ਇਸ
ਸ਼ਬਦ ਵਿਚ ਦੱਸਿਆ ਹੈ ਕਿ ਜਿਹੜੇ ਮਨੁਖ ਪ੍ਰਭੂ ਦੇ ਗੁਣ ਗਾਉਦੇ ਅਤੇ ਉਸ ਦੇ ਭਾਣੇ ਵਿਚ ਰਾਜੀ ਰਹਿੰਦੇ ਹਨ, ਉਹ ਸਦਾ ਅਨੰਦ ਵਿਚ ਰਹਿੰਦੇ ਹਨ ਅਤੇ ਲੋਕ-ਪਰਲੋਕ ਵਿਚ ਸੋਭਾ ਖਟਦੇ ਹਨ।
ਸਾਰੰਗ ਮਹਲਾ ੫ ਸੂਰਦਾਸ ॥
ੴ ਸਤਿਗੁਰ ਪ੍ਰਸਾਦਿ ॥
ਹਰਿ ਕੇ ਸੰਗ ਬਸੇ ਹਰਿ ਲੋਕ ॥
ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥
ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ॥
ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥੧॥
ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥
ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥੨॥੧॥੮॥
-ਗੁਰੂ ਗ੍ਰੰਥ ਸਾਹਿਬ ੧੨੫੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਭਗਤ ਸੂਰਦਾਸ ਜੀ ਨੇ ਆਪਣੀ ਇਕ ਪੰਗਤੀ ਵਾਲੇ ਸ਼ਬਦ ਵਿਚ ਮਨ ਨੂੰ ਮੁਖਾਤਬ ਹੁੰਦੇ ਹੋਏ ਹਰ ਮਨੁਖ ਨੂੰ ਪ੍ਰਭੂ ਹਰੀ ਵੱਲੋਂ ਮੁਖ ਮੋੜਨ ਵਾਲੇ ਬੇਮੁਖਾਂ ਦਾ ਸੰਗ ਭਾਵ ਸਾਥ ਛੱਡ ਦੇਣ ਦਾ ਆਦੇਸ਼ ਕੀਤਾ ਸੀ।
ਭਗਤ ਸੂਰਦਾਸ ਜੀ ਦੇ ਆਦੇਸ਼ ਉਤੇ ਪੰਜਵੇਂ ਪਾਤਸ਼ਾਹ ਆਪਣਾ ਵਿਚਾਰ ਦਿੰਦੇ ਹਨ ਕਿ ਸਿਰਫ ਹਰੀ-ਪ੍ਰਭੂ ਦੇ ਲੋਕ ਹੀ ਉਸਦੀ ਸੰਗਤ ਵਿਚ ਰਹਿੰਦੇ ਹਨ। ਭਾਵ ਕਦੇ ਉਸਦਾ ਸਾਥ ਨਹੀਂ ਛੱਡਦੇ।
ਉਹ ਆਪਣਾ ਤਨ ਅਤੇ ਮਨ ਪ੍ਰਭੂ ਨੂੰ ਸਮਰਪਣ ਕਰ ਦਿੰਦੇ ਹਨ। ਇੱਥੋਂ ਤਕ ਕਿ ਆਪਣਾ ਸਾਰਾ ਕੁਝ ਹੀ ਪ੍ਰਭੂ ਨੂੰ ਸੌਂਪ ਦਿੰਦੇ ਹਨ ਤੇ ਫਿਰ ਬੜੇ ਅਨੰਦ ਅਤੇ ਸਹਿਜਮਈ ਅਵਸਥਾ ਵਿਚ ਲੀਨ ਰਹਿੰਦੇ ਹਨ। ਭਾਵ ਕਦੇ ਉਸਤੋਂ ਵਖ ਹੋਣ ਬਾਰੇ ਸੋਚਦੇ ਤਕ ਨਹੀਂ। ਇਹ ਇਸ ਸ਼ਬਦ ਦਾ ਸਥਾਈ ਭਾਵ ਹੈ।
ਪ੍ਰਭੂ ਦੇ ਸਨਮੁਖ ਰਹਿਣ ਵਾਲੇ ਲੋਕ ਉਸਦੇ ਦਰਸ਼ਣ ਕਰਕੇ ਆਪਣੇ ਅੰਦਰੋਂ ਹਰ ਤਰਾਂ ਦੀ ਬੁਰਾਈ ਤੋਂ ਪੂਰੀ ਤਰਾਂ ਰਹਿਤ ਹੋ ਜਾਂਦੇ ਹਨ। ਇਸ ਤਰਾਂ ਉਹ ਸਭ ਕੁਝ ਭਰਪੂਰ ਮਾਤਰਾ ਵਿਚ ਪ੍ਰਾਪਤ ਕਰ ਲੈਂਦੇ ਹਨ। ਭਾਵ ਸਰਬ ਗੁਣ ਸੰਪੰਨ ਹੋ ਜਾਂਦੇ।
ਹਮੇਸ਼ਾ ਸਨਮੁਖ ਰਹਿਣ ਕਰਕੇ ਉਹ ਪ੍ਰਭੂ ਦੀ ਸੁੰਦਰ ਅਸਤਿਤਵ ਦੇ ਦਰਸ਼ਣ ਕਰਕੇ ਏਨੇ ਮਨਮੋਹਕ ਰਹਿੰਦੇ ਹਨ ਕਿ ਉਨ੍ਹਾਂ ਦਾ ਕਿਸੇ ਹੋਰ ਚੀਜ ਨਾਲ ਕੋਈ ਵੀ ਸਬੰਧ ਨਹੀਂ ਰਹਿੰਦਾ। ਭਾਵ ਇਸਦੇ ਇਲਾਵਾ, ਹੋਰ ਸਭ ਕਾਸੇ ਪ੍ਰਤੀ ਉਹ ਬੇਲਾਗ ਰਹਿੰਦੇ ਹਨ।
ਸ਼ਾਮ ਸੁੰਦਰ ਭਾਵ ਪ੍ਰਭੂ ਨੂੰ ਛੱਡ ਕੇ ਜਿਹੜਾ ਵੀ ਕੋਈ ਹੋਰ ਕਾਸੇ ਦੀ ਇੱਛਾ ਰਖੇਗਾ, ਉਹ ਸਮਝੋ ਅਜਿਹਾ ਹੈ ਜਿਹੜਾ ਕਿਸੇ ਕੋਹੜੀ ਦੇ ਸਰੀਰ ਨੂੰ ਜੋਕ ਦੀ ਤਰਾਂ ਚਿੰਬੜਿਆ ਹੋਇਆ ਹੋਵੇ। ਭਾਵ ਉਹ ਬੇਹੱਦ ਘਿਨਾਉਣਾ, ਗੰਦਾ ਤੇ ਬੁਰਾ ਕੰਮ ਕਰ ਰਿਹਾ ਹੈ।
ਇਸ ਸ਼ਬਦ ਦੇ ਅਖੀਰ ਵਿਚ ਭਗਤ ਸੂਰਦਾਸ ਜੀ ਦਾ ਨਾਂ ਲੈ ਕੇ ਦੱਸਿਆ ਗਿਆ ਹੈ ਕਿ ਜਿਸਦਾ ਮਨ ਪ੍ਰਭੂ ਨੇ ਆਪਣੇ ਹੱਥ ਵਸ ਕਰ ਲਿਆ ਹੈ। ਭਾਵ ਜਿਸਨੂੰ ਵੀ ਪ੍ਰਭੂ ਨੇ ਆਪਣਾ ਬਣਾ ਲਿਆ ਹੈ, ਫਿਰ ਪ੍ਰਭੂ ਨੇ ਇਹ ਲੋਕ ਅਤੇ ਪ੍ਰਲੋਕ ਉਸਦੇ ਹਵਾਲੇ ਕਰ ਦਿੱਤੇ ਹਨ ਜਾਂ ਉਸਦੇ ਲਈ ਸਭ ਕੁਝ ਆਪਣਾ ਹੋ ਜਾਂਦਾ ਹੈ ਤੇ ਕੁਝ ਵੀ ਬੇਗਾਨਾ ਨਹੀਂ ਰਹਿੰਦਾ।