਹੀ ਪ੍ਰਭੂ ਤੋਂ ਮਨੁਖ ਦੇ ਵਿਛੋੜੇ ਦਾ ਕਾਰਣ ਮਨੁਖ ਦੇ ਆਪਣੇ ਕੀਤੇ ਮਾੜੇ ਕਰਮ ਦੱਸੇ ਹਨ। ਇਸ ਮਹੀਨੇ ਵਿਚ ਫਿਰ ਦਰਸਾਉਂਦੇ ਹਨ ਕਿ ਮਨੁਖ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਹੀ ਭੋਗਣਾ ਪੈਂਦਾ ਹੈ। ਜਿਨ੍ਹਾਂ ਸੰਸਾਰਕ ਚਸਕਿਆਂ ਦੀ ਖਾਤਰ ਮਨੁਖ ਪ੍ਰਭੂ ਨੂੰ ਭੁਲਾਉਂਦਾ ਹੈ, ਅੰਤ ਉਹੀ ਦੁਖਦਾਈ ਹੋ ਜਾਂਦੇ ਹਨ। ਪਰ ਜਿਨ੍ਹਾਂ ਜਗਿਆਸੂਆਂ ਨੂੰ ਪ੍ਰਭੂ ਅਨੁਭਵ ਹੋ ਜਾਵੇ, ਉਨ੍ਹਾਂ ਦੇ ਸਾਰੇ ਦੁਖ-ਸੰਤਾਪ ਦੂਰ ਹੋ ਜਾਂਦੇ ਹਨ।
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥
ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥
ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥
-ਗੁਰੂ ਗ੍ਰੰਥ ਸਾਹਿਬ ੧੩੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਕੱਤਕ ਮਹੀਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਮਨੁਖ ਦੇ ਜੀਵਨ ਵਿਚ ਜੋ ਕੁਝ ਵੀ ਹੁੰਦਾ ਹੈ, ਉਸ ਦੇ ਆਪਣੇ ਕੀਤੇ ਹੋਏ ਕੰਮਾਂ ਕਾਰਣ ਹੀ ਹੁੰਦਾ ਹੈ। ਇਸ ਲਈ ਉਸ ਦੇ ਜੀਵਨ ਵਿਚ ਆਏ ਦੁਖ ਲਈ ਕਿਸੇ ਹੋਰ ਨੂੰ ਦੋਸ਼ ਦੇਣਾ ਠੀਕ ਨਹੀਂ ਹੈ। ਭਾਵ, ਮਨੁਖ ਦੇ ਜੀਵਨ ਵਿਚ ਆਏ ਸੰਕਟ ਲਈ ਮਨੁਖ ਦੇ ਕੀਤੇ ਕਰਮ ਹੀ ਜਿੰਮੇਵਾਰ ਹੁੰਦੇ ਹਨ। ਉਹੀ ਉਸ ਦੇ ਅੱਗੇ ਆਉਂਦੇ ਹਨ, ਜਿਸ ਲਈ ਕੋਈ ਦੂਸਰਾ ਦੋਸ਼ੀ ਨਹੀਂ ਹੁੰਦਾ।
ਸਵਾਲ ਪੈਦਾ ਹੁੰਦਾ ਹੈ ਕਿ ਮਨੁਖ ਅਜਿਹੇ ਕਰਮ ਕਰਦਾ ਹੀ ਕਿਉਂ ਹੈ? ਇਸ ਦਾ ਜਵਾਬ ਇਹ ਦਿੱਤਾ ਗਿਆ ਹੈ ਕਿ ਅਸਲ ਵਿਚ ਜਦ ਮਨੁਖ ਪ੍ਰਭੂ-ਪਰਮੇਸ਼ਰ ਨੂੰ ਭੁੱਲ ਜਾਵੇ ਤਾਂ ਹੀ ਉਹ ਬੁਰੇ ਕੰਮਾਂ ਵਿਚ ਪੈ ਜਾਂਦਾ ਹੈ। ਬੁਰੇ ਕੰਮਾਂ ਦੇ ਬੁਰੇ ਨਤੀਜੇ ਵਜੋਂ ਉਸ ਨੂੰ ਹਰ ਤਰ੍ਹਾਂ ਦੇ ਰੋਗ ਚਿੰਬੜ ਜਾਂਦੇ ਹਨ। ਭਾਵ, ਦੁਖਾਂ-ਤਕਲੀਫਾਂ ਦਾ ਅਸਲ ਕਾਰਣ ਪ੍ਰਭੂ ਦਾ ਚੇਤਾ ਨਾ ਰਖਣਾ ਜਾਂ ਭੁੱਲ ਜਾਣ ਹੈ।
ਜਿਹੜੇ ਲੋਕ ਪ੍ਰਭੂ ਤੋਂ ਪਾਸਾ ਵੱਟ ਲੈਂਦੇ ਜਾਂ ਉਸ ਨੂੰ ਭੁੱਲ ਜਾਂਦੇ ਹਨ, ਉਨ੍ਹਾਂ ਦਾ ਸਾਰਾ ਜੀਵਨ ਵਿਛੋੜੇ ਵਿਚ ਹੀ ਬਸਰ ਹੁੰਦਾ ਹੈ। ਉਨ੍ਹਾਂ ਦਾ ਸਾਰਾ ਜੀਵਨ ਇਸ ਤਰ੍ਹਾਂ ਬਤੀਤ ਹੁੰਦਾ ਹੈ, ਜਿਵੇਂ ਕੋਈ ਆਪਣੇ-ਆਪ ਤੋਂ ਵਿੱਛੜਿਆ ਹੋਇਆ ਹੋਵੇ। ਕਿਉਂਕਿ ਪ੍ਰਭੂ ਨੂੰ ਭੁੱਲਣਾ ਆਪਣੇ-ਆਪ ਨੂੰ ਭੁੱਲਣ ਤੁੱਲ ਹੈ।
ਉੱਪਰ ਦੱਸੀ ਪ੍ਰਭੂ ਦੇ ਵਿਛੋੜੇ ਦੀ ਅਵਸਥਾ ਅਜਿਹੀ ਹੈ ਕਿ ਪਦਾਰਥਕ ਚਮਕ-ਦਮਕ ਭਰੇ ਐਸ਼ੋ-ਇਸ਼ਰਤ ਵਾਲਾ ਖਾਣ-ਪਾਣ ਪਲ ਵਿਚ ਹੀ ਬੇਕਾਰ ਅਤੇ ਬੇਸੁਆਦਾ ਲੱਗਣ ਲੱਗ ਪੈਂਦਾ ਹੈ। ਭਾਵ, ਖਾਣ-ਪਾਣ ਆਦਿ ਦੇ ਰਸੀਲੇ ਸੁਆਦ ਤਾਂ ਹੀ ਚੰਗੇ ਲੱਗਦੇ ਹਨ, ਜੇ ਮਨੁਖ ਪ੍ਰਭੂ ਤੋਂ ਵਿਛੋੜੇ ਦੀ ਹਾਲਤ ਵਿਚ ਨਾ ਹੋਵੇ ਜਾਂ ਆਪਣੇ ਮੁਕੰਮਲ ਆਪੇ ਵਿਚ ਕਾਇਮ ਹੋਵੇ।
ਮਨੁਖ ਤੇ ਪ੍ਰਭੂ ਦਰਮਿਆਨ ਪਿਆ ਵਿਛੋੜਾ ਅਜਿਹਾ ਹੈ ਕਿ ਜਿਸ ਨੂੰ ਕੋਈ ਵਿਚੋਲਗੀ ਕਰਕੇ ਮੇਟ ਨਹੀਂ ਸਕਦਾ। ਜੇ ਕੋਈ ਵਿਚੋਲਗੀ ਕਰਨ ਵਾਲਾ ਹੋਵੇ ਤਾਂ ਉਸ ਨੂੰ ਕੋਈ ਆਪਣਾ ਦੁਖ ਦੱਸਿਆ ਜਾ ਸਕਦਾ ਹੈ। ਪਰ ਜਦ ਕੋਈ ਵਿਚੋਲਗੀ ਕਰ ਹੀ ਨਹੀਂ ਸਕਦਾ ਤਾਂ ਕੋਈ ਆਪਣਾ ਦੁਖ ਦਰਦ ਕੀਹਦੇ ਕੋਲ ਜਾ ਕੇ ਰੋਵੇ। ਰੋਜ ਸ਼ਬਦ ਦਾ ਅਰਥ ਰੋਜ ਰੋਜ, ਰੋਜਾਨਾ ਜਾਂ ਨਿਤਾ ਪ੍ਰਤੀ ਵੀ ਹੈ। ਇਸ ਦਾ ਅਰਥ ਵਿਛੋੜੇ ਦਾ ਦੁਖ ਵੀ ਹੁੰਦਾ ਹੈ। ਇਥੇ ਇਹ ਅਰਥ ਵੀ ਢੁਕਦਾ ਪ੍ਰਤੀਤ ਹੁੰਦਾ ਹੈ।
ਪ੍ਰਭੂ ਦੇ ਵਿਛੋੜੇ ਦੀ ਅਵਸਥਾ ਏਨੀ ਦੁਖਦਾਇਕ ਦੱਸੀ ਗਈ ਹੈ ਕਿ ਜਿਸ ਦਾ ਕੋਈ ਹੱਲ ਵੀ ਨਜਰ ਨਹੀਂ ਆਉਂਦਾ। ਇਸ ਲਈ ਅੱਗੇ ਦੱਸਿਆ ਗਿਆ ਹੈ ਕਿ ਇਸ ਹਾਲਤ ਵਿਚ ਜੇ ਕੋਈ ਕੁਝ ਕਰੇ ਵੀ ਤਾਂ ਵੀ ਕੁਝ ਨਹੀਂ ਹੁੰਦਾ। ਕਿਉਂਕਿ ਹੁੰਦਾ ਉਹੀ ਕੁਝ ਹੈ, ਜੋ ਮਨੁਖ ਦੀ ਕਿਸਮਤ ਵਿਚ ਲਿਖਿਆ ਹੁੰਦਾ ਹੈ ਜਾਂ ਤੈਅ ਹੁੰਦਾ ਹੈ। ਇਸ ਨੂੰ ਕਿਸੇ ਨਿੱਜੀ ਜਤਨ ਜਾਂ ਕੋਸ਼ਿਸ਼ ਨਾਲ ਟਾਲਿਆ ਨਹੀਂ ਜਾ ਸਕਦਾ।
ਪ੍ਰਭੂ ਨਾਲ ਪਏ ਵਿਛੋੜੇ ਦੇ ਦੁਖ ਤੋਂ ਤਾਂ ਹੀ ਛੁਟਕਾਰਾ ਮਿਲਦਾ ਹੈ, ਜੇ ਚੰਗੀ ਕਿਸਮਤ ਨਾਲ ਪ੍ਰਭੂ ਆਪ ਕਿਰਪਾ ਕਰਕੇ ਆ ਮਿਲੇ। ਭਾਵ, ਪ੍ਰਭੂ ਦੇ ਵਿਛੋੜੇ ਦਾ ਦੁਖ ਪ੍ਰਭੂ ਦੇ ਮਿਲਾਪ ਨਾਲ ਹੀ ਦੂਰ ਹੁੰਦਾ ਹੈ। ਹੋਰ ਕਿਸੇ ਜਤਨ ਨਾਲ ਨਹੀਂ। ਬਲਕਿ ਬਾਕੀ ਸਭ ਕੋਸ਼ਿਸ਼ਾਂ ਨਾਕਾਮ ਸਾਬਤ ਹੁੰਦੀਆਂ ਹਨ। ਇਥੇ ਕਿਸਮਤ ਜਾਂ ਭਾਗ ਆਦਿ ਸ਼ਬਦਾਂ ਨੂੰ ਪ੍ਰਭੂ-ਮਿਲਾਪ ਦੇ ਅਨੰਦ ਨੂੰ ਦਰਸਾਉਣ ਲਈ ਵਰਤੇ ਗਏ ਮੁਹਾਵਰੇ ਵਜੋਂ ਹੀ ਲੈਣਾ ਚਾਹੀਦਾ ਹੈ।
ਪ੍ਰਭੂ ਦੇ ਵਿਛੋੜੇ ਦੀ ਹਾਲਤ ਏਨੀ ਦੁਖਦਾਇਕ ਹੁੰਦੀ ਹੈ ਕਿ ਇਨਸਾਨ ਨੂੰ ਲੱਗਦਾ ਹੈ ਜਿਵੇਂ ਉਹ ਇਕੱਲਤਾ ਦੀ ਸਜਾ ਭੋਗ ਰਿਹਾ ਹੋਵੇ ਤੇ ਜਿਵੇਂ ਉਸ ਨੂੰ ਕੈਦੀ ਬਣਾ ਕੇ ਜੇਲ ਵਿਚ ਸੁੱਟਿਆ ਹੋਇਆ ਹੋਵੇ। ਅਜਿਹੀ ਹਾਲਤ ਵਿਚ ਫਸੀ ਹੋਈ ਰੂਹ, ਅਜਿਹੀ ਕੈਦ ਤੋਂ ਮੁਕਤ ਕਰਾਉਣ ਦੇ ਸਮਰੱਥ, ਆਪਣੇ ਮਾਲਕ ਪ੍ਰਭੂ ਅੱਗੇ ਬੇਨਤੀ ਕਰਦੀ ਹੈ ਕਿ ਉਸ ਨੂੰ ਵਿਛੋੜੇ ਦੇ ਇਸ ਮਾਰੂ ਸੰਤਾਪ ਤੋਂ ਬਚਾ ਲਿਆ ਜਾਵੇ।
ਇਸ ਸ਼ਬਦ ਦੇ ਅਖੀਰ ਵਿਚ ਕੱਤਕ ਮਹੀਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜੇ ਪ੍ਰਭੂ ਨਾਲ ਪਏ ਵਿਛੋੜੇ ਵਿਚ ਜਗਿਆਸੂ ਨੂੰ ਭਲੇ ਤੇ ਗੁਣਵਾਨ ਮਨੁਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ ਤਾਂ ਉੱਪਰ ਦੱਸੇ ਸਾਰੇ ਜਤਨ, ਸੋਚਾਂ ਤੇ ਵਿਚਾਰਾਂ ਦਾ ਅੰਤ ਹੋ ਜਾਂਦਾ ਹੈ। ਭਾਵ, ਅਜਿਹੇ ਸਾਧੂ-ਜਨਾਂ ਦੀ ਸੰਗਤ ਸਦਕਾ ਪ੍ਰਭੂ ਨਾਲ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਤੇ ਸਾਰੇ ਸੰਤਾਪ ਮੁੱਕ ਜਾਂਦੇ ਹਨ।