ਗੁਰੂ ਨਾਨਕ ਸਾਹਿਬ ਦੁਆਰਾ ਆਸਾ ਰਾਗ ਵਿਚ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੧੭-੧੮ ਉਪਰ ਦਰਜ ਹੈ। ਇਸ ਦੇ ੭ ਬੰਦ ਹਨ। ‘
ਰਹਾਉ’ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਰੱਬੀ ਉਪਦੇਸ਼ ਦੇ ਨਾਲ-ਨਾਲ ਹਿੰਦੁਸਤਾਨ (ਉੱਤਰੀ ਭਾਰਤ ਦਾ ਫ਼ਾਰਸੀ ਨਾਂ) ਉਤੇ ਬਾਬਰ (੧੪੮੩-੧੫੩੦ ਈ.) ਦੇ ਹਮਲੇ ਦੀ ਜਾਣਕਾਰੀ ਵੀ ਦਿੰਦਾ ਹੈ। ਇਸ ਹਮਲੇ ਦੇ ਵਰਣਨ ਰਾਹੀਂ ਗੁਰੂ ਸਾਹਿਬ ਮਾਇਕੀ ਪਦਾਰਥਾਂ ਦੀ ਖਿਣ/ਛਿਣ ਭੰਗਰਤਾ ਨੂੰ ਦਰਸਾਉਂਦੇ ਹੋਏ ਇਲਾਹੀ ਹੁਕਮ ਨੂੰ ਅਟੱਲ ਮੰਨਦੇ ਹਨ।
ਇਸ ਸ਼ਬਦ ਵਿਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਸੰਸਾਰ ਅਕਾਲ ਪੁਰਖ ਦਾ ਰਚਿਆ ਖੇਲ-ਤਮਾਸ਼ਾ ਹੈ। ਉਸ ਦਾ ਹੁਕਮ ਇਕ ਘੜੀ ਵਿਚ ਜੀਵਾਂ ਨੂੰ ਸਥਾਪਤ ਕਰਕੇ ਵਿਸਥਾਪਤ ਕਰ ਦਿੰਦਾ ਹੈ। ਇਸ ਗੱਲ ਦੀ ਪ੍ਰੋੜਤਾ ਲਈ ਗੁਰੂ ਸਾਹਿਬ ਸੈਦਪੁਰ ਦਾ ਜ਼ਿਕਰ ਕਰਦੇ ਹਨ, ਜਿਥੇ ਕੁਝ ਦਿਨ ਪਹਿਲਾਂ ਰੌਣਕਾਂ ਲੱਗੀਆਂ ਹੋਈਆਂ ਸਨ, ਪਰ ਹੁਣ ਉਥੇ ਕੇਵਲ ਤਬਾਹੀ ਦਾ ਹੀ ਮੰਜ਼ਰ ਹੈ।
ਆਸਾ ਮਹਲਾ ੧ ॥ ਕਹਾ ਸੁ
ਕਈ ਟੀਕਾਕਾਰਾਂ ਨੇ ‘ਸੁ’ ਪਦ ਦੇ ਅਰਥ ‘ਉਹ’ ਵੀ ਕੀਤੇ ਹਨ।
ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥ ਇਹੁ ਜਗੁ ਤੇਰਾ ਤੂ ਗੋਸਾਈ ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ
ਗੁਰਬਾਣੀ ਵਿਚ ਬਿੰਦੀ, ਬਿਹਾਰੀ ਤੋਂ ਪਹਿਲਾਂ (ਭਾੲਂੀ) ਹੈ, ਪਰ ਟਾਈਪਿੰਗ ਰਾਹੀਂ ਇਸ ਨੂੰ ਸਹੀ ਤਰੀਕੇ ਨਾਲ ਲਿਖਿਆ ਨਹੀਂ ਜਾ ਸਕਿਆ।
॥੧॥ ਰਹਾਉ ॥ ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥ ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥ ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ
ਰੁਲਾਇ+ਆ।
॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥ ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ ਓਨੀ੍ ਤੁਪਕ ਤਾਣਿ ਚਲਾਈ ਓਨੀ੍ ਹਸਤਿ ਚਿੜਾਈ ॥ ਜਿਨ੍ ਕੀ ਚੀਰੀ ਦਰਗਹ ਪਾਟੀ ਤਿਨਾ੍ ਮਰਣਾ ਭਾਈ ॥੫॥ ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਇਕਨੑਾ ਪੇਰਣ
ਚੋਗਾ, ਲਿਬਾਸ, ਜਾਮਾ।
ਸਿਰ ਖੁਰ ਪਾਟੇ ਇਕਨੑਾ ਵਾਸੁ ਮਸਾਣੀ ॥ ਜਿਨ੍ ਕੇ ਬੰਕੇ ਘਰੀ ਨ ਆਇਆ
ਆਇਆ: ਆਏ+ਆ, ਆਏ ਹਨ। “ਬਹੁ-ਵਚਨੀ ਪੁਲਿੰਗ ਨਾਵਾਂ ਨਾਲ ਵਰਤਿਆ ਕ੍ਰਿਆਵੀ-ਸ਼ਬਦ ‘ਆਇਆ’ ਤਿੰਨ ਵਖ-ਵਖ ਕਿਰਿਆਵੀ ਅੰਸ਼ਾਂ (ਆ+ਏ+ਆ) ਦਾ ਸੰਧੀ ਰੂਪ ਹੈ ਅਤੇ ਇਸ ਤਰ੍ਹਾਂ ਇਹ ਸਮੀਪੀ ਭੂਤਕਾਲ ਦੀ ਪੁਲਿੰਗ ਬਹੁ-ਵਚਨੀ ਕ੍ਰਿਆ ਹੈ, ਜਿਸ ਦਾ ਅਰਥ ਹੈ: ‘ਆਏ ਹਨ।’” -ਜੋਗਿੰਦਰ ਸਿੰਘ ਤਲਵਾੜਾ, ਗੁਰਬਾਣੀ ਦਾ ਸਰਲ ਵਿਆਕਰਣ-ਬੋਧ, ਜਿਲਦ ੨, ਪੰਨਾ ੬੬੯
ਤਿਨ੍ ਕਿਉ ਰੈਣਿ ਵਿਹਾਣੀ ॥੬॥ ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥ -ਗੁਰੂ ਗ੍ਰੰਥ ਸਾਹਿਬ ੪੧੭-੪੧੮ ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਦੇ ਪ੍ਰਸੰਗ ਅਤੇ ਸ਼ਬਦਾਵਲੀ ਤੋਂ ਸੰਕੇਤ ਮਿਲਦੇ ਹਨ ਕਿ ਇਸ ਸ਼ਬਦ ਵਿਚ ਪਾਣੀਪਤ ਦੇ ਮੈਦਾਨ ਅੰਦਰ ਇਬਰਾਹਿਮ ਲੋਧੀ ਤੇ ਬਾਬਰ ਦਰਮਿਆਨ ਹੋਈ ਗਹਿਗਚ ਲੜਾਈ ਦਾ ਜ਼ਿਕਰ ਹੋਇਆ ਹੈ। ਇਸ ਦੇ ਨਾਲ ਹੀ ਇਸ ਸ਼ਬਦ ਵਿਚੋਂ ਗੁਰੂ ਨਾਨਕ ਪਾਤਸ਼ਾਹ ਦੀ ਰੱਬੀ ਹੁਕਮ ਵਿਚ ਅਮੁੱਕ ਆਸਥਾ, ਮਾਨਵੀ ਵੇਦਨਾ ਪ੍ਰਤੀ ਅਥਾਹ ਸੰਵੇਦਨਸ਼ੀਲਤਾ ਵੀ ਪ੍ਰਗਟ ਹੁੰਦੀ ਹੈ।
ਇਸ ਸ਼ਬਦ ਦੇ ਅਰੰਭ ਵਿਚ ਪਾਤਸ਼ਾਹ ਪ੍ਰਸ਼ਨਾਤਮਕ-ਜੁਗਤ ਰਾਹੀਂ ਕਥਨ ਕਰਦੇ ਹਨ ਕਿ ਬਾਦਸ਼ਾਹ ਦੀ ਤਾਕਤ, ਸ਼ਾਨੋ-ਸ਼ੌਕਤ ਅਤੇ ਐਸ਼ੋ-ਇਸ਼ਰਤ ਦਾ ਸੰਕੇਤਕ ਸਾਰਾ ਸਮਾਨ ਕਿੱਥੇ ਗਿਆ? ਇਸ ਰਾਹੀ ਉਹ ਦੱਸਦੇ ਹਨ ਕਿ ਬਾਦਸ਼ਾਹ ਦੇ ਦਰਬਾਰ ਵਿਚ ਮਨ-ਪਰਚਾਵੇ ਲਈ ਹੋਣ ਵਾਲੇ ਖੇਲ-ਤਮਾਸ਼ੇ, ਘੋੜੇ ਅਤੇ ਘੋੜਿਆਂ ਦੇ ਅਸਤਬਲ, ਸ਼ਾਹੀ ਚੜ੍ਹਤ ਦੇ ਪ੍ਰਤੀਕ ਨਗਾਰੇ ਅਤੇ ਸ਼ਹਿਨਾਈਆਂ ਬਾਦਸ਼ਾਹ ਦੇ ਕਿਸੇ ਕੰਮ ਨਾ ਆਈਆਂ। ਸ਼ਾਹੀ ਸੈਨਾ ਦੇ ਦਬਦਬੇ ਦੇ ਸੰਕੇਤਕ ਪਸ਼ਮੀਨੇ ਦੇ ਗਾਤਰੇ ਤੇ ਲਾਲ ਵਰਦੀਆਂ ਜੰਗ ਵਿਚ ਵਿਅਰਥ ਰਹੀਆਂ। ਬਾਦਸ਼ਾਹ ਦੇ ਮਹਿਲਾਂ ਦੀਆਂ ਹਸੀਨ ਔਰਤਾਂ ਦੀਆਂ ਆਰਸੀਆਂ ਤੇ ਆਰਸੀਆਂ ਵਿਚ ਵਾਰ-ਵਾਰ ਤੱਕਦੇ ਬਾਂਕੇ ਚਿਹਰੇ ਆਦਿ ਸਾਰਾ ਪਸਾਰਾ ਸੰਸਾਰਕ ਖੇਲ-ਤਮਾਸ਼ਾ, ਭਾਵ ਨਾਸ਼ਵਾਨ ਹੈ। ਇਸ ਲਈ ਇਨ੍ਹਾਂ ਉਤੇ ਮਾਣ-ਹੰਕਾਰ ਕਰਨਾ ਨਿਰੀ ਮੂਰਖਤਾ ਹੈ।
ਪਾਤਸ਼ਾਹ ਫਿਰ ਰੱਬ ਨੂੰ ਸੰਬੋਧਤ ਹੁੰਦੇ ਹਨ ਕਿ ਇਹ ਜੱਗ ਉਸੇ ਦਾ ਹੈ ਤੇ ਉਹੀ ਇਸਦਾ ਮਾਲਕ ਹੈ। ਉਹ ਇਸ ਜਗਤ ਨੂੰ ਘੜੀ ਵਿਚ ਉਲਟ ਪੁਲਟ ਕਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਇਥੇ ਪਤੇ ਦੀ ਗੱਲ ਦੱਸਦੇ ਹਨ ਕਿ ਉਹ ਜਗਤ ਨੂੰ ਉਲਟ ਪੁਲਟ ਕਰਨ ਦਾ ਦੋਸ਼ ਵੀ ਆਪਣੇ ਸਿਰ ਨਹੀਂ ਲੈਂਦਾ। ਬਸ ਉਸਦੀ ਮਾਇਆ ਦਾ ਖੇਲ੍ਹ ਅਰਥਾਤ ਧੰਨ ਦੌਲਤ ਹੀ ਭਰਾ-ਭਰਾ ਵਿਚ ਵੰਡੀਆਂ ਪਾ ਦਿੰਦੀ ਹੈ। ਪ੍ਰੇਮ ਪਿਆਰ ਵਿਚ ਘੁੱਗ ਵਸਦੇ ਲੋਕ ਝੱਟ-ਪੱਟ ਹੀ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਜਾਂਦੇ ਹਨ ਤੇ ਜਾਨੀ ਦੁਸ਼ਮਣ ਬਣ ਜਾਂਦੇ ਹਨ। ਵਡੀ ਗੱਲ ਇਹ ਹੈ ਕਿ ਬਿਪਤਾ ਵੇਲੇ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ, ਸਭ ਛੱਡ ਜਾਂਦੇ ਹਨ।
ਗੁਰੂ ਨਾਨਕ ਸਾਹਿਬ ਬਾਦਸ਼ਾਹਾਂ ਦੀ ਸ਼ਾਨੋ-ਸ਼ੌਕਤ ਅਤੇ ਸੁਖ ਵਿਲਾਸ ਦੇ ਸਮੇਂ ਵੱਲ ਸੰਕੇਤ ਕਰਦੇ ਹੋਏ ਸਵਾਲ ਕਰਦੇ ਹਨ ਕਿ ਉਹ ਘਰ, ਦਰਵਾਜ਼ੇ, ਸ਼ਾਮਿਆਨੇ, ਮਹਿਲ ਤੇ ਸੁੰਦਰ ਸਰਾਵਾਂ ਕਿੱਥੇ ਹਨ? ਜਿਸ ਨੂੰ ਦੇਖ ਕੇ ਨੀਂਦ ਉੱਡ ਜਾਂਦੀ ਸੀ, ਉਹ ਵਿਲਾਸੀ ਔਰਤਾਂ ਕਿਥੇ ਗਈਆਂ? ਮਹਿਲਾਂ ਵਿਚ ਪੇਸ਼ ਕੀਤੇ ਜਾਂਦੇ ਪਾਨ, ਪਾਨਾਂ ਦੇ ਬੀੜੇ ਲਾ ਕੇ ਦੇਣ ਵਾਲੀਆਂ ਔਰਤਾਂ ਤੇ ਰਣਵਾਸ ਵਿਚ ਰਹਿਣ ਵਾਲੀਆਂ ਇਸਤਰੀਆਂ ਕਿਥੇ ਗਈਆਂ? ਸਭ ਛਾਈਂ ਮਾਈਂ ਹੋ ਗਏ ਹਨ ਅਰਥਾਤ ਕਿਤੇ ਨਜ਼ਰ ਨਹੀਂ ਆਉਂਦੇ।
ਸ਼ਾਹੀ ਸ਼ਾਨੋ-ਸ਼ੌਕਤ, ਸ਼ੁਹਰਤ ਅਤੇ ਸੁਖ ਵਿਲਾਸ ਦਾ ਸੱਚ ਦਰਸਾ ਕੇ ਪਾਤਸ਼ਾਹ ਮਾਇਆ ਦਾ ਸੱਚ ਬਿਆਨ ਕਰਦੇ ਹਨ ਕਿ ਇਸ ਦੇ ਕਾਰਣ ਬਹੁਤ ਸਾਰੇ ਲੋਕ ਤਬਾਹ ਹੋ ਗਏ ਹਨ ਤੇ ਇਸ ਨੇ ਬਹੁਤ ਸਾਰੇ ਲੋਕਾਂ ਨੂੰ ਭਟਕਣ ਵਿਚ ਪਾਇਆ ਹੈ। ਮਾਇਆ ਦੀ ਖਾਸੀਅਤ ਇਹ ਹੈ ਕਿ ਇਹ ਦੁਸ਼ਕਰਮ ਕੀਤੇ ਬਿਨ੍ਹਾਂ ਜਮਾਂ ਨਹੀਂ ਹੁੰਦੀ ਤੇ ਮਰਨ ਵੇਲੇ ਸਾਥ ਨਹੀਂ ਨਿਭਾਉਂਦੀ। ਜਿਸ ਨੂੰ ਰੱਬ ਨੇ ਖ਼ੁਦ ਗੁਮਰਾਹ ਕਰਨਾ ਹੋਵੇ, ਉਹਦੇ ਕੋਲੋਂ ਉਹ ਚੰਗਿਆਈ ਖੋਹ ਲੈਂਦਾ ਹੈ ਤੇ ਸਮਾਜ ਵਿਚ ਉਪੱਦਰ ਹੁੰਦੇ ਹਨ। ਇਥੇ ਰਾਗ ਆਸਾ ਵਾਲੇ ਪਿਛਲੇ ਸ਼ਬਦ ਵਾਲੀ ਗੱਲ ਦੁਬਾਰਾ ਕਹੀ ਗਈ ਹੈ ਕਿ ਰੱਬ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦਾ ਤੇ ਇਥੇ ਹੀ ਕਿਸੇ ਬਾਬਰ ਜਹੇ ਨੂੰ ਜਮਦੂਤ ਦੇ ਰੂਪ ਵਿਚ ਚਾੜ੍ਹ ਦਿੰਦਾ ਹੈ।
ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਜਦ ਬਾਬਰ ਦੇ ਹਮਲੇ ਦੀ ਸੂਹ ਮਿਲੀ ਤਾਂ ਕਈ ਦੰਭੀ ਪੀਰਾਂ ਨੇ ਬਾਦਸ਼ਾਹ ਨੂੰ ਸਲਾਹ ਦਿੱਤੀ ਕਿ ਉਹ ਬਾਬਰ ਦੇ ਹਮਲੇ ਦੀ ਚਿੰਤਾ ਨਾ ਕਰੇ ਤੇ ਬਿਲਕੁਲ ਜਵਾਬ ਨਾ ਦੇਵੇ। ਉਨ੍ਹਾਂ ਨੇ ਯਕੀਨ ਬਨ੍ਹਾਇਆ ਕਿ ਉਹ ਅਜਿਹੀ ਕਰਾਮਾਤ ਕਰਨਗੇ ਜਿਸ ਨਾਲ ਸਾਰੇ ਮੁਗਲ ਸੈਨਿਕ ਅੰਨ੍ਹੇ ਹੋ ਜਾਣਗੇ। ਪਰ ਜਿਸ ਵਕਤ ਬਾਬਰ ਨੇ ਹਮਲਾ ਕੀਤਾ ਤਾਂ ਉਸਨੇ ਵਡੀਆਂ-ਵਡੀਆਂ ਰਿਹਾਇਸ਼ੀ ਇਮਾਰਤਾਂ ਸਾੜ ਸੁੱਟੀਆਂ ਤੇ ਰਾਜ ਕੁਮਾਰਾਂ ਦੀਆਂ ਦੇਹਾਂ ਟੁਕੜੇ-ਟੁਕੜੇ ਕਰਕੇ ਰੋਲ ਦਿੱਤੀਆਂ। ਹੈਰਾਨੀ ਦੀ ਗੱਲ ਇਹ ਰਹੀ ਕਿ ਪੀਰਾਂ-ਫਕੀਰਾਂ ਨੇ ਜਿਹੜੀ ਕਰਾਮਤ ਦਾ ਯਕੀਨ ਬਨ੍ਹਾਇਆ ਸੀ, ਉਸ ਦਾ ਕੋਈ ਅਸਰ ਨਾ ਹੋਇਆ।
ਹਰ ਧਰਮ ਵਿਚ ਅਧਿਆਤਮਿਕ ਸਚਾਈਆਂ ਦੇ ਨਾਲ-ਨਾਲ ਫਾਲਤੂ ਕਿਸਮ ਦੇ ਮਾਨਸਕ ਵਹਿਮ ਵੀ ਪ੍ਰਚੱਲਤ ਹੋ ਜਾਂਦੇ ਹਨ, ਜਿਨ੍ਹਾਂ ਦਾ ਫਾਇਦਾ ਉਠਾ ਕੇ ਢੌਂਗੀ ਅਤੇ ਪਖੰਡੀ ਲੋਕ ਧਰਮ ਦੇ ਲਿਬਾਸ ਵਿਚ ਲੋਕਾਂ ਨੂੰ ਗੁਮਰਾਹ ਕਰਨ ਦਾ ਧੰਦਾ ਕਰਦੇ ਹਨ ਤੇ ਸਮਾਜ ਦਾ ਨੁਕਸਾਨ ਕਰਦੇ ਹਨ। ਮੁਸਲਮਾਨਾਂ ਵਿਚ ਵੀ ਕਾਗਜ਼ ਦੇ ਟੁਕੜੇ ਅਰਥਾਤ ਪਰਚੇ ’ਤੇ ਕੁਰਾਨ ਦੀਆਂ ਆਇਤਾਂ ਲਿਖ ਕੇ ਤਵੀਤ ਵਜੋਂ ਧਾਤ ਵਿਚ ਬੰਦ ਕਰਕੇ ਗਲ਼ੇ ਲਟਕਾਉਣ ਜਾਂ ਬਾਂਹ ’ਤੇ ਬੰਨ੍ਹਣ ਨਾਲ ਮੁਸ਼ਕਲਾਂ ਤੋਂ ਬਚਣ ਦੇ ਫੋਕੇ ਵਹਿਮ ਪ੍ਰਚਲਤ ਹਨ। ਬਾਦਸ਼ਾਹ ਨੂੰ ਵੀ ਅਜਿਹੇ ਮੁਸਲਿਮ ਪੀਰਾਂ ਨੇ ਕਿਹਾ ਕਿ ਉਹ ਤਵੀਤ ਆਦਿ ਨਾਲ ਮੁਗਲ ਸੈਨਾ ਅੰਨ੍ਹੀ ਕਰ ਦੇਣਗੇ। ਪਰ ਮੁਗਲ ਸੈਨਾ ਦੇ ਅੰਨ੍ਹੇ ਹੋਣ ਦੀ ਬਜਾਏ, ਹੋਇਆ ਇਹ ਕਿ ਬਾਬਰ ਦੀ ਸੈਨਾ ਅੱਗੇ ਕੋਈ ਕਰਾਮਾਤ ਜਾਂ ਤਵੀਤ ਕੰਮ ਹੀ ਨਾ ਕਰ ਸਕਿਆ।
ਪਾਣੀਪਤ ਦੀ ਇਸ ਲੜਾਈ ਵਿਚ ਦੋਵੇਂ ਪਾਸੇ ਲੜਨ ਵਾਲੇ ਮੁਸਲਮਾਨ ਹੀ ਸਨ। ਫਰਕ ਸਿਰਫ ਏਨਾ ਸੀ ਕਿ ਇਕ ਪਾਸੇ ਮੁਗਲ ਸਨ ਤੇ ਦੂਜੇ ਪਾਸੇ ਪਠਾਣ ਸਨ, ਜਿਨ੍ਹਾਂ ਦਾ ਧਾਰਮਿਕ ਖਾਸਾ ਇਸਲਾਮ ਬੇਸ਼ੱਕ ਸਾਂਝਾ ਸੀ, ਪਰ ਨਸਲੀ ਖ਼ਸਲਤ ਵਿਚ ਵਖਰੇਵਾਂ ਸੀ। ਇਸ ਵਖਰੇਵੇਂ ਅੱਗੇ ਧਾਰਮਿਕ ਸਾਂਝ ਕਮਜ਼ੋਰ ਪੈ ਗਈ, ਜਿਸ ਕਰਕੇ, ਗੁਰੂ ਨਾਨਕ ਸਾਹਿਬ ਦੱਸਦੇ ਹਨ, ਕਿ ਮੁਗਲਾਂ ਤੇ ਪਠਾਣਾਂ ਵਿਚ ਜੰਗ ਛਿੜ ਪਈ ਤੇ ਜੰਗ ਦੇ ਮੈਦਾਨ ਅੰਦਰ ਆਪਸ ਵਿਚ ਤਲਵਾਰਾਂ ਖੜਕ ਪਈਆਂ।
ਮੁਗਲਾਂ ਕੋਲ ਆਧੁਨਿਕ ਜੰਗੀ ਹਥਿਆਰ ਤੋਪਾਂ ਸਨ ਤੇ ਪਠਾਣ ਹਾਲੇ ਰਵਾਇਤੀ ਢੰਗ ਨਾਲ ਹਾਥੀਆਂ ਉਤੇ ਚੜ ਕੇ ਲੜਦੇ ਸਨ। ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਜਿਨ੍ਹਾਂ ਦੀ ਚੀਰੀ ਦਰਗਾਹ ਵਿਚ ਪਾੜ ਦਿੱਤੀ ਗਈ, ਉਨ੍ਹਾਂ ਨੇ ਮਰਨਾ ਹੀ ਹੁੰਦਾ ਹੈ। ਚੀਰੀ ਚਿੱਠੀ ਨੂੰ ਕਹਿੰਦੇ ਹਨ ਤੇ ਪੁਰਾਣੇ ਸਮੇਂ ਵਿਚ ਜਦ ਕਿਸੇ ਨੂੰ ਮਰਗ ਦੀ ਖ਼ਬਰ ਲਿਖ ਕੇ ਭੇਜਦੇ ਸਨ ਤਾਂ ਚਿੱਠੀ ਪਾੜ ਦਿੰਦੇ ਸਨ ਤੇ ਪਾਟੀ ਹੋਈ ਚਿੱਠੀ ਮਰਗ ਦੀ ਸੂਚਕ ਸਮਝੀ ਜਾਂਦੀ ਸੀ। ਗੁਰੂ ਨਾਨਕ ਸਾਹਿਬ ਇਥੇ ਮੌਤ ਦੇ ਸੱਚ ਨੂੰ ਰੱਬੀ ਨੁਕਤੇ ਤੋਂ ਪੇਸ਼ ਕਰਦੇ ਹਨ ਕਿ ਜਿਨ੍ਹਾਂ ਦੀ ਕਿਸਮਤ ਵਿੱਚ ਮੌਤ ਲਿਖੀ ਹੁੰਦੀ ਹੈ, ਉਨ੍ਹਾਂ ਨੇ ਮਰਨਾ ਹੀ ਹੁੰਦਾ ਹੈ।
ਜਦ ਜੰਗ ਛਿੜਦੀ ਹੈ ਤਾਂ ਉਸ ਵਿਚ ਉਹ ਲੋਕ ਵੀ ਬੇਵਜ਼ਹ ਲਿਤਾੜੇ ਜਾਂਦੇ ਹਨ, ਜਿਹੜੇ ਕਿਸੇ ਪਾਸੇ ਵੀ ਧਿਰ ਨਹੀਂ ਬਣਦੇ ਜਾਂ ਜਿਨ੍ਹਾਂ ਦਾ ਕੋਈ ਵੀ ਦੋਸ਼ ਨਹੀਂ ਹੁੰਦਾ। ਆਮ ਤੌਰ ਪਰ ਦੇਖਿਆ ਗਿਆ ਹੈ ਕਿ ਔਰਤਾਂ ਧਾਰਮਿਕ ਤੇ ਰਾਜਸੀ ਮਾਮਲਿਆਂ ਬਾਰੇ ਅਚੇਤ ਹੁੰਦੀਆਂ ਹਨ ਤੇ ਅਜਿਹੇ ਮਸਲਿਆਂ ਬਾਰੇ ਨਿਰਪੱਖ ਰਹਿੰਦੀਆਂ ਹਨ। ਫਿਰ ਵੀ ਜੰਗ ਵਿਚ ਬਦਲੇ ਅਤੇ ਬਿਪਤਾ ਦੀਆਂ ਸ਼ਿਕਾਰ ਔਰਤਾਂ ਹੀ ਹੁੰਦੀਆਂ ਹਨ। ਦੋ ਪੁਰਸ਼ ਲੜ ਰਹੇ ਹੋਣ ਤਾਂ ਉਨ੍ਹਾਂ ਵਲੋਂ ਇਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਗਾਲ਼ਾਂ ਔਰਤਾਂ ਨੂੰ ਹੀ ਮੁਖਾਤਿਬ ਹੁੰਦੀਆਂ ਹਨ।
ਗੁਰੂ ਨਾਨਕ ਸਾਹਿਬ ਇਥੇ ਅਜਿਹੀ ਕਿਸਮ ਦਾ ਸੰਕੇਤ ਕਰ ਰਹੇ ਹਨ ਕਿ ਇਸ ਜੰਗ ਵਿਚ ਵਹਿਸ਼ੀ ਹਿੰਸਾ ਦੀਆਂ ਸ਼ਿਕਾਰ ਔਰਤਾਂ ਵਿਚ ਕੋਈ ਹਿੰਦਵਾਣੀ ਸੀ, ਕੋਈ ਤੁਰਕਣੀ ਸੀ, ਕੋਈ ਭਟਿਆਣੀ ਸੀ ਤੇ ਕੋਈ ਠਕੁਰਾਇਣ ਸੀ, ਜਿਨ੍ਹਾਂ ਵਿਚੋਂ ਕਈਆਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਕੱਪੜੇ ਫਟੇ ਹੋਏ ਸਨ ਤੇ ਕਈ ਵਿਚਾਰੀਆਂ ਮੌਤ ਦੇ ਘਾਟ ਉਤਾਰ ਦਿੱਤੀਆਂ ਗਈਆਂ। ਜੰਗ ਦੀ ਜ਼ੁਲਮਤ ਦਾ ਸ਼ਿਕਾਰ ਹੋਈਆਂ ਔਰਤਾਂ ਦੀ ਦੁਰਦਸ਼ਾ ਬਿਆਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਜਿਹੜੀਆਂ ਔਰਤਾਂ ਕਿਸੇ ਨਾ ਕਿਸੇ ਹੀਲੇ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਹੋ ਵੀ ਗਈਆਂ, ਉਨ੍ਹਾਂ ਵਿਚੋਂ ਕਿਸੇ ਦਾ ਪਿਆਰਾ ਪਤੀ, ਕਿਸੇ ਦਾ ਪੁੱਤਰ ਤੇ ਕਿਸੇ ਦਾ ਭਰਾ ਘਰ ਨਾ ਪਰਤ ਨਾ ਸਕਿਆ ਤੇ ਉਨ੍ਹਾਂ ਦੀਆਂ ਰਾਤਾਂ ਕਿਵੇਂ ਬੀਤਣਗੀਆਂ।
ਸੰਸਕ੍ਰਿਤ ਵਿਚ ਬਾਂਕੇ ਦਾ ਅਰਥ ਵਿੰਗੇ ਹੁੰਦਾ ਹੈ ਤੇ ਇਹ ਵਿੰਗ ਇਕ ਤਰਾਂ ਦੀ ਟੇਢ ਹੁੰਦੀ ਹੈ, ਜਿਹੜੀ ਹਉਂ ਵਾਲੇ ਉਚ-ਭਾਵ ਨੂੰ ਪ੍ਰਗਟ ਕਰਦੀ ਹੈ। ਜਿਵੇਂ ਕਬੀਰ ਜੀ ਕਹਿੰਦੇ ਹਨ: ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ। ਕਿਸੇ ਦੇ ਦਸ ਮਣ ਅਨਾਜ ਹੋ ਗਿਆ ਤੇ ਕੋਲ ਚਾਰ ਟਕੇ ਆ ਗਏ ਤਾਂ ਬੰਦੇ ਦੀ ਚਾਲ ਵਿਗੜ ਜਾਂਦੀ ਹੈ ਤੇ ਟੇਢਾ ਹੋ ਕੇ ਚੱਲਦਾ ਹੈ। ਇਸੇ ਤਰਾਂ ਹੁਸੀਨ ਲੋਕ ਵੀ ਆਪਣੇ ਨੈਣ-ਨਕਸ਼ ਤੇ ਰੰਗ-ਰੂਪ ਦੇ ਨਸ਼ੇ ਵਿਚ ਵੰਨ-ਸਵੰਨੇ ਮੂੰਹ ਬਣਾ ਬਣਾ ਗੱਲਾਂ ਕਰਦੇ ਹਨ ਤੇ ਉਨ੍ਹਾਂ ਨੂੰ ਚਾਹੁਣ ਵਾਲੇ ਬੜੇ ਚਾਅ ਨਾਲ ਆਪਣੇ ਬਾਂਕੇ ਕਹਿ ਕਹਿ ਬੁਲਾਉਂਦੇ ਹਨ। ਪਾਤਸ਼ਾਹ ਦੱਸਦੇ ਹਨ ਕਿ ਅਜਿਹੇ ਬੰਕੇ ਸਿਰਫ ਦਰਸ਼ਣੀ ਹੁੰਦੇ ਹਨ, ਬਿਪਤਾ ਪੈਣ ਤੇ ਕਿਸੇ ਕੰਮ ਦੇ ਸਾਬਤ ਨਹੀਂ ਹੁੰਦੇ। ਜੰਗ ਦੇ ਮੈਦਾਨ ਵਿਚ ਟੌਹਰ ਟੱਪੇ ਵਾਲਾ ਬਾਂਕਾਪਣ, ਵਰਦੀਆਂ ਦਾ ਰੋਬੀਲਾਪਣ ਤੇ ਟਮਕ ਭੇਰੀਆਂ ਦਾ ਸ਼ੋਰ ਕੰਮ ਨਹੀਂ ਆਉਂਦਾ, ਬਲਕਿ ਮਨੋ-ਬਲ ਅਤੇ ਬਾਹੂ-ਬਲ ਨਾਲ ਜੰਗ ਜਿੱਤੇ ਜਾਂਦੇ ਹਨ।
ਗੁਰੂ ਨਾਨਕ ਸਾਹਿਬ ਆਪਣੇ ਖਸੂਸੀ ਅੰਦਾਜ਼ ਵਿਚ ਸਾਹਮਣੇ ਵਾਪਰੇ ਤੱਥ ਦਾ ਸੱਚ ਬਿਆਨ ਕਰਦਿਆਂ ਕਦੇ ਰੱਬੀ ਨੁਕਤੇ ਦੀ ਟੇਕ ਲੈਂਦੇ ਹਨ ਤੇ ਕਦੀ ਮਾਨਵੀ ਨੁਕਤੇ ਤੋਂ ਦੇਖਦੇ ਹਨ। ਇਸ ਸ਼ਬਦ ਦੇ ਅਖੀਰ ਵਿਚ ਦੱਸਦੇ ਹਨ ਕਿ ਜੋ ਕੁਝ ਵੀ ਹੁੰਦਾ ਹੈ ਕਰਤੇ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ, ਫਿਰ ਦੱਸੀਏ ਕਿਸ ਨੂੰ? ਹਰ ਦੁਖ-ਸੁਖ ਉਸ ਦੇ ਭਾਣੇ ਵਿਚ ਹੀ ਵਾਪਰਦਾ ਹੈ, ਫਿਰ ਉਸ ਤੋਂ ਬਿਨਾ ਹੋਰ ਕਿਸ ਅੱਗੇ ਫਰਿਆਦ ਕੀਤੀ ਜਾਵੇ?
ਮਾਨਵੀ ਪੱਧਰ ’ਤੇ ਵਾਪਰਦੇ ਦੁਖ-ਸੁਖ ਨੂੰ ਰੱਬੀ ਹੁਕਮ ਵਜੋਂ ਪ੍ਰਵਾਨ ਕਰਨਾ ਗੁਰੂ ਨਾਨਕ ਸਾਹਿਬ ਦਾ ਵਿਸ਼ੇਸ਼ ਅੰਦਾਜ਼ ਹੈ, ਜਿਸ ਨੂੰ ਦਲੀਲ ਜਾਂ ਤਰਕ ਦੇ ਅਧਾਰਤ ਵਾਚਣਾ ਸ਼ਾਇਦ ਵਾਜਿਬ ਨਹੀਂ ਹੈ। ਸ਼ਾਇਦ ਇਸਦਾ ਮਕਸਦ, ਹੋਏ ਬੀਤੇ ਨੂੰ ਰੱਬੀ ਰਜ਼ਾ ਵਜੋਂ ਤਸਲੀਮ ਕਰਦੇ ਹੋਏ, ਅੱਗੇ ਤੋਂ ਰੱਬੀ ਹੁਕਮ ਦੀ ਤਾਮੀਲ ਵਿਚ ਰਹਿਣ ਦੀ ਪ੍ਰੇਰਨਾ ਹੋਵੇ। ਬਾਣੀ ਦਾ ਪਰਮ ਮਨੋਰਥ ਇਤਿਹਾਸ ਵਰਨਣ ਨਹੀਂ, ਬਲਕਿ ਇਤਿਹਾਸ ਵਿਚ ਵਾਪਰਦੇ ਸੂਖਮ ਸੱਚ ਅਤੇ ਤੱਥ ਦੀ ਮਹੀਨ ਸਮਝ ਨੂੰ ਪ੍ਰਦਾਨ ਕਰਨਾ ਹੈ। ਕੀ ਅਸੀਂ ਸੱਚ ਦੀ ਇਸ ਸੂਝ ਨੂੰ ਗ੍ਰਹਿਣ ਕਰਨ ਲਈ ਤਿਆਰ ਹਾਂ?