ਗੁਰੂ ਨਾਨਕ ਸਾਹਿਬ ਸਾਹਿਬ ਦੁਆਰਾ ਤਿਲੰਗ ਰਾਗ ਵਿਚ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੨੨-੨੩ ਉਪਰ ਦਰਜ ਹੈ। ਇਸ ਸ਼ਬਦ ਦੇ ਸੱਤ ਤੇ ਛੇ ਤੁਕਾਂ ਵਾਲੇ ਦੋ ਬੰਦ ਹਨ। ਇਹ ਸ਼ਬਦ ਰੱਬੀ ਉਪਦੇਸ਼ ਦੇ ਨਾਲ-ਨਾਲ ਹਿੰਦੁਸਤਾਨ (ਉੱਤਰੀ ਭਾਰਤ ਦਾ ਫ਼ਾਰਸੀ ਨਾਂ) ਉੱਤੇ ਬਾਬਰ (੧੪੮੩-੧੫੩੦ ਈ.) ਦੇ ਹਮਲੇ ਦੀ ਜਾਣਕਾਰੀ ਵੀ ਦਿੰਦਾ ਹੈ।
ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਸ੍ਰਿਸ਼ਟੀ ਦਾ ਸਿਰਜਣਹਾਰ ਰੱਬ ਹੈ। ਉਸੇ ਦਾ ਹੁਕਮ ਵਰਤਦਾ ਹੈ। ਉਹ ਸਦਾ ਸੱਚਾ ਨਿਆਂ ਕਰਦਾ ਹੈ। ਜੋ ਕੁਝ ਹੋ ਰਿਹਾ ਹੈ, ਉਸ ਦੇ ਸੱਚੇ ਨਿਆਂ ਦਾ ਹੀ ਹਿੱਸਾ ਹੈ।
ਤਿਲੰਗ ਮਹਲਾ ੧ ॥
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥
-ਗੁਰੂ ਗ੍ਰੰਥ ਸਾਹਿਬ ੭੨੨-੭੨੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਗੁਰੂ ਨਾਨਕ ਸਾਹਿਬ ਸੈਦਪੁਰ (ਐਮਨਾਬਾਦ) ਵਿਖੇ ਭਾਈ ਲਾਲੋ ਨੂੰ ਮੁਖਾਤਬ ਹੋਏ ਹਨ ਤੇ ਇਸ ਵਿਚ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਜੋ ਕੁਝ ਵੀ ਆਖ ਰਹੇ ਹਨ, ਅਸਲ ਵਿਚ ਉਹ ਮਾਲਕ ਵੱਲੋਂ ਸੁਝਾਇਆ ਜਾ ਰਿਹਾ ਗਿਆਨ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸੰਸਾਰ ਵਿਚ ਵਾਪਰ ਰਹੇ ਵਰਤਾਰੇ ਪਿੱਛੇ ਅਸਲ ਸੱਚ ਰੱਬੀ ਗਿਆਨ ਹੁੰਦਾ ਹੈ, ਜਿਸ ਦੇ ਮੁਕਾਬਲਤਨ ਮਾਨਵੀ ਅਨੁਮਾਨ ਤੁੱਛ ਹੁੰਦਾ ਹੈ। ਹਿੰਦੁਸਤਾਨ ਦੀ ਰਾਜਸੀ, ਸਮਾਜਕ ਅਤੇ ਸੱਭਿਆਚਾਰਕ ਗਿਲਾਨੀ ਦੇ ਮੱਦੇ-ਨਜ਼ਰ, ਇਸ ਸ਼ਬਦ ਨੂੰ ਗੁਰੂ ਨਾਨਕ ਸਾਹਿਬ ਦੇ ਭਵਿੱਖਤ ਵਾਕ ਵਜੋਂ ਵੀ ਦੇਖਿਆ ਜਾਂਦਾ ਹੈ। ਪਰ ਇਹ ਜੋਤਿਸ਼ਨੁਮਾ ਭਵਿੱਖਬਾਣੀ ਨਹੀਂ, ਬਲਕਿ ਗੁਰੂ ਨਾਨਕ ਸਾਹਿਬ ਦੀ ਇਕਾਗਰ ਚਿੱਤ, ਰੱਬੀ ਸੂਝ ਅਤੇ ਬੋਧ ਦੀ ਲਖਾਇਕ ਹੈ। ਸਮਾਂ ਭੂਤ, ਵਰਤਮਾਨ ਤੇ ਭਵਿੱਖ ਦੇ ਖਾਨਿਆਂ ਵਿਚ ਵੰਡਿਆ ਹੋਇਆ ਨਹੀਂ ਹੁੰਦਾ, ਬਲਕਿ ਲਗਾਤਾਰਤਾ ਵਿਚ ਹੁੰਦਾ ਹੈ। ਇਸ ਕਾਰਣ ਸਿਆਣੇ ਲੋਕ ਵਰਤਮਾਨ ਵਿਚੋਂ ਹੋਏ-ਬੀਤੇ ਦਾ ਵੀ ਅੰਦਾਜ਼ਾ ਲਗਾ ਲੈਂਦੇ ਹਨ ਤੇ ਭਵਿੱਖ ਦਾ ਵੀ।
ਗੁਰੂ ਨਾਨਕ ਸਾਹਿਬ ਭਾਈ ਲਾਲੋ ਨੂੰ ਮੁਖਾਤਬ ਹੋ ਕੇ ਹਿੰਦੁਸਤਾਨ ’ਤੇ ਹਮਲਾਵਰ ਹੋਈ ਮੁਗਲ ਸੈਨਾ ਨੂੰ ਕਾਬਲ ਤੋਂ ਆਈ ਪਾਪ ਦੀ ਜੰਞ ਕਹਿੰਦੇ ਹਨ, ਜਿਹੜੀ ਜ਼ਬਰਦਸਤੀ ਹਿੰਦੁਸਤਾਨ ਰੂਪੀ ਕੰਨਿਆਂ ਦਾ ਦਾਨ ਮੰਗਦੀ ਹੈ। ਸਮਾਜ ਵਿਚ ਬੇਟੀ ਲਈ ਵਰ ਦੀ ਚੋਣ ਕਰਨੀ ਬਾਪ ਦਾ ਅਧਿਕਾਰ ਹੁੰਦਾ ਹੈ ਤੇ ਰਵਾਇਤੀ ਤੌਰ ’ਤੇ ਇਹ ਸ੍ਵੈ-ਇੱਛਤ ਦਾਨ ਸਮਝਿਆ ਜਾਂਦਾ ਹੈ। ਜੇਕਰ ਕੋਈ ਧੱਕੇ ਨਾਲ ਕਿਸੇ ਦੀ ਬੇਟੀ ਦਾ ਰਿਸ਼ਤਾ ਮੰਗੇ ਤਾਂ ਇਹ ਵਡਾ ਦੁਸ਼ਕਰਮ ਮੰਨਿਆ ਜਾਂਦਾ ਹੈ। ਬਾਬਰ ਵੀ ਇਸੇ ਤਰ੍ਹਾਂ ਹਿੰਦੁਸਤਾਨ ਨੂੰ ਆਪਣੀ ਨਿਜੀ ਰਿਆਸਤ ਬਣਾਉਣੀ ਚਾਹੁੰਦਾ ਸੀ, ਜਿਸ ਕਰਕੇ ਗੁਰੂ ਨਾਨਕ ਸਾਹਿਬ ਦੇ ਦਿਲ ਵਿਚ ਗਹਿਰਾ ਰੋਸ ਹੈ। ਗੁਰੂ ਨਾਨਕ ਸਾਹਿਬ ਦਾ ਕਾਵਿਕ ਅੰਦਾਜ਼ ਦੇਖੋ ਕਿ ਉਹ ਅੱਤ ਦਰਜ਼ੇ ਦੇ ਦੁਖਾਂਤਕ ਦ੍ਰਿਸ਼ ਨੂੰ ਵਿਆਹ ਵਰਗੇ ਸੁਖਾਂਤਕ ਦ੍ਰਿਸ਼ਟਾਂਤ ਵਿਚ ਪੇਸ਼ ਕਰਦੇ ਹਨ ਤੇ ਕਿਤੇ ਵੀ ਇਸ ਦੁਖਾਂਤ ਦੀ ਗੰਭੀਰਤਾ ਨੂੰ ਘਟਣ ਨਹੀਂ ਦਿੰਦੇ।
ਗੁਰੂ ਸਾਹਿਬ ਹਿੰਦੁਸਤਾਨ ਦੀ ਹੋ ਰਹੀ ਅਤੇ ਹੋਣ ਵਾਲੀ ਦੁਰਗਤੀ ਬਾਬਤ ਆਪਣੇ ਫਿਕਰ ਭਾਈ ਲਾਲੋ ਨਾਲ ਸਾਂਝੇ ਕਰਦੇ ਹੋਏ ਦੱਸਦੇ ਹਨ ਕਿ ਇਥੇ ਸ਼ਰਮ ਅਤੇ ਧਰਮ ਕਿਤੇ ਨਜ਼ਰ ਨਹੀਂ ਆਉਂਦੇ ਤੇ ਸਾਰੇ ਪਾਸੇ ਝੂਠ ਦਾ ਬੋਲਬਾਲਾ ਹੈ। ਜਦ ਅਸੀਂ ਇਸ ਕਰਕੇ ਦੁਸ਼ਕਰਮ ਤੋਂ ਬਚਦੇ ਹਾਂ ਕਿ ਲੋਕ ਕੀ ਕਹਿਣਗੇ, ਉਦੋਂ ਅਸੀਂ ਸ਼ਰਮ ਮਹਿਸੂਸ ਕਰ ਰਹੇ ਹੁੰਦੇ ਹਾਂ ਤੇ ਜਦ ਅਸੀਂ ਰੱਬ ਕਰਕੇ ਬੁਰਾਈ ਤੋਂ ਗੁਰੇਜ਼ ਕਰਦੇ ਹਾਂ, ਉਦੋਂ ਅਸੀਂ ਧਰਮ ਦੇ ਅਹਿਸਾਸ ਵਿਚ ਹੁੰਦੇ ਹਾਂ। ਜਦ ਲੋਕ-ਲੱਜਾ ਤੇ ਰੱਬ ਦਾ ਅਹਿਸਾਸ ਨਹੀਂ ਰਹਿੰਦਾ ਤਾਂ ਝੂਠ ਦਾ ਬੋਲਬਾਲਾ ਹੋ ਜਾਂਦਾ ਹੈ।
ਇਸ ਹਮਲੇ ਦੌਰਾਨ ਮੁਗਲ ਸੈਨਿਕ ਇਥੋਂ ਦੀਆਂ ਜਵਾਨ ਬੇਟੀਆਂ ਦੀ ਬੇਪਤੀ ਵਡੀ ਪੱਧਰ ’ਤੇ ਕਰ ਰਹੇ ਸਨ ਤੇ ਗੁਰੂ ਨਾਨਕ ਸਾਹਿਬ ਇਸ ਬੇਪਤੀ ਨੂੰ ਇਸ ਤਰ੍ਹਾਂ ਦੇਖ ਰਹੇ ਹਨ, ਜਿਵੇਂ ਕਾਜ਼ੀਆਂ ਤੇ ਬ੍ਰਾਹਮਣਾਂ ਦੀ ਬਜਾਏ, ਇਨ੍ਹਾਂ ਬੇਟੀਆਂ ਦੇ ਰਿਸ਼ਤੇ-ਨਾਤੇ ਸ਼ੈਤਾਨ ਜੋੜ ਰਿਹਾ ਹੋਵੇ। ਕਾਜੀਆਂ ਅਤੇ ਬ੍ਰਾਹਮਣਾਂ ਦੀ ਪੁੱਛ-ਪ੍ਰਤੀਤ ਖਤਮ ਹੋ ਗਈ ਹੈ। ਉਨ੍ਹਾਂ ਵੱਲੋਂ ਪੜ੍ਹਾਏ ਜਾਂਦੇ ਵਿਆਹ ਅਤੇ ਨਿਕਾਹ ਹੁਣ ਕੁਕਰਮ ਦਾ ਪ੍ਰੇਰਕ ਸ਼ੈਤਾਨ ਪੜ੍ਹਾ ਰਿਹਾ ਹੈ। ਭਾਵ, ਬਾਬਰ ਦੇ ਸਿਪਾਹੀ, ਇਸਤਰੀਆਂ ਨੂੰ ਬਿਨਾਂ ਵਿਆਹ ਜਾਂ ਨਿਕਾਹ ਪੜ੍ਹਾਏ, ਜਬਰੀ ਚੁਕ ਕੇ ਲਈ ਜਾ ਰਹੇ ਹਨ।
ਅਫ਼ਰਾ-ਤਫ਼ਰੀ ਦੇ ਇਸ ਮਹੌਲ ਵਿਚ ਮੁਸਲਮਾਨ ਔਰਤਾਂ ਕਤੇਬ ਅਰਥਾਤ ਕੁਰਾਨ ਪੜ੍ਹਦੀਆਂ ਹਨ ਤੇ ਅੱਲ੍ਹਾ-ਅੱਲ੍ਹਾ ਕਰਕੇ ਜ਼ਾਲਮਾ ਤੋਂ ਬਚਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਸ਼ਾਇਦ ਬਾਬਰ ਦੇ ਸਿਪਾਹੀ ਉਨ੍ਹਾਂ ਨੂੰ ਇਸਲਾਮੀ ਸਾਂਝ ਕਾਰਣ ਹੀ ਛੱਡ ਦੇਣ। ਇਸ ਮੌਕੇ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਦੀਆਂ ਔਰਤਾਂ ਦੇ ਨਾਲ ਉੱਚੀਆਂ ਜਾਤਾਂ ਦੀਆਂ ਹਿੰਦੂ ਔਰਤਾਂ ਵੀ ਬਚਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਉਨ੍ਹਾਂ ਨੂੰ ਕੁਝ ਵੀ ਸੁਝ ਨਹੀਂ ਰਿਹਾ ਕਿ ਉਹ ਕੀ ਕਰਨ ਤੇ ਕੀ ਪੜਨ੍ਹ। ਉਹ ਵਿਚਾਰੀਆਂ ਗ਼ਮਗੀਨ ਅਤੇ ਗੰਭੀਰ ਸੋਚਾਂ ਵਿਚ ਉਤਰੀਆਂ ਹੋਈਆਂ, ਕੁਝ ਵੀ ਕਰਨ ਤੋਂ ਅਸਮਰੱਥ ਹਨ।
ਕਤਲੋਗਾਰਤ ਅਤੇ ਦੁਸ਼ਟਤਾ ਦੇ ਇਸ ਕਹਿਰਵਾਨ ਦ੍ਰਿਸ਼ ਬਾਬਤ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਨਾਪਾਕ, ਜ਼ੁਲਮੀ ਅਤੇ ਸ਼ੈਤਾਨੀ ਸ਼ਾਦੀਆਂ ਦਰਮਿਆਨ ਲੜਕੀਆਂ ਦੇ ਵਾਲਾਂ ਵਿਚ ਸੰਧੂਰ ਦੀ ਥਾਂ ਲਹੂ ਨਜ਼ਰ ਆ ਰਿਹਾ ਹੈ ਤੇ ਲਹੂ ਦੇ ਹੀ ਗੀਤ ਗਾਏ ਜਾ ਰਹੇ ਹਨ। ਗੁਰੂ ਸਾਹਿਬ ਇਥੇ ਇਸ ਹਮਲੇ ਦੌਰਾਨ ਰੋਂਦੀਆਂ ਕੁਰਲਾਉਂਦੀਆਂ, ਵੈਣ ਪਾਉਂਦੀਆਂ ਤੇ ਲਹੂ-ਲੁਹਾਨ ਸਿਰਾਂ ਵਾਲੀਆਂ ਔਰਤਾਂ ਦੇ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਸਿਰਜ ਰਹੇ ਹਨ।
ਹਰ ਪਾਸੇ ਮਾਸ ਦੇ ਲੋਥੜੇ ਖਿਲਰੇ ਹੋਣ ਕਾਰਣ ਗੁਰੂ ਨਾਨਕ ਸਾਹਿਬ ਇਸ ਜੰਗ ਦੇ ਮੈਦਾਨ ਨੂੰ ਮਾਸਪੁਰੀ ਕਹਿ ਰਹੇ ਹਨ। ਕਈ ਕਹਿੰਦੇ ਹੋਣਗੇ ਕਿ ਗੁਰੂ ਨਾਨਕ ਸਾਹਿਬ ਜਿਹੇ ਫਕੀਰ ਨੂੰ ਰੱਬ ਦੀ ਸਿਫ਼ਤ ਸ਼ਲਾਘਾ ਛੱਡ ਕੇ ਅਜਿਹੇ ਮਸਲੇ ਨਹੀਂ ਉਠਾਉਣੇ ਚਾਹੀਦੇ। ਪਰ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਇਸ ਮਸਲੇ ਦੀ ਗੱਲ ਕਰਨਾ ਵੀ ਰੱਬ ਦੇ ਗੁਣ ਗਾਉਣਾ ਹੈ। ਉਹ ਦੱਸ ਰਹੇ ਹਨ ਕਿ ਜਿਸ ਨੇ ਇਹ ਰੰਗ-ਰੰਗ ਦੀ ਦੁਨੀਆ ਪੈਦਾ ਕੀਤੀ ਹੈ, ਉਹ ਕਿਤੇ ਇਕਾਂਤ ਵਿਚ ਬੈਠਾ, ਜੋ ਕੁਝ ਵੀ ਇਥੇ ਹੋ ਰਿਹਾ ਹੈ, ਸਭ ਕੁਝ ਦੇਖ ਰਿਹਾ ਹੈ। ਉਹ ਸੱਚਾ ਹੈ ਤੇ ਉਸ ਦੀ ਅਦਾਲਤ ਵੀ ਸੱਚੀ ਹੈ, ਜਿਸ ਕਰਕੇ ਉਹ ਇਸ ਬੇਪਤੀ ਅਤੇ ਜ਼ੁਲਮਤ ਵਾਲੇ ਮਸਲੇ ਦਾ ਪੂਰਨ ਨਿਆਂ ਕਰੇਗਾ।
ਗੁਰੂ ਨਾਨਕ ਸਾਹਿਬ ਇਸ ਸ਼ਬਦ ਵਿਚ ਕੌੜੀਆਂ ਸੱਚਾਈਆਂ ਬਿਆਨ ਕਰ ਰਹੇ ਹਨ। ਹਮਲੇ ਦੇ ਦ੍ਰਿਸ਼ ਬਿਆਨ ਕਰਕੇ ਗੁਰੂ ਸਾਹਿਬ ਵਿਸ਼ੇ ਨੂੰ ਸਮੇਟਦੇ ਹੋਏ ਕਥਨ ਕਰਦੇ ਹਨ ਕਿ ਜਦੋਂ ਵੀ ਕਿਤੇ ਮਨੁਖੀ ਕਤਲੇਆਮ ਹੋਵੇਗਾ, ਹਿੰਦੁਸਤਾਨ ਉਨ੍ਹਾਂ ਦੇ ਇਨ੍ਹਾਂ ਬੋਲਾਂ ਨੂੰ ਯਾਦ ਕਰੇਗਾ।
ਇਥੇ ਆ ਕੇ ਤ੍ਰੈਕਾਲ ਦਰਸ਼ੀ ਗੁਰੂ ਨਾਨਕ ਸਾਹਿਬ ਕਿਆਸ ਲਗਾਉਂਦੇ ਹਨ ਕਿ ਜਿਸ ਸਮੇਂ ਅਤੇ ਜਿਸ ਜ਼ੋਰਾਵਰ ਤਰੀਕੇ ਨਾਲ ਮੁਗਲ ਹਿੰਦੁਸਤਾਨ ਵਿਚ ਆਏ ਹਨ ਤੇ ਜਿਹੋ-ਜਿਹੇ ਇਥੋਂ ਦੇ ਹਾਲਾਤ ਹਨ, ਉਸ ਮੁਤਾਬਕ ਇਹ ਇਥੇ ਕੁਝ ਸਾਲ ਰਾਜ ਕਰਨਗੇ ਅਤੇ ਫਿਰ ਕਿਸੇ ਮਰਦ ਦਾ ਚੇਲਾ ਭਾਵ ਕੋਈ ਬਹਾਦਰ ਸੂਰਮਾ ਉੱਠੇਗਾ, ਜੋ ਇਨ੍ਹਾਂ ਨੂੰ ਖਦੇੜ ਦੇਵੇਗਾ। ਵਿਦਵਾਨਾਂ ਦੀ ਆਮ ਰਾਇ ਹੈ ਕਿ ਗੁਰੂ ਸਾਹਿਬ ਦਾ ਇਹ ਇਸ਼ਾਰਾ ਸ਼ੇਰ ਸ਼ਾਹ ਸੂਰੀ ਵੱਲ ਹੈ।
ਕੁਝ ਵਿਚਾਰਵਾਨਾਂ ਨੇ ਹਿੰਦੁਸਤਾਨ ਦੇ ਇਤਿਹਾਸ ਦੀ ਜਮਾ-ਘਟਾਉ ਅਤੇ ਸ਼ਾਹੀ ਹਾਲਾਤ ਦਾ ਵਿਸ਼ਲੇਸ਼ਣ ਕਰਦਿਆਂ ਇਹ ਵੀ ਸਿੱਟਾ ਕੱਢਿਆ ਹੈ ਕਿ ਗੁਰੂ ਨਾਨਕ ਸਾਹਿਬ ਆਪਣੀ ਦਸਵੀਂ ਜੋਤ ਵੱਲ ਇਸ਼ਾਰਾ ਕਰ ਰਹੇ ਹਨ ਤੇ ਚੇਲੇ ਤੋਂ ਮੁਰਾਦ ਉਨ੍ਹਾਂ ਦਾ ਖਾਲਸਾ ਹੈ। ਦੂਜੇ ਭਾਈ ਗੁਰਦਾਸ ਨੇ ਆਪਣੀ ਵਾਰ ਵਿਚ ਦਸਮੇਸ਼ ਜੀ ਨੂੰ ‘ਮਰਦ ਅਗੰਮੜਾ’ ਆਖਿਆ ਹੈ, ਜਿਨ੍ਹਾਂ ਦੇ ਚੇਲੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖਾਲਸੇ ਨੇ ਮੁਗਲ ਸਲਤਨਤ ਨੂੰ ਜੜ੍ਹੋਂ ਉਖਾੜ ਦਿੱਤਾ।
ਸੱਚ ਕਹਿਣ ਦਾ ਮਹੱਤਵ ਸਮੇਂ ਅਤੇ ਸਥਾਨ ਮੁਤਾਬਕ ਹੁੰਦਾ ਹੈ। ਕੁਵੇਲੇ ਅਤੇ ਕੁਥਾਂ ਕਹੇ ਸੱਚ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸੇ ਕਰਕੇ ਗੁਰੂ ਸਾਹਿਬ ਡੰਕੇ ਦੀ ਚੋਟ ਨਾਲ ਕਹਿੰਦੇ ਹਨ ਕਿ ਉਨ੍ਹਾਂ ਨੇ ਜੋ ਕੁਝ ਵੀ ਕਿਹਾ ਹੈ, ਉਹ ਸੱਚ ਹੈ ਤੇ ਅਜਿਹਾ ਸੱਚ ਸੁਣਾਉਣ ਦਾ ਸਹੀ ਸਮਾਂ ਵੀ ਇਹੀ ਹੈ।