Guru Granth Sahib Logo
  
ਅੱਸੂ ਦੇ ਮਹੀਨੇ ਦੀ ਰੁੱਤ ਬਹੁਤ ਮਿੱਠੀ ਹੁੰਦੀ ਹੈ, ਜਿਸ ਵਿਚ ਨਾ ਤਾਂ ਬਹੁਤੀ ਗਰਮੀ ਹੁੰਦੀ ਹੈ ਤੇ ਨਾ ਹੀ ਬਹੁਤੀ ਠੰਡ। ਇਸ ਰੁੱਤ ਵਿਚ ਪ੍ਰਭੂ-ਪ੍ਰੀਤਮ ਨਾਲ ਪ੍ਰੇਮ ਹੁਲਾਰੇ ਲੈਂਦਾ ਹੈ। ਉਨ੍ਹਾਂ ਸਤਿਸੰਗੀ ਜਨਾਂ ਦੀ ਸੰਗਤ ਕਰਨੀ ਚਾਹੀਦੀ ਹੈ, ਜੋ ਪ੍ਰਭੂ ਨਾਲ ਮਿਲਾਪ ਕਰਾਉਣ ਵਿਚ ਸਹਾਈ ਹੋਣ। ਜਿਨ੍ਹਾਂ ਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ, ਫਿਰ ਉਹ ਕਦੇ ਉਸ ਤੋਂ ਵਿਛੜਦੇ ਨਹੀਂ, ਸਦਾ ਸੁਖੀ ਵਸਦੇ ਹਨ।
ਅਸੁਨਿ  ਪ੍ਰੇਮ ਉਮਾਹੜਾ   ਕਿਉ ਮਿਲੀਐ ਹਰਿ ਜਾਇ
ਮਨਿ ਤਨਿ ਪਿਆਸ ਦਰਸਨ ਘਣੀ   ਕੋਈ ਆਣਿ ਮਿਲਾਵੈ  ਮਾਇ
ਸੰਤ ਸਹਾਈ ਪ੍ਰੇਮ ਕੇ   ਹਉ ਤਿਨ ਕੈ ਲਾਗਾ ਪਾਇ
ਵਿਣੁ ਪ੍ਰਭ ਕਿਉ ਸੁਖੁ ਪਾਈਐ   ਦੂਜੀ ਨਾਹੀ ਜਾਇ
ਜਿੰਨੑੀ ਚਾਖਿਆ ਪ੍ਰੇਮ ਰਸੁ   ਸੇ ਤ੍ਰਿਪਤਿ ਰਹੇ ਆਘਾਇ
ਆਪੁ ਤਿਆਗਿ ਬਿਨਤੀ ਕਰਹਿ   ਲੇਹੁ ਪ੍ਰਭੂ ਲੜਿ ਲਾਇ
ਜੋ ਹਰਿ ਕੰਤਿ ਮਿਲਾਈਆ   ਸਿ ਵਿਛੁੜਿ ਕਤਹਿ ਜਾਇ
ਪ੍ਰਭ ਵਿਣੁ ਦੂਜਾ ਕੋ ਨਹੀ   ਨਾਨਕ  ਹਰਿ ਸਰਣਾਇ
ਅਸੂ  ਸੁਖੀ ਵਸੰਦੀਆ   ਜਿਨਾ ਮਇਆ ਹਰਿ ਰਾਇ ॥੮॥
-ਗੁਰੂ ਗ੍ਰੰਥ ਸਾਹਿਬ ੧੩੪-੧੩੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਅੱਸੂ ਮਹੀਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਮਨ ਵਿਚ ਪਿਆਰ ਦੇ ਅਹਿਸਾਸ ਦਾ ਹੜ੍ਹ ਆਇਆ ਹੋਇਆ ਹੈ ਤੇ ਇਸ ਹਾਲਤ ਵਿਚ ਪਿਆਰੇ ਹਰੀ-ਪ੍ਰਭੂ ਨੂੰ ਜਾ ਕੇ ਕਿਸ ਤਰੀਕੇ ਨਾਲ ਮਿਲਿਆ ਜਾਵੇ? ਭਾਵ, ਉਹ ਕਿਹੜਾ ਤਰੀਕਾ ਹੈ, ਜਿਸ ਨਾਲ ਪਿਆਰੇ ਪ੍ਰਭੂ ਦਾ ਮਿਲਾਪ ਹੋ ਸਕੇ।

ਫਿਰ ਪ੍ਰਭੂ ਪਿਆਰ ਦੀ ਤੜਪ ਨੂੰ ਇਸ ਤਰ੍ਹਾਂ ਦੱਸਿਆ ਗਿਆ ਹੈ, ਜਿਵੇਂ ਕੋਈ ਆਪਣੀ ਮਾਂ ਨੂੰ ਆਪਣਾ ਦੁਖ ਦੱਸ ਰਿਹਾ ਹੋਵੇ ਕਿ ਤਨ ਅਤੇ ਮਨ ਅੰਦਰ ਪ੍ਰਭੂ ਦੇ ਦਰਸ਼ਨ ਕਰਨ ਦੀ ਬੜੀ ਹੀ ਪ੍ਰਬਲ ਇੱਛਾ ਪੈਦਾ ਹੋ ਰਹੀ ਹੈ। ਇਸ ਹਾਲਤ ਵਿਚ, ਹੇ ਮੇਰੀਏ ਮਾਏਂ, ਕੋਈ ਤਾਂ ਹੋਵੇ, ਜੋ ਪ੍ਰਭੂ ਨਾਲ ਮਿਲਾਪ ਕਰਵਾ ਦੇਵੇ। ਭਾਵ, ਕੋਈ ਅਜਿਹੀ ਹਸਤੀ ਹੋਵੇ, ਜੋ ਪ੍ਰਭੂ ਨੂੰ ਦਿਲ ਵਿਚ ਵਸਾ ਦੇਵੇ।

ਫਿਰ ਪਿਆਰੇ ਜਗਿਆਸੂ ਦੇ ਮਨ ਵਿਚ ਖਿਆਲ ਆਉਂਦਾ ਹੈ ਕਿ ਜਿਸ ਦੇ ਮਨ ਵਿਚ ਪ੍ਰਭੂ ਲਈ ਏਨਾ ਪਿਆਰ ਪੈਦਾ ਹੋ ਜਾਵੇ, ਉਸ ਦੀ ਸਹਾਇਤਾ ਕੋਈ ਪ੍ਰਭੂ ਦਾ ਪਿਆਰਾ ਸਤਸੰਗੀ ਹੀ ਕਰ ਸਕਦਾ ਹੈ। ਜੇ ਕਿਤੇ ਅਜਿਹੀ ਹਸਤੀ ਮਿਲ ਜਾਵੇ ਤਾਂ ਉਹ ਉਸ ਦੇ ਪੈਰੀਂ ਪੈ ਜਾਵੇ ਭਾਵ, ਉਸ ਲਈ ਬੇਹੱਦ ਧੰਨਵਾਦੀ ਹੋਵੇ। 

ਪ੍ਰਭੂ ਨੂੰ ਮਿਲਾਉਣ ਵਾਲੀ ਪਵਿੱਤਰ ਹਸਤੀ ਲਈ ਏਨਾ ਧੰਨਵਾਦੀ ਹੋਣ ਦੀ ਜ਼ਰੂਰਤ ਇਸ ਕਰਕੇ ਹੈ, ਕਿਉਂਕਿ ਪ੍ਰਭੂ ਦੇ ਬਿਨਾਂ ਜੀਵਨ ਵਿਚ ਕਿਸੇ ਤਰ੍ਹਾਂ ਵੀ ਸੁਖ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਉਸ ਦੇ ਬਿਨਾਂ ਕੋਈ ਵੀ ਹੋਰ ਅਜਿਹੀ ਥਾਂ ਹੈ। ਭਾਵ, ਪ੍ਰਭੂ ਕੋਲ ਜਾਇਆਂ ਹੀ ਜੀਵਨ ਵਿਚ ਸੁਖ ਨਸੀਬ ਹੋ ਸਕਦਾ ਹੈ।

ਉੱਪਰ ਦੱਸਿਆ ਤੱਥ ਇਸ ਕਰਕੇ ਸੱਚ ਹੈ, ਕਿਉਂਕਿ ਜਿਨ੍ਹਾਂ ਨੇ ਵੀ ਪ੍ਰਭੂ ਦੇ ਪ੍ਰੇਮ ਦਾ ਰਸੀਲਾ ਅਹਿਸਾਸ ਮਾਣਿਆ ਹੈ, ਉਹ ਬੜੇ ਹੀ ਭਰੇ-ਭਰੇ ਤੇ ਸਬਰ ਸੰਤੋਖ ਵਿਚ ਰਹਿੰਦੇ ਹਨ। ਭਾਵ, ਉਨ੍ਹਾਂ ਨੂੰ ਕੋਈ ਕਮੀ-ਪੇਸ਼ੀ ਨਹੀਂ ਹੁੰਦੀ ਤੇ ਉਹ ਹਮੇਸ਼ਾ ਇਸ ਤਰ੍ਹਾਂ ਰਹਿੰਦੇ ਹਨ, ਜਿਵੇਂ ਉਹ ਬੜੇ ਹੀ ਪਰਿਪੂਰਨ ਅਤੇ ਸੰਪੰਨ ਹੋਣ।

ਫਿਰ ਉੱਪਰ ਦੱਸੇ ਲੋਕਾਂ ਨੂੰ ਦੇਖ ਕੇ ਆਪਣੇ-ਆਪੇ ਨੂੰ ਤਿਆਗ ਕੇ ਭਾਵ ਅਤਿਅੰਤ ਨਿਮਰਤਾ ਵਿਚ ਆ ਕੇ ਮਨ ਵਿਚ ਬੇਨਤੀ ਦਾ ਭਾਵ ਜਾਗਦਾ ਹੈ ਕਿ ਪ੍ਰਭੂ ਆਪਣੇ ਮਿਲਾਪ ਦੀ ਮਿਹਰ ਕਰ ਦੇਵੇ ਭਾਵ, ਆਪਣੇ ਨਾਲ ਮਿਲਾ ਲਵੇ।

ਅੱਗੇ ਪ੍ਰਭੂ-ਮਿਲਾਪ ਦੀ ਵਿਸ਼ੇਸ਼ਤਾ ਦੱਸੀ ਗਈ ਹੈ ਕਿ ਇਨਸਾਨੀ ਪਿਆਰ ਵਿਚ ਤਾਂ ਵਿਛੋੜਾ ਪੈਣਾ ਹੀ ਪੈਣਾ ਹੁੰਦਾ ਹੈ, ਪਰ ਜਿਨ੍ਹਾਂ ਲੋਕਾਂ ਨੂੰ ਆਪਣੇ ਮਾਲਕ ਪ੍ਰਭੂ ਦਾ ਪਿਆਰ ਭਰਿਆ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਫਿਰ ਉਨ੍ਹਾਂ ਦੇ ਜੀਵਨ ਵਿਚ ਕਦੇ ਵੀ ਵਿਛੋੜਾ ਨਹੀਂ ਪੈਂਦਾ। ਭਾਵ, ਸਿਰਫ ਪ੍ਰਭੂ ਦਾ ਪਿਆਰ ਅਤੇ ਮਿਲਾਪ ਹੀ ਸਦੀਵੀ ਹੁੰਦਾ ਹੈ। ਬਾਕੀ ਸਾਰੇ ਸਹਾਰੇ ਸਾਥ ਛੱਡਣ ਵਾਲੇ ਹੀ ਹੁੰਦੇ ਹਨ ਤੇ ਕਦੇ ਵੀ ਨਾਲ ਨਹੀਂ ਨਿਭਦੇ।

ਫਿਰ ਇਹ ਸੱਚ ਦੱਸਿਆ ਗਿਆ ਹੈ ਕਿ ਉੱਪਰ ਦੱਸੀਆਂ ਸਿਫਤਾਂ ਵਾਲਾ ਪ੍ਰਭੂ ਦੇ ਬਿਨਾਂ ਦੂਜਾ ਹੋਰ ਕੋਈ ਵੀ ਨਹੀਂ ਹੈ। ਇਸ ਲਈ ਸਿਰਫ ਉਸ ਹਰੀ-ਪ੍ਰਭੂ ਦੀ ਸ਼ਰਣ ਵਿਚ ਹੀ ਜਾਣਾ ਚਾਹੀਦਾ ਹੈ। ਭਾਵ, ਪ੍ਰਭੂ ਹੀ ਮੁਕੰਮਲ ਸਮਰਪਣ ਦਾ ਹੱਕਦਾਰ ਹੈ।

ਅਖੀਰ ਵਿਚ ਅੱਸੂ ਮਹੀਨੇ ਦੇ ਹਵਾਲੇ ਨਾਲ ਫਿਰ ਦੱਸਿਆ ਗਿਆ ਹੈ ਕਿ ਅਸਲ ਵਿਚ ਉਹੀ ਲੋਕ ਜੀਵਨ ਦਾ ਸੁਖ ਮਾਣਦੇ ਹਨ, ਜਿਨ੍ਹਾਂ ਉੱਤੇ ਹਰੀ-ਪ੍ਰਭੂ ਆਪਣੀ ਕਿਰਪਾ ਕਰ ਦਿੰਦਾ ਹੈ। ਭਾਵ, ਪ੍ਰਭੂ ਦੀ ਮਿਹਰ ਦੇ ਬਗੈਰ ਉਸ ਦਾ ਮਿਲਾਪ ਪ੍ਰਾਪਤ ਨਹੀਂ ਹੋ ਸਕਦਾ ਤੇ ਉਸ ਦੇ ਮਿਲਾਪ ਬਿਨਾਂ ਜੀਵਨ ਦਾ ਸੁਖ ਨਹੀਂ ਮਾਣਿਆ ਜਾ ਸਕਦਾ।

Tags