ਪੋਹ ਵਿਚ ਠੰਡ ਪੂਰੇ ਜੋਰ ’ਤੇ ਹੁੰਦੀ ਹੈ। ਠੰਢ ਨਾਲ ਫਲਾਂ ਦਾ ਰਸ ਵੀ ਜੰਮਣਾ ਸ਼ੁਰੂ ਹੋ ਜਾਂਦਾ ਹੈ। ਪਰ ਜਿਸ ਮਨੁਖ ਉੱਤੇ ਪ੍ਰਭੂ ਮਿਹਰਵਾਨ ਹੁੰਦਾ ਹੈ, ਉਸ ’ਤੇ ਠੰਢ ਦਾ ਮਾੜਾ ਅਸਰ ਨਹੀਂ ਪੈਂਦਾ। ਉਹ ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਭੂ ਦੀ ਸਿਫਤਿ-ਸਾਲਾਹ ਕਰਦਾ, ਉਸ ਵਿਚ ਹੀ ਲੀਨ ਰਹਿੰਦਾ ਹੈ। ਪ੍ਰਭੂ ਉਸ ਨੂੰ ਕਦੇ ਆਪਣੇ ਤੋਂ ਦੂਰ ਨਹੀਂ ਹੋਣ ਦਿੰਦਾ।
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥
ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥
-ਗੁਰੂ ਗ੍ਰੰਥ ਸਾਹਿਬ ੧੩੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪੋਹ ਦਾ ਮਹੀਨਾ ਬੇਹੱਦ ਠੰਡਾ ਹੁੰਦਾ ਹੈ। ਸਰਦੀ ਸਾਡੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀ ਹੈ। ਇਸ ਲਈ ਪੋਹ ਦੇ ਮਹੀਨੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਜਾਂਦਾ ਹੈ। ਪਰ ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਦਾ ਵੀ ਆਪਣੇ ਮਾਲਕ ਹਰੀ-ਪ੍ਰਭੂ ਨਾਲ ਮਿਲਾਪ ਹੋ ਗਿਆ ਹੋਵੇ, ਉਨ੍ਹਾਂ ਦੇ ਜੀਵਨ ਉੱਤੇ ਸਰਦੀ ਦੇ ਕਹਿਰ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦਾ ਅਰਥ ਇਹ ਨਹੀਂ ਕਿ ਉਨ੍ਹਾਂ ਨੂੰ ਠੰਡ ਨਹੀਂ ਲੱਗਦੀ। ਅਸਲੀਅਤ ਇਹ ਹੈ ਕਿ ਖਿੰਡੇ ਹੋਏ ਮਨ ਹਮੇਸ਼ਾ ਪਰੇਸ਼ਾਨ ਰਹਿੰਦੇ ਹਨ ਤੇ ਆਪਣੀ ਪਰੇਸ਼ਾਨੀ ਦਾ ਕੋਈ ਨਾ ਕੋਈ ਸਬੱਬ ਲੱਭ ਲੈਂਦੇ ਹਨ। ਪ੍ਰਭੂ-ਪਿਆਰ ਤੋਂ ਵਿਯੋਗੇ ਹੋਏ ਲੋਕ ਆਪਣੀ ਪਰੇਸ਼ਾਨੀ ਦਾ ਸਬੱਬ ਮੌਸਮ ਨੂੰ ਬਣਾ ਲੈਂਦੇ ਹਨ ਤੇ ਉਸੇ ਨੂੰ ਕੋਸਦੇ ਰਹਿੰਦੇ ਹਨ। ਪਰ ਜਿਹੜੇ ਲੋਕ ਪ੍ਰਭੂ-ਮਿਲਾਪ ਸਦਕਾ ਆਪਣੀ ਮੁਕੰਮਲਤਾ ਪ੍ਰਾਪਤ ਕਰ ਕੇ ਇਕਾਗਰ ਚਿੱਤ ਹੋ ਜਾਂਦੇ ਹਨ, ਉਨ੍ਹਾਂ ਦਾ ਧਿਆਨ ਭਟਕਣ ਵਿਚ ਨਹੀਂ ਪੈਂਦਾ। ਉਹ ਪਿਆਰ ਦੇ ਅਹਿਸਾਸ ਵਿਚ ਅਨੰਦ ਮਹਿਸੂਸ ਕਰਦੇ ਹਨ। ਪਿਆਰਾ ਗਲੇ ਲੱਗਿਆ ਹੋਵੇ ਤਾਂ ਮਨੁਖ ਹਰ ਮੁਸ਼ਕਲ ਤੋਂ ਪਾਰ ਪੁੱਜ ਜਾਂਦਾ ਹੈ। ਹਰ ਤਕਲੀਫ ਉਸ ਦੇ ਧਿਆਨ ਤੋਂ ਪਰੇ ਹੋ ਜਾਂਦੀ ਹੈ। ਇਸ ਦੇ ਉਲਟ ਪਿਆਰ ਤੋਂ ਵਿਯੋਗੇ ਹੋਏ ਲੋਕ ਕਿਸੇ ਵੀ ਤਰ੍ਹਾਂ ਦੇ ਸੁਖ ਵਿਚ ਵੀ ਦੁਖੀ ਹੀ ਰਹਿੰਦੇ ਹਨ।
ਉੱਪਰ ਦੱਸੇ ਗਏ ਵਿਚਾਰ ਅਨੁਸਾਰ, ਜਿਨ੍ਹਾਂ ਦਾ ਮਨ ਪ੍ਰਭੂ ਦੇ ਕਮਲ ਫੁੱਲ ਜਿਹੇ ਨਿਰਮਲ ਚਰਨਾਂ ਵਿਚ ਇਕਾਗਰ ਹੋ ਕੇ ਟਿਕ ਗਿਆ ਹੈ, ਉਨ੍ਹਾਂ ਦਾ ਮਨ ਉਸ ਮਾਲਕ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਵਿਚ ਰਹਿੰਦਾ ਹੈ। ਭਾਵ, ਜਿਹੜੇ ਪ੍ਰਭੂ ਦੇ ਸੱਚੇ ਮਾਰਗ ’ਤੇ ਚੱਲ ਪੈਂਦੇ ਹਨ, ਉਹ ਹਮੇਸ਼ਾ ਉਸ ਪ੍ਰਭੂ ਦੇ ਦਰਸ਼ਨ ਕਰਨ ਦੀ ਤਾਂਘ ਵਿਚ ਰਹਿੰਦੇ ਹਨ। ਜਿਨ੍ਹਾਂ ਦਾ ਮਨ ਪ੍ਰਭੂ ਦੇ ਨਿਰਮਲ ਚਰਨਾਂ ਵਿਚ ਜੁੜ ਜਾਂਦਾ ਹੈ, ਉਨ੍ਹਾਂ ਦੇ ਸਾਹਾਂ ਵਿਚ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਵਸ ਜਾਂਦੀ ਹੈ ਜਾਂ ਉਹ ਆਪਣੇ ਹਰ ਸਾਹ ਵਿਚ ਪ੍ਰਭੂ ਲਈ ਤਾਂਘਦੇ ਰਹਿੰਦੇ ਹਨ।
ਗਰੀਬਾਂ ਦੀ ਰਖਿਆ ਕਰਨ ਵਾਲੇ, ਮਾਲਕ ਪ੍ਰਭੂ ਦੀ ਸ਼ਰਣ ਵਿਚ ਰਹਿਣਾ ਤੇ ਉਸ ਮਾਲਕ ਦੀ ਸੇਵਾ ਹੀ ਜੀਵਨ ਦੀ ਅਸਲ ਪ੍ਰਾਪਤੀ ਹੈ। ਭਾਵ, ਪ੍ਰਭੂ ਦੀ ਸ਼ਰਣ ਅਤੇ ਸੇਵਾ-ਭਾਵ ਦੇ ਬਗੈਰ ਜੀਵਨ ਦਾ ਹੋਰ ਕੋਈ ਲਾਭ ਜਾਂ ਮਹੱਤਵ ਨਹੀਂ ਹੈ।
ਪ੍ਰਭੂ ਦੀ ਸ਼ਰਣ ਅਤੇ ਉਸ ਦੇ ਸੇਵਾ-ਭਾਵ ਵਿਚ ਰਹਿਣ ਵਾਲੇ ਨੂੰ ਕੋਈ ਬੁਰਾਈ ਛੂਹ ਵੀ ਨਹੀਂ ਸਕਦੀ। ਉਨ੍ਹਾਂ ਨੂੰ ਸਾਧ-ਜਨਾ ਦੀ ਸੰਗਤ ਵਿਚ ਪ੍ਰਭੂ ਦਾ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ ਹੈ। ਭਾਵ, ਜਿਹੜੇ ਸਾਧ-ਜਨਾ ਦੀ ਸੰਗਤ ਵਿਚ ਰਹਿ ਕੇ ਪ੍ਰਭੂ ਦੇ ਗੁਣ ਗਾਇਨ ਵਿਚ ਜੁੜ ਜਾਂਦੇ ਹਨ, ਉਨ੍ਹਾਂ ਦੇ ਜੀਵਨ ਵਿਚ ਬੁਰਾਈ ਦਖਲ ਨਹੀਂ ਦੇ ਸਕਦੀ ਤੇ ਉਹ ਨਿਰਮਲ ਜੀਵਨ ਬਤੀਤ ਕਰਦੇ ਹਨ।
ਉੱਪਰ ਦੱਸੇ ਅਨੁਸਾਰ ਜੀਵਨ ਜੀਣ ਵਾਲੇ ਲੋਕਾਂ ਦੀ ਆਤਮਾ ਜਿਸ ਸੋਮੇਂ ਤੋਂ ਵਿੱਛੜ ਕੇ ਆਈ ਹੁੰਦੀ ਹੈ, ਉਹ ਮੁੜ ਉਸੇ ਦਾ ਹਿੱਸਾ ਹੋ ਜਾਂਦੀ ਹੈ। ਸੱਚਾ ਪਿਆਰ ਉਸ ਰੂਹ ਨੂੰ ਸੱਚ-ਸਰੂਪ ਪ੍ਰਭੂ ਨਾਲ ਮਿਲਾ ਦਿੰਦਾ ਹੈ। ਭਾਵ, ਪਿਆਰ ਸਦਕਾ ਹੀ ਮਨੁਖ ਆਪਣੇ ਨਿੱਜ-ਸਰੂਪ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ।
ਭੀੜ ਵਿਚ ਤੁਰਦਿਆਂ ਬੱਚਿਆਂ ਦੇ ਗੁਆਚ ਜਾਣ ਦਾ ਡਰ ਰਹਿੰਦਾ ਹੈ। ਇਸ ਲਈ ਵਡੇ ਆਪਣੇ ਬੱਚਿਆਂ ਦਾ ਹੱਥ ਫੜ ਲੈਂਦੇ। ਇਸ ਤਰਾਂ ਉਹ ਗੁਆਚਣ ਦੇ ਡਰ ਤੋਂ ਮੁਕਤ ਹੋ ਜਾਂਦੇ ਹਨ। ਇਸੇ ਮੁਹਾਵਰੇ ਵਿਚ ਇਥੇ ਦੱਸਿਆ ਗਿਆ ਹੈ ਕਿ ਪਾਰਬ੍ਰਹਮ ਪ੍ਰਭੂ ਜਿਸ ਕਿਸੇ ਦਾ ਵੀ ਹੱਥ ਫੜ ਲੈਂਦਾ ਹੈ, ਉਹ ਫਿਰ ਮੁੜਕੇ ਪ੍ਰਭੂ ਤੋਂ ਕਦੇ ਨਹੀਂ ਵਿਛੜ ਸਕਦਾ। ਭਾਵ, ਪ੍ਰਭੂ ਜਿਸ ਨੂੰ ਵੀ ਆਪਣੀ ਸ਼ਰਣ ਬਖਸ਼ ਦਿੰਦਾ ਹੈ, ਉਹ ਫਿਰ ਹਮੇਸ਼ਾ ਉਸ ਦੀ ਸ਼ਰਣ ਵਿਚ ਸੁਖੀ ਅਤੇ ਸੁਰੱਖਿਅਤ ਰਹਿੰਦਾ ਹੈ।
ਉੱਪਰ ਦੱਸੀਆਂ ਸਾਰੀਆਂ ਸਿਫਤਾਂ ਦਾ ਮਾਲਕ ਪ੍ਰਭੂ ਏਨਾ ਵਿਸ਼ਾਲ ਹੈ ਕਿ ਉਸ ਦਾ ਹਿਸਾਬ ਲਾਉਣਾ ਬੇਹੱਦ ਮੁਸ਼ਕਲ ਹੈ। ਮਨੁਖ ਤਾਂ ਉਸ ਦੀ ਇਸ ਵਿਸ਼ਾਲਤਾ ਤੇ ਗਹਿਰਾਈ ਦੀ ਅਨੰਤਤਾ ਨੂੰ ਦੇਖ ਕੇ ਵਾਰ-ਵਾਰ ਨਿਮਰ ਭਾਵ ਵਿਚ ਹੀ ਆ ਸਕਦਾ ਹਾਂ ਤੇ ਆਪਣੇ-ਆਪੇ ਨੂੰ ਤੁੱਛ ਸਮਝਕੇ ਮੇਟ ਜਾਂ ਸਮੇਟ ਹੀ ਸਕਦਾ ਹੈ।
ਫਿਰ ‘ਨਾਨਕ’ ਪਦ ਦੀ ਮੁਹਰ ਲਾ ਕੇ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਜਿਹੜੇ ਆਪਣੇ-ਆਪੇ ਨੂੰ ਤੁੱਛ ਜਾਣ ਕੇ, ਮੇਟ ਕੇ ਜਾਂ ਸਮੇਟ ਕੇ ਨਿਮਰ ਭਾਵ ਵਿਚ ਆ ਜਾਂਦੇ ਹਨ, ਉਨ੍ਹਾਂ ਦੇ ਇਸ ਸਮਰਪਣ ਨੂੰ ਦੇਖ ਕੇ ਨਰਾਇਣ ਸਰੂਪ ਪ੍ਰਭੂ ਦੀ ਲੱਜਾ ਜਾਗ ਪੈਂਦੀ ਹੈ। ਭਾਵ, ਲੱਜਾਵਾਨ ਪ੍ਰਭੂ ਉਨ੍ਹਾਂ ’ਤੇ ਤਰਸ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ। ਪ੍ਰਭੂ-ਮਿਲਾਪ ਦਾ ਇਹੀ ਰਾਹ ਹੈ।
ਪ੍ਰਭੂ ਸਰਬ-ਸਮਰੱਥ ਹੈ। ਕਿਸੇ ਦੇ ਵੀ ਅਧੀਨ ਨਹੀਂ ਹੈ। ਅਜਿਹਾ ਬੇਮੁਥਾਜ ਪ੍ਰਭੂ ਜਿਸ ਕਿਸੇ ’ਤੇ ਵੀ ਮਿਹਰ ਕਰਕੇ ਆਪਣਾ ਮੇਲ ਬਖਸ਼ ਦਿੰਦਾ ਹੈ, ਉਨ੍ਹਾਂ ਨੂੰ ਪੋਹ ਦੀ ਸਰਦੀ ਵੀ ਏਨੀ ਸੁਖਮਈ ਲੱਗਦੀ ਹੈ, ਜਿਵੇਂ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸੁਖ ਮਿਲ ਗਏ ਹੋਣ। ਭਾਵ, ਪ੍ਰਭੂ-ਮਿਲਾਪ ਵਿਚ ਹੀ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਤੇ ਹਰ ਮੁਸ਼ਕਲ ਹੱਲ ਹੁੰਦੀ ਹੈ।