Guru Granth Sahib Logo
  
ਇਸ ਸ਼ਬਦ ਵਿਚ ਭਗਤ ਸਧਨਾ ਜੀ ਵੱਲੋਂ ਮਨ ਦੀਆਂ ਮੰਦੀਆਂ ਵਾਸ਼ਨਾਂਵਾਂ ਤੋਂ ਬਚਾਉਣ ਲਈ ਪ੍ਰਭੂ ਅੱਗੇ ਅਰਜੋਈ ਕੀਤੀ ਗਈ ਹੈ। ਉਹ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ! ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ ਅਨੇਕ ਲਹਿਰਾਂ ਉਠ ਰਹੀਆਂ ਹਨ। ਮੈਂ ਆਪਣੇ ਜਤਨਾਂ ਨਾਲ ਇਨ੍ਹਾਂ ਤੋਂ ਬਚ ਨਹੀਂ ਸਕਦਾ। ਮਨੁਖਾ ਜੀਵਨ ਦਾ ਸਮਾਂ ਮੁਕਦਾ ਜਾ ਰਿਹਾ ਹੈ। ਵਿਕਾਰ ਮੁੜ-ਮੁੜ ਹੱਲੇ ਕਰ ਰਹੇ ਹਨ। ਛੇਤੀ ਬਹੁੜੋ, ਮੈਨੂੰ ਇਨ੍ਹਾਂ ਹੱਲਿਆਂ ਤੋਂ ਬਚਾਓ।
ਬਾਣੀ ਸਧਨੇ ਕੀ   ਰਾਗੁ ਬਿਲਾਵਲੁ
ਸਤਿਗੁਰ ਪ੍ਰਸਾਦਿ

ਨ੍ਰਿਪ ਕੰਨਿਆ ਕੇ ਕਾਰਨੈ   ਇਕੁ ਭਇਆ ਭੇਖਧਾਰੀ
ਕਾਮਾਰਥੀ ਸੁਆਰਥੀ   ਵਾ ਕੀ ਪੈਜ ਸਵਾਰੀ ॥੧॥
ਤਵ ਗੁਨ ਕਹਾ  ਜਗਤ ਗੁਰਾ   ਜਉ ਕਰਮੁ ਨਾਸੈ
ਸਿੰਘ ਸਰਨ ਕਤ ਜਾਈਐ   ਜਉ ਜੰਬੁਕੁ ਗ੍ਰਾਸੈ ॥੧॥ ਰਹਾਉ
ਏਕ ਬੂੰਦ ਜਲ ਕਾਰਨੇ   ਚਾਤ੍ਰਿਕੁ ਦੁਖੁ ਪਾਵੈ
ਪ੍ਰਾਨ ਗਏ ਸਾਗਰੁ ਮਿਲੈ   ਫੁਨਿ ਕਾਮਿ ਆਵੈ ॥੨॥
ਪ੍ਰਾਨ ਜੁ ਥਾਕੇ  ਥਿਰੁ ਨਹੀ   ਕੈਸੇ ਬਿਰਮਾਵਉ
ਬੂਡਿ ਮੂਏ ਨਉਕਾ ਮਿਲੈ   ਕਹੁ ਕਾਹਿ ਚਢਾਵਉ ॥੩॥
ਮੈ ਨਾਹੀ ਕਛੁ ਹਉ ਨਹੀ   ਕਿਛੁ ਆਹਿ ਮੋਰਾ
ਅਉਸਰ ਲਜਾ ਰਾਖਿ ਲੇਹੁ   ਸਧਨਾ ਜਨੁ ਤੋਰਾ ॥੪॥੧॥
-ਗੁਰੂ ਗ੍ਰੰਥ ਸਾਹਿਬ ੮੫੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਕਰਮ ਸਿਧਾਂਤ ਅਨੁਸਾਰ ਹਰ ਕਰਮ ਦਾ ਪ੍ਰਤਿਕਰਮ ਹੁੰਦਾ ਹੈ ਤੇ ਪ੍ਰਤਿਕਰਮ ਵੀ ਅੱਗੋਂ ਇਕ ਕਰਮ ਵਜੋਂ ਹੋਰ ਪ੍ਰਤਿਕਰਮ ਨੂੰ ਜਨਮ ਦਿੰਦਾ ਹੈ। ਇਸ ਤਰਾਂ ਕਰਮ ਪ੍ਰਤਿਕਰਮ ਦੀ ਇਕ ਅਨੰਤ ਲੜੀ ਚੱਲਦੀ ਹੈ। ਕਹਿੰਦੇ ਹਨ ਕਰਮਾਂ ਦਾ ਹਿਸਾਬ ਹਰ ਕਿਸੇ ਨੂੰ ਦੇਣਾ ਪੈਂਦਾ ਹੈ ਤੇ ਹਰ ਹਾਲਤ ਵਿਚ ਕਰਮ-ਫਲ ਭੁਗਤਣਾ ਪੈਂਦਾ ਹੈ।

ਸਾਡੇ ਸਮਾਜ ਵਿਚ ਮਾਸ ਵੇਚਣ ਵਾਲੇ ਨੂੰ ਕਸਾਈ ਕਹਿੰਦੇ ਹਨ ਤੇ ਕਸਾਈ ਦਾ ਕੰਮ ਬੜਾ ਹੀ ਦੁਸ਼ਕਰਮ ਮੰਨਿਆ ਜਾਂਦਾ ਹੈ। ਇਥੋਂ ਤਕ ਕਿ ਮਾਸ ਦਾ ਸੇਵਨ ਕਰਨ ਵਾਲੇ ਵੀ ਕਸਾਈ ਨੂੰ ਬੇਹੱਦ ਨਫਰਤ ਕਰਦੇ ਹਨ।

ਭਗਤ ਸਧਨਾ ਜੀ ਕਸਾਈ ਦਾ ਕੰਮ ਕਰਦੇ ਸਨ ਤੇ ਨਾਲ ਆਤਮ-ਗਿਆਨੀਆਂ ਦੀ ਸੰਗਤ ਕਰਦੇ ਰਹਿੰਦੇ ਸਨ। ਉਨ੍ਹਾਂ ਦੇ ਮਨ ਵਿਚ ਪ੍ਰਭੂ-ਪ੍ਰੇਮ ਜਾਗਿਆ ਤਾਂ ਉਹ ਸੋਚਣ ਲੱਗੇ ਕਿ ਇਕ ਤਾਂ ਕਰਮ ਸਿਧਾਂਤ ਦੀ ਪੁਖਤਗੀ ਤੇ ਦੂਜਾ ਉਨ੍ਹਾਂ ਦੇ ਕਸਾਈਪੁਣੇ ਦੀ ਦੁਸ਼ਕਰਮਤਾ ਕਾਰਨ ਪ੍ਰਭੂ ਉਨ੍ਹਾਂ ਨੂੰ ਕਦੇ ਮਾਫ ਨਹੀਂ ਕਰੇਗਾ। ਫਿਰ ਵੀ ਉਹ ਗਿਆਨਮਈ ਭਗਤੀ ਭਾਵ ਨਾਲ ਕਾਇਮ ਹੋਈ ਇਰਾਦੇ ਦੀ ਦ੍ਰਿੜਤਾ ਨਾਲ ਪ੍ਰਭੂ ਨੂੰ ਮੁਖਾਤਿਬ ਹੋਏ। 

ਇਸ ਸ਼ਬਦ ਦੇ ਅਰੰਭ ਤੋਂ ਪ੍ਰਤੀਤ ਹੁੰਦਾ ਹੈ ਜਿਵੇਂ ਸਧਨਾ ਜੀ ਆਪਣੇ ਸਮੇਂ ਦੀ ਕਿਸੇ ਪ੍ਰਚੱਲਤ ਕਥਾ ਦਾ ਹਵਾਲਾ ਦੇ ਰਹੇ ਹਨ। ਜਿਸ ਮੁਤਾਬਕ ਕਿਸੇ ਨੌਜਵਾਨ ਨੇ ਰਾਜੇ ਦੀ ਬੇਟੀ ਨਾਲ ਸ਼ਾਦੀ ਕਰਾਉਣ ਲਈ ਭੇਸ ਬਦਲ ਲਿਆ ਹੋਵੇਗਾ। ਬੇਸ਼ੱਕ ਉਸ ਦੇ ਮਨ ਵਿਚ ਰਾਜੇ ਦੇ ਦਾਮਾਦ ਵਜੋਂ ਅਮੀਰ ਬਣਨ ਦਾ ਸ੍ਵਾਰਥ ਸੀ ਤੇ ਰਾਜੇ ਦੀ ਸੁੰਦਰ ਬੇਟੀ ਦਾ ਪਤੀ ਹੋਣ ਵਜੋਂ ਮਨ ਵਿਚ ਕਾਮ ਭਾਰੂ ਸੀ। ਫਿਰ ਵੀ ਪਕੜੇ ਜਾਣ ‘ਤੇ ਉਹਦੇ ਮਨ ਵਿਚ ਪਸ਼ਚਾਤਾਪ ਦੇ ਸੱਚੇ ਭਾਵ ਜਾਗਣ ਕਾਰਨ ਉਹ ਬਖ਼ਸ਼ਿਆ ਗਿਆ ਹੋਵੇਗਾ। 

ਇਸ ਕਥਾ ਤੋਂ ਉਤਸ਼ਾਹਿਤ ਹੋ ਕੇ ਭਗਤ ਸਧਨਾ ਜੀ ਪ੍ਰਭੂ ਅੱਗੇ ਫ਼ਰਿਆਦ ਕਰਦੇ ਹਨ ਕਿ ਰਾਜੇ ਦੀ ਬੇਟੀ ਨਾਲ ਸ਼ਾਦੀ ਕਰਨ ਲਈ ਭੇਸ ਵਟਾਉਣ ਵਾਲੇ ਨੌਜਵਾਨ ਦੀ, ਪ੍ਰਭੂ ਨੇ, ਪਕੜੇ ਜਾਣ ‘ਤੇ ਵੀ ਇੱਜਤ ਰੱਖ ਲਈ ਸੀ। ਬੇਸ਼ੱਕ ਉਹਦੇ ਮਨ ਵਿਚ ਸ੍ਵਾਰਥ ਸੀ ਤੇ ਕਾਮ ਵਾਸ਼ਨਾ ਵੀ ਉਸ ਦੇ ਸਿਰ ਨੂੰ ਚੜ੍ਹੀ ਹੋਈ ਸੀ।

ਫਿਰ ਉਹ ਪ੍ਰਭੂ ਨੂੰ ਨਿਹੋਰਾ ਮਾਰਦੇ ਹਨ ਕਿ ਜੇ ਕਿਸੇ ਦੇ ਕੀਤੇ ਕਰਮਾ ਦਾ ਹਿਸਾਬ ਹੀ ਖਤਮ ਨਹੀਂ ਹੋ ਸਕਦਾ ਫਿਰ ਉਹ ਜਗਤ ਗੁਰੂ ਕਾਹਦਾ ਹੈ ਤੇ ਉਹਦੇ ਵਿਚ ਕਿਹੜਾ ਗੁਣ ਹੋਇਆ।

ਭਗਤ ਸਧਨਾ ਜੀ ਆਪਣੇ ਨਿਹੋਰੇ ਨੂੰ ਹੋਰ ਦਲੀਲ ਦਿੰਦੇ ਹਨ ਕਿ ਜੇ ਕੋਈ ਸ਼ੇਰ ਦੀ ਸ਼ਰਨ ਵਿਚ ਚਲਿਆ ਜਾਵੇ ਤੇ ਉਥੇ ਵੀ ਉਸ ਨੂੰ ਗਿੱਦੜ ਡਰਾਈ ਜਾਣ ਫਿਰ ਸ਼ੇਰ ਦੀ ਸ਼ਰਣ ਵਿਚ ਜਾਣ ਦਾ ਕੋਈ  ਲਾਭ ਹੀ ਨਾ ਹੋਇਆ।

ਇਕ ਮਨੌਤ ਮੁਤਾਬਕ ਚਾਤ੍ਰਿਕ ਅਜਿਹਾ ਪੰਛੀ ਹੈ, ਜਿਹੜਾ ਚੰਦਰਮਾਂ ਦੇ ਸੁਆਤੀ ਨਛੱਤਰ ਦੌਰਾਨ ਅਕਾਸ਼ ਵਿਚੋਂ ਵਰ੍ਹਨ ਵਾਲੀ ਕੋਈ ਵਿਸ਼ੇਸ਼ ਪਾਣੀ ਦੀ ਬੂੰਦ ਪੀਂਦਾ ਹੈ ਤੇ ਉਸੇ ਲਈ ਸਾਲ ਭਰ ਤਰਸਦਾ ਤੇ ਤੜਪਦਾ ਰਹਿੰਦਾ ਹੈ। ਭਗਤ ਸਧਨਾ ਜੀ ਆਪਣੀ ਹਾਲਤ ਉਸ ਚਾਤ੍ਰਿਕ ਨਾਲ ਮੇਲ਼ ਕੇ ਦੱਸਦੇ ਹਨ ਕਿ ਅਗਰ ਇਕ ਬੂੰਦ ਪਾਣੀ ਲਈ ਦੁਖੀ ਰਹਿਣ ਵਾਲੇ ਚਾਤ੍ਰਿਕ ਨੂੰ ਮਰਨ ਉਪਰੰਤ ਸਾਰੇ ਦਾ ਸਾਰਾ ਸਮੁੰਦਰ ਵੀ ਦੇ ਦਿੱਤਾ ਜਾਵੇ ਤਾਂ ਫਿਰ ਉਹ ਉਸ ਚਾਤ੍ਰਿਕ ਦੇ ਕਿਸੇ ਕੰਮ ਨਹੀਂ ਆਵੇਗਾ।

ਭਗਤ ਜੀ ਅੱਗੇ ਬਿਆਨ ਕਰਦੇ ਹਨ ਕਿ ਉਨ੍ਹਾਂ ਦੀ ਹਾਲਤ ਇਸ ਤਰਾਂ ਹੋਈ ਹੋਈ ਹੈ, ਜਿਵੇਂ ਸਾਹ ਰੁਕਣ ਲੱਗਾ ਹੋਵੇ ਤੇ ਪਲ ਭਰ ਟਿਕਣਾ ਵੀ ਮੁਸ਼ਕਲ ਹੋਵੇ। ਇਸ ਹਾਲਤ ਵਿਚ ਉਹ ਪ੍ਰਭੂ ਅੱਗੇ ਸਵਾਲ ਕਰਦੇ ਹਨ ਕਿ ਉਹ ਆਪਣੀ ਇਸ ਤਰਸਯੋਗ ਹਾਲਤ ਵਿਚ ਦਿਲ ਨੂੰ ਕਾਹਦੀ ਢਾਰਸ ਦੇਣ ਜਾਂ ਮਨ ਨੂੰ ਕਿਸ ਤਰਾਂ ਸਮਝਾਉਣ।

ਫਿਰ ਉਹ ਆਪਣੇ ਨਿਹੋਰੇ ਨੂੰ ਹੋਰ ਉਧਾਰਣ ਨਾਲ ਪੇਸ਼ ਕਰਦੇ ਹਨ ਕਿ ਡੁੱਬਣ ਵਾਲੇ ਨੂੰ ਮਰਨ ਤੋਂ ਪਹਿਲਾਂ ਕਿਸ਼ਤੀ ਮਿਲ ਜਾਵੇ ਤਾਂ ਉਹ ਬਚ ਸਕਦਾ ਹੈ। ਮਰਨ ਉਪਰੰਤ ਉਸ ਨੂੰ ਕਿਸ਼ਤੀ ਉੱਪਰ ਚਾੜ੍ਹਨ ਦਾ ਕੋਈ ਲਾਭ ਨਹੀਂ ਹੁੰਦਾ। ਇਸ ਉਧਾਰਣ ਰਾਹੀਂ ਭਗਤ ਜੀ ਦੱਸਦੇ ਹਨ ਕਿ ਉਨ੍ਹਾਂ ਨੂੰ ਪ੍ਰਭੂ ਦੀ ਮਿਹਰ ਦੀ ਹੁਣ ਜ਼ਰੂਰਤ ਹੈ ਤੇ ਸਮਾਂ ਬੀਤ ਜਾਣ ‘ਤੇ ਉਸ ਦਾ ਕੋਈ ਫਾਇਦਾ ਨਹੀਂ ਹੋਣਾ। 

ਸ਼ਬਦ ਦੇ ਅਖੀਰ ਵਿਚ ਭਗਤ ਜੀ ਆਪਣੀ ਬਿਹਬਲਤਾ ਬਿਆਨ ਕਰਦੇ ਹਨ ਕਿ ਉਨਾਂ ਦਾ ਹੋਣਾ ਨਾ ਹੋਣ ਜਿਹਾ ਹੈ ਤੇ ਉਨ੍ਹਾਂ ਦੀ ਕੋਈ ਹਸਤੀ ਵੀ ਨਹੀਂ ਹੈ। ਇਥੋਂ ਤਕ ਕਿ ਉਨ੍ਹਾਂ ਨਾਲ ਸਬੰਧਤ ਕੁਝ ਅਜਿਹਾ ਵੀ ਨਹੀਂ ਹੈ, ਜਿਹਦੇ ਨਾਲ ਜੋੜ ਕੇ ਉਹ ਆਪਣੇ ਆਪ ਨੂੰ ਕੁਝ ਸਮਝ ਸਕਣ। ਫਿਰ ਭਗਤ ਸਧਨਾ ਜੀ ਫਰਿਆਦ ਕਰਦੇ ਹਨ ਕਿ ਉਨ੍ਹਾਂ ਕੋਲ ਇਹੀ ਮੌਕਾ ਹੈ ਅਗਰ ਪ੍ਰਭੂ ਚਾਹੇ ਤਾਂ ਉਨ੍ਹਾਂ ਦੀ ਇੱਜਤ ਬਚ ਸਕਦੀ ਹੈ ਕਿਉਂਕਿ ਉਹ ਹੁਣ ਪ੍ਰਭੂ ਦੇ ਵਗੈਰ ਹੋਰ ਕਿਸੇ ਦੇ ਨਹੀਂ ਹਨ।
Tags