ਮਾਘ ਤੋਂ ਬਾਅਦ ਫੱਗਣ ਦੇ ਮਹੀਨੇ ਵਿਚ ਮੌਸਮ ਇਕ ਨਵਾਂ ਮੋੜ ਲੈ ਲੈਂਦਾ ਹੈ। ਸਰਦੀ ਘੱਟਣੀ ਸ਼ੁਰੂ ਹੋ ਜਾਂਦੀ ਹੈ। ਇਸ ਮਹੀਨੇ ਵਿਚ ਹੋਲੀ ਤੇ ਬਸੰਤ ਦੇ ਤਿਉਹਾਰ ਆਉਂਦੇ ਹਨ। ਗੁਰੂ ਨਾਨਕ ਸਾਹਿਬ (ਤੁਖਾਰੀ ਰਾਗ ਵਿਚ ਦਰਜ ਬਾਰਹਮਾਹਾ) ਅਤੇ ਗੁਰੂ ਅਰਜਨ ਸਾਹਿਬ ਨੇ ਇਸ ਮਹੀਨੇ ਵਿਚ ਜਗਿਆਸੂ ਦੇ ਪ੍ਰਭੂ ਨਾਲ ਮਿਲਾਪ ਦਾ ਜਿਕਰ ਕੀਤਾ ਹੈ। ਸਾਧਸੰਗਤ ਵਿਚ ਪ੍ਰਭੂ ਦੀ ਸਿਫਤਿ-ਸਾਲਾਹ ਕੀਤਿਆਂ, ਜਗਿਆਸੂ ਦਾ ਜੀਵਨ ਏਨਾ ਉੱਚਾ-ਸੁੱਚਾ ਹੋ ਜਾਂਦਾ ਹੈ ਕਿ ਪ੍ਰਭੂ ਨਾਲੋਂ ਉਸ ਦੀ ਦੂਰੀ ਮਿਟ ਜਾਂਦੀ ਹੈ। ਹਰ ਵੇਲੇ ਉਸ ਦੇ ਅੰਦਰ ਅਨੰਦ ਬਣਿਆ ਰਹਿੰਦਾ ਹੈ।
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥
ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥
ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥
ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥
ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥
ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥
ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥
-ਗੁਰੂ ਗ੍ਰੰਥ ਸਾਹਿਬ ੧੩੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਫਲਗੁਣ ਫੱਗਣ ਮਹੀਨੇ ਨੂੰ ਕਿਹਾ ਜਾਂਦਾ ਹੈ। ਇਸ ਮਹੀਨੇ ਦੇ ਹਵਾਲੇ ਨਾਲ ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਅਨੰਦ ਦੀ ਅਵਸਥਾ ਪ੍ਰਾਪਤ ਹੋ ਗਈ ਹੈ। ਫਿਰ ਇਸ ਅਨੰਦ ਦੀ ਪ੍ਰਾਪਤੀ ਦਾ ਕਾਰਣ ਦੱਸਿਆ ਗਿਆ ਹੈ ਕਿ ਹਰੀ-ਸੱਜਣ ਜੀ ਪ੍ਰਗਟ ਹੋ ਗਏ ਹਨ, ਭਾਵ ਉਸ ਦੀ ਹਾਜ਼ਰ-ਨਾਜ਼ਰਤਾ ਦਾ ਅਹਿਸਾਸ ਹੋ ਗਿਆ ਹੈ। ਇਥੇ ਪ੍ਰਗਟੇ ਸ਼ਬਦ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਭਾਵ, ਪ੍ਰਭੂ ਕਿਤੋਂ ਇਧਰੋਂ-ਉਧਰੋਂ ਨਹੀਂ ਆਇਆ, ਬਲਕਿ ਪ੍ਰਗਟ ਹੋਇਆ ਹੈ। ਜਿਸ ਦਾ ਅਰਥ ਹੈ ਕਿ ਉਹ ਹਮੇਸ਼ਾ ਤੋਂ ਹੀ ਮੌਜੂਦ ਹੈ। ਪਰ ਉਸ ਦਾ ਪਤਾ ਨਹੀਂ ਸੀ। ਹੁਣ ਉਸ ਦੀ ਹਸਤੀ ਜਾਂ ਵਜੂਦ ਨਜਰ ਆ ਗਿਆ ਹੈ। ਉਸ ਵਜੂਦ ਦੇ ਪ੍ਰਗਟ ਹੋਣ ਵਿਚ ਹੀ ਅਨੰਦ ਹੈ।
ਵਿਆਪਕ ਪ੍ਰਭੂ ਦੇ ਇਸ ਅਹਿਸਾਸ ਨੂੰ ਜਗਾਉਣ ਵਿਚ ਸਾਧੂ-ਜਨ ਸਹਾਈ ਹੋਏ ਹਨ। ਸਾਧੂ-ਜਨਾ ਨੇ ਮਿਹਰ ਕਰਕੇ ਪ੍ਰਭੂ ਨਾਲ ਮਿਲਾਪ ਕਰਾ ਦਿੱਤਾ ਹੈ। ਭਾਵ, ਸ਼ਾਂਤ-ਚਿੱਤ ਅਤੇ ਸਹਿਜ ਅਵਸਥਾ ਵਾਲੇ ਭਲੇ ਲੋਕਾਂ ਦੀ ਸੰਗਤ ਅਤੇ ਸਿਖਿਆ ਸਦਕਾ ਪ੍ਰਭੂ ਨਾਲ ਮਿਲਾਪ ਹੋ ਗਿਆ ਹੈ।
ਪ੍ਰਭੂ-ਮਿਲਾਪ ਵਾਲੀ ਅਵਸਥਾ ਏਨੀ ਚੰਗੀ ਹੈ ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ, ਜਿਵੇਂ ਸਾਰੇ ਸੁਖ ਪ੍ਰਾਪਤ ਹੋ ਗਏ ਹੋਣ ਤੇ ਦੁਖਾਂ ਲਈ ਕੋਈ ਵੀ ਥਾਂ ਨਾ ਬਚੀ ਹੋਵੇ। ਹਰ ਪਾਸੇ ਸੁਖ ਹੀ ਸੁਝ ਮਹਿਸੂਸ ਹੋ ਰਹੇ ਹਨ ਤੇ ਕਿਤੇ ਵੀ ਕੋਈ ਦੁਖ ਨਹੀਂ ਰਿਹਾ।
ਪ੍ਰਭੂ-ਮਿਲਾਪ ਦੀ ਅਵਸਥਾ ਨੂੰ ਫਿਰ ਹੋਰ ਪ੍ਰਤੀਕ ਰਾਹੀਂ ਦੱਸਿਆ ਗਿਆ ਹੈ ਕਿ ਜਿਵੇਂ ਵੱਡੀ ਕਿਸਮਤ ਵਾਲੀ ਇਸਤਰੀ ਦੀ ਇੱਛਾ ਪੂਰੀ ਹੋ ਗਈ ਹੋਵੇ ਤੇ ਉਸ ਨੂੰ ਪ੍ਰਭੂ-ਪਾਤਸ਼ਾਹ ਵਰ ਰੂਪ ਵਿਚ ਪ੍ਰਾਪਤ ਹੋ ਗਿਆ ਹੋਵੇ। ਕਿਉਂਕਿ ਕਈ ਸਮਾਜਾਂ ਵਿਚ ਔਰਤਾਂ ਨੂੰ ਆਪਣੀ ਇੱਛਾ ਅਨੁਸਾਰ ਵਰ ਦੀ ਚੋਣ ਕਰਨ ਦੀ ਖੁੱਲ ਨਹੀਂ ਹੁੰਦੀ ਤੇ ਉਸ ਦੇ ਵਰ ਦੀ ਚੋਣ ਹਮੇਸ਼ਾ ਦੂਜੇ ਹੀ ਕਰਦੇ ਹਨ। ਇਸ ਲਈ ਔਰਤ ਦੀ ਆਪਣੀ ਇੱਛਾ ਅਨੁਸਾਰ ਵਰ ਮਿਲਣ ਦਾ ਪ੍ਰਤੀਕ ਬੜਾ ਹੀ ਢੁਕਵਾਂ ਹੈ।
ਫਿਰ ਇਸ ਪ੍ਰਤੀਕ ਵਾਲੀ ਇਸਤਰੀ, ਆਪਣੀਆਂ ਸਹੇਲੀਆਂ ਨਾਲ ਮਿਲ ਕੇ ਉਸ ਮਾਲਕ ਪ੍ਰਭੂ ਦੀ ਉਸਤਤੀ ਵਾਲੇ ਗੀਤ ਗਾਉਂਦੀ ਹੋਈ, ਆਪਣੇ ਮਨ ਦੀ ਅਥਾਹ ਖੁਸ਼ੀ ਸਾਂਝੀ ਕਰਦੀ ਹੈ। ਭਾਵ, ਉਹ ਦੱਸਦੀ ਹੈ ਕਿ ਉਸ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ।
ਫਿਰ ਇਹ ਇਸਤਰੀ ਦੱਸਦੀ ਹੈ ਕਿ ਹਰੀ-ਪ੍ਰਭੂ ਦੇ ਬਰਾਬਰ ਕੋਈ ਹੋਰ ਨਹੀਂ ਦਿਖਦਾ। ਦੂਜੀ ਗੱਲ ਇਹ ਵੀ ਹੈ ਕਿ ਪ੍ਰਭੂ ਦੇ ਬਗੈਰ ਕੋਈ ਹੋਰ ਨੇੜੇ ਵੀ ਨਹੀਂ ਆਉਂਦਾ। ਇਥੋਂ ਪਤਾ ਲੱਗਦਾ ਹੈ ਕਿ ਪ੍ਰਭੂ ਬੇਹੱਦ ਦੁਖੀ, ਲਾਚਾਰ ਤੇ ਬੇਸਹਾਰਿਆਂ ਦਾ ਮਦਦਗਾਰ ਸਾਬਤ ਹੁੰਦਾ ਹੈ, ਜਿਨ੍ਹਾਂ ਦੇ ਕੋਈ ਹੋਰ ਨੇੜੇ ਢੁੱਕਣਾ ਵੀ ਮੁਨਾਸਬ ਨਹੀਂ ਸਮਝਦਾ। ਇਸ ਕਰਕੇ ਉਸ ਜਿਹਾ ਕੋਈ ਹੋਰ ਨਹੀਂ ਹੈ।
ਪ੍ਰਭੂ ਨੇ ਸਾਧਕ ਜਨ ਦੇ ਜੀਵਨ ਦਾ ਹਰੇਕ ਪਖ ਸੁਧਾਰ ਦਿੱਤਾ ਹੈ। ਇਥੋਂ ਤਕ ਕਿ ਉਸ ਨੂੰ ਅਜਿਹੀ ਥਾਂ, ਭਾਵ ਮਾਣ-ਇੱਜ਼ਤ ਤੇ ਰੁਤਬਾ ਬਖਸ਼ ਦਿੱਤਾ ਹੈ, ਜਿਸ ਨੂੰ ਰੱਤੀ ਭਰ ਵੀ ਇਧਰ-ਉਧਰ ਨਹੀਂ ਕੀਤਾ ਜਾ ਸਕਦਾ। ਭਾਵ, ਹੁਣ ਉਸ ਨੂੰ ਆਪਣੀ ਬਿਹਤਰ ਹਾਲਤ ਦੇ ਮੁੜਕੇ ਵਿਗੜਨ ਦੀ ਕੋਈ ਚਿੰਤਾ ਨਹੀਂ ਰਹੀ।
ਪ੍ਰਭੂ ਨੇ ਸਾਧਕ ਜਨਾਂ ਨੂੰ ਸੰਸਾਰ ਸਮਝੇ ਜਾਂਦੇ ਇਸ ਸਮੁੰਦਰ ਵਿਚ ਡੁੱਬਣ ਨਹੀਂ ਦਿੱਤਾ। ਭਾਵ, ਉਨ੍ਹਾਂ ਨੂੰ ਸੰਸਾਰਕ ਜੀਵਨ ਬਸਰ ਕਰਦੇ ਹੋਏ ਵੀ ਪ੍ਰਭੂ ਨੇ ਆਪਣੇ ਲੜ ਲਾਈ ਰੱਖਿਆ ਹੈ। ਉਹ ਸੰਸਾਰੀ ਜੀਵਨ ਵਿਚ ਗਲਤਾਨ ਨਹੀਂ ਹੋਏ। ਇਸ ਕਰਕੇ ਉਨ੍ਹਾਂ ਦੇ ਮਨ ਵਿਚ ਦੁਬਾਰਾ ਜਨਮ ਲੈਣ ਦੀ ਇੱਛਾ ਨਹੀਂ ਰਹੇਗੀ। ਕਿਉਂਕਿ ਜਦ ਕੋਈ ਇਸ ਜਨਮ ਵਿਚ ਆਪਣੇ-ਆਪ ਦੀ ਭਰਪੂਰਤਾ ਵਾਲਾ ਜੀਵਨ ਨਹੀਂ ਜੀਅ ਸਕਦਾ ਤਾਂ ਉਸ ਦੇ ਮਨ ਵਿਚ ਇੱਛਾ ਪੈਦਾ ਹੁੰਦੀ ਹੈ ਕਿ ਉਸ ਨੂੰ ਦੁਬਾਰਾ ਜਨਮ ਮਿਲੇ ਤੇ ਉਹ ਆਪਣੀ ਇੱਛਾ ਪੂਰੀ ਕਰ ਸਕੇ। ਪਰ ਜਿਹੜਾ ਪ੍ਰਭੂ ਨੂੰ ਮਿਲ ਪੈਂਦਾ ਹੈ ਉਹ ਮੁੜ-ਮੁੜ ਜਨਮ ਲੈਣ ਦੀ ਇੱਛਾ ਤੋਂ ਮੁਕਤ ਹੋ ਜਾਂਦਾ ਹੈ।
ਪ੍ਰਭੂ ਦੀ ਸਿਫਤ ਦੱਸਦਿਆਂ ਹੋਇਆਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਏਨਾ ਚੰਗਾ ਹੈ ਕਿ ਉਸ ਦੇ ਸਾਰੇ ਗੁਣ ਦੱਸੇ ਹੀ ਨਹੀਂ ਜਾ ਸਕਦੇ। ਕਿਉਂਕਿ ਬੋਲਣ ਲਈ ਮਨੁਖ ਕੋਲ ਜੀਭ ਸਿਰਫ ਇਕ ਹੀ ਹੈ, ਪਰ ਪ੍ਰਭੂ ਦੇ ਗੁਣ ਅਣਗਿਣਤ ਹਨ। ਇਥੇ ਇਕ ਜੀਭ ਦਾ ਅਰਥ ਇਹੀ ਹੈ ਕਿ ਮਨੁਖ ਦੇ ਬੋਲਣ ਦੀ ਸੀਮਾ ਹੈ, ਪਰ ਪ੍ਰਭੂ ਦੇ ਗੁਣਾਂ ਦੀ ਕੋਈ ਸੀਮਾ ਨਹੀਂ ਹੈ। ਪ੍ਰਭੂ ਅਸੀਮ ਹੈ। ਇਸ ਲਈ ਜਿਹੜਾ ਵੀ ਕੋਈ ਉਸ ਦੇ ਚਰਨੀ ਲੱਗ ਜਾਂਦਾ ਹੈ, ਭਾਵ ਉਸ ਅਸੀਮ ਪ੍ਰਭੂ ਦੀ ਸਿਖਿਆ ’ਤੇ ਅਮਲ ਕਰਦਾ ਹੈ ਉਸ ਦਾ ਜੀਵਨ ਸੰਵਰ ਅਤੇ ਸੁਧਰ ਜਾਂਦਾ ਹੈ। ਉਹ ਤਰ ਜਾਂਦਾ ਹੈ।
ਪਦੇ ਦੇ ਅਖੀਰ ਵਿਚ ਫਿਰ ਫੱਗਣ ਮਹੀਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਉੱਪਰ ਦੱਸੇ ਅਨੰਤ ਗੁਣਾਂ ਵਾਲੇ ਪ੍ਰਭੂ ਦੀ ਹਰ ਰੋਜ ਸਿਫਤ ਕਰਨੀ ਚਾਹੀਦੀ ਹੈ। ਕਿਉਂਕਿ ਸਿਰਫ ਉਹੀ ਅਜਿਹੀ ਹਸਤੀ ਹੈ, ਜਿਸ ਦੇ ਅੰਦਰ ਤਿਲ, ਭਾਵ ਭੋਰਾ-ਭਰ ਵੀ ਲੋਭ ਲਾਲਚ ਨਹੀਂ ਹੈ।
ਇਥੇ ਤਿਲ ਸ਼ਬਦ ਦੇ ਅਰਬੀ ਭਾਸ਼ਾ ਮੁਤਾਬਕ ਛਲ-ਕਪਟ ਅਰਥ ਕਰਕੇ ਕਿਹਾ ਜਾ ਸਕਦਾ ਹੈ ਕਿ ਉਹ ਪ੍ਰਭੂ ਜਿਸ ਦੇ ਅੰਦਰ ਨਾ ਕੋਈ ਛਲ-ਕਪਟ ਜਾਂ ਖੋਟ ਹੈ ਤੇ ਨਾ ਹੀ ਕੋਈ ਲੋਭ-ਲਾਲਚ ਹੈ। ਇਸ ਲਈ ਸਿਰਫ ਉਹੀ ਸਿਫਤ ਦੇ ਲਾਇਕ ਹੈ ਤੇ ਉਸ ਦੀ ਹੀ ਸਿਫਤ ਕਰਨੀ ਚਾਹੀਦੀ ਹੈ।
ਇਥੇ ਇਹ ਨੁਕਤਾ ਵੀ ਵਿਚਾਰਨ ਵਾਲਾ ਹੈ ਕਿ ਆਮ ਤੌਰ ’ਤੇ ਕੋਈ ਵੀ ਮਦਦਗਾਰ ਕਿਸੇ ਨਾ ਕਿਸੇ ਆਪਣੇ ਮਤਲਬ ਲਈ ਕਿਸੇ ਦੀ ਮਦਦ ਕਰਦਾ ਹੈ। ਪਰ ਪ੍ਰਭੂ ਪੂਰੀ ਤਰ੍ਹਾਂ ਖੋਟ ਰਹਿਤ ਹੈ। ਉਹ ਫਰਾਖ ਦਿਲੀ ਨਾਲ ਹਰ ਲੋੜਵੰਦ ਦੀ ਮਦਦ ਕਰਦਾ ਹੈ।