ਇਸ ਸ਼ਬਦ ਵਿਚ ਉਪਦੇਸ਼ ਹੈ ਕਿ ਆਤਮਕ-ਅਨੰਦ ਦੀ ਪ੍ਰਾਪਤੀ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਗੁਰੂ-ਗਿਆਨ ਦੇ ਪ੍ਰਕਾਸ਼ ਨਾਲ ਜਦੋਂ ਪ੍ਰਭੂ ਦੀ ਸਰਬ-ਵਿਆਪਕਤਾ ਦਾ ਅਨੁਭਵ ਹੋ ਜਾਂਦਾ ਹੈ ਤਾਂ ਹਿਰਦੇ ਵਿਚੋਂ ਹੀ ਆਤਮਕ-ਅਨੰਦ ਪੈਦਾ ਹੋ ਜਾਂਦਾ ਹੈ।
ਰਾਮਾਨੰਦ ਜੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥
ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥
ਜਹਾ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥
ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥
ਸਤਿਗੁਰ ਮੈ ਬਲਿਹਾਰੀ ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥
-ਗੁਰੂ ਗ੍ਰੰਥ ਸਾਹਿਬ ੧੧੯੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਦੇ ਮੁਢਲੇ ਵਾਕੰਸ਼ ‘ਕਤ ਜਾਈਐ ਰੇ’ ਤੋਂ ਪ੍ਰਤੀਤ ਹੁੰਦਾ ਹੈ, ਜਿਵੇਂ ਭਗਤ ਰਾਮਾਨੰਦ ਜੀ ਨੂੰ ਕੋਈ ਕਿਸੇ ਧਰਮ ਜਾਂ ਤੀਰਥ ਅਸਥਾਨ ’ਤੇ ਜਾਣ ਲਈ ਕਹਿ ਰਿਹਾ ਹੋਵੇ ਤੇ ਭਗਤ ਜੀ ਅਜਿਹੀ ਯਾਤਰਾ ਤੇ ਧਾਰਮਕਤਾ ਤੋਂ ਮੁਨਕਰ ਹੋਣ, ਜਿਸ ਕਰਕੇ ਉਹ ਕਹਿ ਰਹੇ ਹੋਣ ‘ਮੈਂ ਕਿਉਂ ਜਾਵਾਂ ਕਿਤੇ।’
ਸਾਡੇ ਸਮਾਜ ਵਿਚ ਅਕਸਰ ਸਾਨੂੰ ਧਰਮ-ਕਰਮ ਲਈ ਕਈ ਤਰ੍ਹਾਂ ਦੇ ਧਰਮ ਅਸਥਾਨਾਂ ’ਤੇ ਜਾਣ ਲਈ ਪ੍ਰੇਰਿਆ ਜਾਂਦਾ ਹੈ। ਸਾਡੇ ਮਨਾਂ ਵਿਚ ਕਿਤੇ ਨਾ ਕਿਤੇ ਇਹ ਧਾਰਨਾ ਬਣੀ ਹੋਈ ਹੈ ਕਿ ਪ੍ਰਭੂ ਨੂੰ ਪਾਉਣ ਲਈ ਕਿਸੇ ਵਿਸ਼ੇਸ਼ ਤੀਰਥ ਜਾਂ ਧਰਮ ਅਸਥਾਨ ’ਤੇ ਜਾਣ ਦੀ ਲੋੜ ਹੁੰਦੀ ਹੈ। ਅਸੀਂ ਪ੍ਰਭੂ ਨੂੰ ਆਪਣੇ ਵਰਗੀ ਹੀ ਵਖਰੀ ਪਰ ਸਿਰਮੌਰ ਅਤੇ ਸਮਰਥ ਹਸਤੀ ਅਨੁਮਾਨਦੇ ਹਾਂ, ਜਿਸ ਨੂੰ ਮਿਲ ਕੇ ਸਾਡੇ ਕਾਰਜ ਸਵਰਨੇ ਹੁੰਦੇ ਹਨ ਤੇ ਸਾਡਾ ਜਨਮ ਸਫਲ ਹੋਣਾ ਹੁੰਦਾ ਹੈ। ਸਾਡੀ ਮਾਨਤਾ ਹੈ ਕਿ ਉਸ ਪ੍ਰਭੂ ਦਾ ਸਾਡੇ ਵਾਂਗ ਹੀ ਕਿਤੇ ਨਿਵਾਸ ਹੁੰਦਾ ਹੈ ਤੇ ਉਸ ਦੇ ਅਜਿਹੇ ਨਿਵਾਸ ਅਸਥਾਨ ਯਾਤਰਾਯੋਗ ਤੀਰਥ ਜਾਂ ਧਰਮ ਅਸਥਾਨ ਹੁੰਦੇ ਹਨ।
ਇਸ ਸ਼ਬਦ ਦੀ ਪਹਿਲੀ ਤੁਕ ਦੇ ਦੂਜੇ ਵਾਕੰਸ਼ ‘ਘਰ ਲਾਗੋ ਰੰਗ’ ਤੋਂ ਭੇਦ ਖੁੱਲ੍ਹਦਾ ਹੈ ਕਿ ਭਗਤ ਰਾਮਾਨੰਦ ਜੀ ਪ੍ਰਭੂ ਪਿਆਰੇ ਦੇ ਮਿਲਾਪ ਜਾਂ ਹੋਂਦ ਤੋਂ ਮੁਨਕਰ ਨਹੀਂ ਹਨ ਤੇ ਨਾ ਹੀ ਉਹ ਕਿਸੇ ਨੂੰ ਸਵਾਲ ਕਰ ਰਹੇ ਹਨ ਕਿ ਉਹ ਕਿਸ ਕਾਰਣ ਕਿਤੇ ਜਾਣ। ਅਸਲ ਵਿਚ ਉਹ ਦੱਸ ਰਹੇ ਹਨ ਕਿ ਪ੍ਰਭੂ ਪਿਆਰੇ ਦੀ ਹੋਂਦ ਅਤੇ ਹਾਜ਼ਰੀ ਬਾਰੇ ਉਨ੍ਹਾਂ ਦਾ ਇਹ ਨਜ਼ਰੀਆ ਹੈ ਕਿ ਪ੍ਰਭੂ ਪਿਆਰਾ ਸ੍ਰਿਸ਼ਟੀ ਦੇ ਕਿਸੇ ਵਿਸ਼ੇਸ਼ ਕੋਨੇ ਜਾਂ ਖੰਡ ਵਿਚ ਬਿਰਾਜਮਾਨ ਨਹੀਂ ਹੈ, ਬਲਕਿ ਉਹ ਇਸ ਖਲਕਤ ਅਤੇ ਸ੍ਰਿਸ਼ਟੀ ਦੇ ਕਣ-ਕਣ ਵਿਚ ਰਮਿਆ ਹੋਇਆ ਹੈ। ਉਸ ਨੂੰ ਇਸ ਸ੍ਰਿਸ਼ਟੀ ਤੋਂ ਵਖ ਕਰਕੇ ਨਾ ਸੋਚਿਆ ਜਾ ਸਕਦਾ ਹੈ ਅਤੇ ਨਾ ਹੀ ਵਖ ਕੀਤਾ ਜਾ ਸਕਦਾ ਹੈ।
ਇਸ ਕਰਕੇ ਭਗਤ ਜੀ ਕਿਸੇ ਧਾਰਮਕ ਜਾਂ ਤੀਰਥ ਅਸਥਾਨ ’ਤੇ ਜਾਣ ਤੋਂ ਇਨਕਾਰ ਕਰਦੇ ਹੋਏ ਦੱਸਦੇ ਹਨ ਉਹ ਕਿਤੇ ਕਿਉਂ ਜਾਣ? ਕਿਉਂਕਿ ਉਨ੍ਹਾਂ ਨੇ ਆਪਣੇ ਮਨ-ਚਿੱਤ ਵਿਚ ਹੀ ਪ੍ਰਭੂ ਪਿਆਰੇ ਨੂੰ ਏਨੇ ਪਰਿਪੂਰਨ ਰੂਪ ਵਿਚ ਪਾ ਲਿਆ, ਦੇਖ ਲਿਆ ਜਾਂ ਮਹਿਸੂਸ ਕਰ ਲਿਆ ਹੈ ਕਿ ਰੰਗ ਹੀ ਲੱਗ ਗਏ ਹਨ। ਜਦ ਕੋਈ ਵਸਤੂ ਕਿਸੇ ਨੂੰ ਭਰਪੂਰ ਮਾਤਰਾ ਵਿਚ ਪ੍ਰਾਪਤ ਹੋਵੇ ਤਾਂ ਉਸ ਨੂੰ ਰੰਗ ਲੱਗਣੇ ਕਹਿੰਦੇ ਹਨ।
ਪ੍ਰਭੂ ਮਿਲਾਪ ਨਾਲ ਭਗਤ ਰਾਮਾਨੰਦ ਜੀ ਦਾ ਮਨ-ਚਿੱਤ ਏਨਾ ਸਹਿਜ ਵਿਚ ਆ ਗਿਆ ਕਿ ਹਰ ਤਰ੍ਹਾਂ ਦੀ ਚੰਚਲਤਾ ਤੇ ਭਟਕਣਾ ਸਮਾਪਤ ਹੋ ਗਈ। ਮਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਅੱਥਰੇ ਘੋੜੇ ਵਾਂਗ ਹੈ। ਹਰ ਵਕਤ ਚਲੂੰ-ਚਲੂੰ ਕਰਦਾ ਰਹਿੰਦਾ ਹੈ। ਕਦੇ ਇਹ ਕਿਤੇ ਹੁੰਦਾ ਹੈ ਤੇ ਕਦੇ ਕਿਤੇ। ਪਰ ਭਗਤ ਜੀ ਦਾ ਮਨ ਇਸ ਤਰ੍ਹਾਂ ਟਿਕ ਗਿਆ, ਜਿਵੇਂ ਇਹ ਚੱਲਣ-ਫਿਰਨ ਤੋਂ ਅਸਮਰੱਥ ਹੋ ਗਿਆ ਹੋਵੇ।
ਭਗਤ ਜੀ ਦੱਸਦੇ ਹਨ ਕਿ ਇਕ ਦਿਨ ਉਨ੍ਹਾਂ ਦੇ ਮਨ ਵਿਚ ਤਾਂਘ ਪੈਦਾ ਹੋਈ ਤੇ ਉਹ ਮਨ ਹੀ ਮਨ ਵਿਚ ਬੜੇ ਖੁਸ਼ਬੂਦਾਰ ਅਰਕ ਵਿਚ ਚੰਦਨ ਘਸਾ ਕੇ ਬਣਾਇਆ ਲੇਪ ਲੈ ਕੇ ਪ੍ਰਭੂ ਪਿਆਰੇ ਦੇ ਕਿਸੇ ਕਲਪਤ ਸਥਾਨ ’ਤੇ ਪੂਜਾ ਅਰਚਾ ਕਰਨ ਚੱਲੇ ਸੀ ਕਿ ਗੁਰੂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪ੍ਰਭੂ ਤਾਂ ਗਿਆਨ ਦੀ ਅਜਿਹੀ ਲੋਅ ਹੈ, ਜੋ ਸਾਡੇ ਮਨ ਅੰਦਰ ਹੀ ਜਗਦੀ ਹੈ।
ਰਾਮਾਨੰਦ ਜੀ ਨੇ ਉਕਤ ਗਿਆਨ ਉਪਰੰਤ ਮਹਿਸੂਸ ਕੀਤਾ ਕਿ ਜਿਸ ਵੀ ਧਾਰਮਕ ਅਸਥਾਨ ’ਤੇ ਜਾਈਦਾ ਹੈ, ਉਥੇ ਪੱਥਰ ਦੀਆਂ ਮੂਰਤੀਆਂ ਹੁੰਦੀਆਂ ਹਨ ਜਾਂ ਪਾਣੀ ਹੁੰਦਾ ਹੈ, ਜਦਕਿ ਪ੍ਰਭੂ ਤਾਂ ਹਰ ਸਮੇਂ ਅਤੇ ਹਰ ਥਾਂ ਹਾਜ਼ਰ-ਨਾਜ਼ਰ ਹੈ। ਇਥੋਂ ਤਕ ਕਿ ਉਹ ਕਿਤੇ ਵੱਧ-ਘੱਟ ਵੀ ਨਹੀਂ ਹੈ। ਉਹ ਹਰ ਥਾਂ ਇਕ ਸਮਾਨ ਇਕ ਰਸ ਵਿਆਪਕ ਹੈ।
ਭਗਤ ਰਾਮਾਨੰਦ ਜੀ ਦੱਸਦੇ ਹਨ ਕਿ ਉਨ੍ਹਾਂ ਨੇ ਪ੍ਰਾਚੀਨ ਗ੍ਰੰਥ ਵੇਦ-ਪੁਰਾਣ ਵੀ ਘੋਖ ਕੇ ਦੇਖ ਲਏ ਹਨ, ਉਨ੍ਹਾਂ ਵਿਚੋਂ ਵੀ ਇਹੀ ਗੱਲ ਸਮਝ ਪਈ ਹੈ ਕਿ ਪ੍ਰਭੂ ਪਿਆਰਾ ਹਰ ਥਾਂ ਮੌਜੂਦ ਹੈ, ਉਸ ਦੀ ਭਾਲ ਵਿਚ ਕਿਸੇ ਦੂਸਰੀ ਥਾਂ ’ਤੇ ਤਾਂ ਜਾਈਏ ਜੇ ਉਹ ਇਸ ਥਾਂ ਨਾ ਹੋਵੇ।
ਭਗਤ ਰਾਮਾਨੰਦ ਜੀ ਗਿਆਨ ਦੀ ਲੋਅ ਜਗਾਉਣ ਵਾਲੇ ਗੁਰੂ ਦੇ ਬਲਿਹਾਰ ਜਾਂਦੇ ਹਨ, ਜਿਸ ਨੇ ਉਨ੍ਹਾਂ ਨੂੰ ਵਿਆਕੁਲ ਕਰਨ ਵਾਲੇ ਤਮਾਮ ਭਰਮਜਾਲ ਕੱਟ ਦਿੱਤੇ ਹਨ।
ਸ਼ਬਦ ਦੀ ਆਖਰੀ ਤੁਕ ਵਿਚ ਭਗਤ ਰਾਮਾਨੰਦ ਜੀ ਦੱਸਦੇ ਹਨ ਕਿ ਉਨ੍ਹਾਂ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ। ਉਹ ਅਜਿਹੇ ਪ੍ਰਭੂ ਦਾ ਨਾਮ-ਸਿਮਰਨ ਨਿਰੰਤਰ ਕਰਦੇ ਰਹਿੰਦੇ ਹਨ। ਗੁਰੂ ਦਾ ਗਿਆਨ ਹਰ ਕਿਸਮ ਦੇ ਭਰਮ ਅਤੇ ਮੰਦੇ ਕਰਮਾਂ ਦੀ ਕਾਟ ਕਰਨ ਦੇ ਸਮਰਥ ਹੈ। ਗੁਰੂ-ਗਿਆਨ ਨੇ ਉਨ੍ਹਾਂ ਦੇ ਸਾਰੇ ਭਰਮ-ਕਰਮ ਕੱਟ ਕੇ, ਉਨ੍ਹਾਂ ਨੂੰ ਪਰਮ ਅਨੰਦ ਦੀ ਅਵਸਥਾ ਬਖਸ਼ ਦਿੱਤੀ ਹੈ।