ਇਸ ਸ਼ਬਦ ਵਿਚ ਭਗਤ ਪੀਪਾ ਜੀ ਦੱਸਦੇ ਹਨ ਕਿ ਉਨ੍ਹਾਂ ਨੇ ਪ੍ਰਭੂ ਨੂੰ ਬਾਹਰ ਲੱਭਣ ਦੀ ਬਜਾਏ ਆਪਣੇਂ ਅੰਦਰੋਂ ਹੀ ਖੋਜ ਲਿਆ ਹੈ। ਹੁਣ ਉਨ੍ਹਾਂ ਨੇ ਆਪਣੀ ਦੇਹ ਵਿਚ ਹੀ ਪ੍ਰਭੂ ਦਾ ਅਨੁਭਵ ਕਰ ਲਿਆ ਹੈ ਅਤੇ ਸਾਰੀਆਂ ਬਰਕਤਾਂ ਪ੍ਰਾਪਤ ਕਰ ਲਈਆਂ ਹਨ। ਉਹ ਕਹਿੰਦੇ ਹਨ ਪ੍ਰਭੂ ਹੀ ਸਭ ਕੁਝ ਹੈ, ਉਹ ਹੀ ਹਰ ਥਾਂ ਵਿਆਪਕ ਹੈ। ਪ੍ਰਭੂ ਦੀ ਵਿਆਪਕਤਾ ਦੇ ਇਸ ਅਹਿਸਾਸ ਨਾਲ ਜਨਮ-ਮਰਨ ਦਾ ਡਰ ਮਿਟ ਜਾਂਦਾ ਹੈ।
ਪੀਪਾ ॥
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥
ਕਾਇਆ ਬਹੁ ਖੰਡ ਖੋਜਤੇ ਨਵਨਿਧਿ ਪਾਈ ॥
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥
-ਗੁਰੂ ਗ੍ਰੰਥ ਸਾਹਿਬ ੬੯੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਭਗਤ ਪੀਪਾ ਜੀ ਦੇ ਇਸ ਸ਼ਬਦ ਨੂੰ ਸਮਝਣ ਲਈ ਅੰਗਰੇਜ਼ੀ ਦੇ ਦੋ ਸ਼ਬਦਾਂ ਮੈਕਰੋਕੌਜ਼ਮ (Macrocosm) ਅਤੇ ਮਾਈਕਰੋਕੌਜ਼ਮ (Microcosm) ਦਾ ਸਹਾਰਾ ਲਿਆ ਜਾ ਸਕਦਾ ਹੈ। ਮੈਕਰੋਕੌਜ਼ਮ ਕਿਸੇ ਮੁਕੰਮਲ ਅਕਾਰ ਜਾਂ ਸੰਸਾਰ ਨੂੰ ਕਹਿੰਦੇ ਹਨ ਤੇ ਮਾਈਕਰੋਕੌਜ਼ਮ ਉਸ ਦੇ ਛੋਟੇ ਤੋਂ ਛੋਟੇ ਹਿੱਸੇ ਨੂੰ ਕਿਹਾ ਜਾਂਦਾ ਹੈ। ਇਸ ਨੂੰ ਪੰਜਾਬੀ ਵਿਚ ਬੂੰਦ ਅਤੇ ਸਾਗਰ ਦੇ ਪ੍ਰਤੀਕ ਵਿਚ ਵੀ ਸਮਝਿਆ ਜਾ ਸਕਦਾ ਹੈ। ਜਿਵੇਂ ਪਾਣੀ ਦੀ ਬੂੰਦ ਅਤੇ ਸਾਗਰ ਵਿਚ ਸਿਰਫ ਅਕਾਰ ਦਾ ਫਰਕ ਹੁੰਦਾ ਹੈ, ਕਿਸਮ ਦਾ ਨਹੀਂ। ਇਸੇ ਤਰਜ਼ ’ਤੇ ਜੇ ਪ੍ਰਭੂ ਨੂੰ ਮੈਕਰੋਕੌਜ਼ਮ ਕਹਿ ਲਿਆ ਜਾਵੇ ਤਾਂ ਮਨੁਖ ਉਸ ਦਾ ਮਾਈਕਰੋਕੌਜ਼ਮ ਹੈ।
ਭਗਤ ਪੀਪਾ ਜੀ ਦਾ ਇਹ ਸ਼ਬਦ ਪੜ੍ਹਦਿਆਂ ਭਾਰਤੀ ਸੰਸਕ੍ਰਿਤੀ ਵਿਚ ਪ੍ਰਚਲਤ ਮੰਦਰ ਦਾ ਮੂਲ ਬਿੰਬ (Archetype) ਵੀ ਚੇਤੇ ਵਿਚ ਆਉਂਦਾ ਹੈ, ਜਿਥੇ ਇਕ ਇਮਾਰਤ ਹੁੰਦੀ ਹੈ, ਜਿਸ ਦੇ ਅੰਦਰ ਕਿਸੇ ਵਿਸ਼ੇਸ਼ ਦੇਵੀ-ਦੇਵਤੇ ਦੇ ਮੂਰਤ ਰੂਪ ਦੀ ਸਥਾਪਨਾ ਹੁੰਦੀ ਹੈ। ਜਿਥੇ ਪੁਜਾਰੀ ਕਿਰਿਆ ਕਰਮ ਕਰਦਾ ਹੈ ਤੇ ਸ਼ਰਧਾ ਵਾਲੇ ਯਾਤਰੀ ਆਉਂਦੇ ਜਾਂਦੇ ਰਹਿੰਦੇ ਹਨ।
ਉਪਰੋਕਤ ਦੋਹਾਂ ਅਰਥਾਂ ਵਿਚ ਭਗਤ ਪੀਪਾ ਜੀ ਦੱਸਦੇ ਹਨ ਕਿ ਉਨ੍ਹਾਂ ਨੇ ਪ੍ਰਭੂ ਨੂੰ ਬਾਹਰ ਲੱਭਣ ਦੀ ਬਜਾਏ ਆਪਣੇਂ ਅੰਦਰੋਂ ਖੋਜ ਲਿਆ ਹੈ ਤੇ ਹੁਣ ਉਨ੍ਹਾਂ ਦੀ ਦੇਹ ਵਿਚ ਹੀ ਪ੍ਰਕਾਸ਼ ਰੂਪ ਪ੍ਰਭੂ ਦਾ ਨਿਵਾਸ ਹੈ, ਜਿਸ ਕਰਕੇ ਉਨ੍ਹਾਂ ਦੀ ਦੇਹ ਹੀ ਮੰਦਰ ਹੈ।
ਕਿਉਂਕਿ ਇਸ ਦੇਹੀ ਵਿਚ ਹੀ ਆਤਮਾ ਦੇ ਰੂਪ ਵਿਚ ਪਰਮਾਤਮਾ ਦਾ ਪ੍ਰਕਾਸ਼ ਹੈ, ਜਿਸ ਕਰਕੇ ਉਨ੍ਹਾਂ ਦੀ ਆਤਮਾ ਇਸ ਪ੍ਰਕਾਸ਼ ਰੂਪ ਪ੍ਰਭੂ ਦੇ ਸਿਮਰਨ ਵਿਚ ਲਗਾਤਾਰ ਜੁੜੀ ਰਹਿੰਦੀ ਹੈ।
ਇਹੀ ਸਿਮਰਨ ਉਨ੍ਹਾਂ ਦੀ ਦੇਹੀ ਅੰਦਰ ਹੋ ਰਹੀ ਪੂਜਾ ਹੈ ਤੇ ਇਸ ਪੂਜਾ ਵਿਚ ਲੀਨ ਉਨ੍ਹਾਂ ਦਾ ਹਿਰਦਾ ਹੀ ਪੁਜਾਰੀ ਹੈ। ਇਥੋਂ ਤਕ ਕਿ ਉਨ੍ਹਾਂ ਦੇ ਹਿਰਦੇ ਵਿਚ ਉੱਠ ਰਹੇ ਪ੍ਰੇਮ ਭਾਵ ਇਸ ਨਿੱਜ ਮੰਦਰ ਦੇ ਸ਼ਰਧਾ ਵਾਲੇ ਯਾਤਰੀ ਹਨ। ਇਨ੍ਹਾਂ ਨੂੰ ਹੀ ਭਗਤ ਜੀ ਨੇ ਦੇਹੀ ਰੂਪੀ ਮੰਦਰ ਵਿਚ ਨਤਮਸਤਕ ਹੁੰਦੇ, ਧੂਪ ਬੱਤੀ ਕਰਦੇ, ਪ੍ਰਸ਼ਾਦ ਭੇਟ ਕਰਦੇ ਤੇ ਫੁੱਲ-ਪੱਤੀਆਂ ਨਾਲ ਪੂਜਾ ਕਰਨ ਵਾਲੇ ਸੁੰਦਰ ਦ੍ਰਿਸ਼ਟਾਂਤ ਵਿਚ ਪੇਸ਼ ਕੀਤਾ ਹੈ।
ਅੱਗੇ ਦੱਸਦੇ ਹਨ ਕਿ ਬਾਹਰ ਸੰਸਾਰ ਦੇ ਵਖ-ਵਖ ਹਿੱਸਿਆਂ ਵਿਚ ਖੋਜਦਿਆਂ-ਭਾਲਦਿਆਂ, ਅਖੀਰ ਮੈਂ ਆਪਣੇ ਸਰੀਰ ਅੰਦਰੋਂ ਹੀ ਪ੍ਰਭੂ ਦੇ ਨਾਮ ਤੋਂ ਪ੍ਰਾਪਤ ਹੋਣ ਵਾਲੇ ਨੌ-ਨਿਧੀ ਦੇ ਖਜ਼ਾਨੇ, ਭਾਵ ਸਾਰੀਆਂ ਬਰਕਤਾਂ ਨੂੰ ਹਾਸਲ ਕਰ ਲਿਆ ਹੈ।
ਦੇਹੀ ਅੰਦਰ ਚੱਲਦੇ ਮਨੋ-ਚੇਤਨਾ ਪ੍ਰਵਾਹ ਦੀ ਸੂਖਮ ਅਤੇ ਸੱਚੀ ਸਮਝ ਮਨੁਖ ਨੂੰ ਸੱਚੇ ਮਾਰਗ ਵੱਲ ਲੈ ਜਾਂਦੀ ਹੈ, ਜਿਥੇ ਮਨੁਖ ਨੂੰ ਅਜਿਹੀ ਤ੍ਰਿਪਤੀ ਦਾ ਅਹਿਸਾਸ ਹੁੰਦਾ ਹੈ, ਜਿਹੋ-ਜਿਹੀ ਧਨ-ਦੌਲਤ ਦੇ ਅੰਬਾਰ ਲਗਾ ਕੇ ਵੀ ਨਸੀਬ ਨਹੀਂ ਹੁੰਦੀ।
ਭਗਤ ਪੀਪਾ ਜੀ ਪ੍ਰਭੂ ਨੂੰ ਯਾਦ ਕਰਦੇ ਹੋਏ ਦ੍ਰਿੜਤਾ ਨਾਲ ਦੱਸਦੇ ਹਨ ਕਿ ਆਪਣੇ ਆਪੇ ਦੀ ਪਰਖ-ਪੜਚੋਲ ਨਾਲ ਪ੍ਰਾਪਤ ਹੋਏ ਪਰਮ ਅਨੰਦ ਵਿਚ ਕਿਸੇ ਤਰਾਂ ਦੀ ਵੀ ਵਾਧ-ਘਾਟ ਹੋਣ ਦਾ ਡਰ ਨਹੀਂ ਰਹਿੰਦਾ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਗਿਆਨ ਨਾਲ ਜਨਮ-ਮਰਨ ਦਾ ਭੈਅ ਮਿਟ ਜਾਂਦਾ ਹੈ, ਕਿਉਂਕਿ ਪਤਾ ਲੱਗ ਜਾਂਦਾ ਹੈ ਕਿ ਅਸਲ ਵਿਚ ਨਾ ਕੋਈ ਇਥੇ ਆਉਂਦਾ, ਅਰਥਾਤ ਜਨਮ ਲੈਂਦਾ ਹੈ ਤੇ ਨਾ ਹੀ ਕੋਈ ਇਥੋਂ ਕਿਤੇ ਜਾਂਦਾ ਜਾਂ ਮਰਦਾ ਹੈ। ਭਗਤ ਪੀਪਾ ਜੀ ਇਸ ਸੱਚ ਦੀ ਅਟੱਲਤਾ ਨੂੰ ਏਨੀ ਪ੍ਰਬੱਲਤਾ ਨਾਲ ਦੱਸਦੇ ਹਨ, ਜਿਵੇਂ ਪ੍ਰਭੂ ਖੁਦ ਉਸ ਸੱਚ ਦੀ ਉੱਚੀ ਅਵਾਜ਼ ਵਿਚ ਦੁਹਾਈ ਦੇ ਰਿਹਾ ਹੋਵੇ।
ਭਗਤ ਜੀ ਦੱਸਦੇ ਹਨ ਕਿ ਜੋ ਕੁਝ ਵੀ ਇਸ ਬ੍ਰਹਿਮੰਡ ਵਿਚ ਹੈ, ਉਹ ਸਭ ਸਾਡੀ ਦੇਹੀ ਅੰਦਰ ਵੀ ਮੌਜੂਦ ਹੈ। ਬਸ ਸ਼ਰਤ ਇਹ ਹੈ ਕਿ ਜਿਹੜਾ ਵੀ ਉਸ ਨੂੰ ਸੱਚੇ ਮਨੋ ਜਾਨਣਾ ਚਾਹੁੰਦਾ ਹੈ, ਇਹ ਉਸੇ ਨੂੰ ਪ੍ਰਾਪਤ ਹੁੰਦਾ ਹੈ। ਇਥੇ ਇਹ ਵੀ ਪਤਾ ਲੱਗਦਾ ਹੈ ਕਿ ਪ੍ਰਭੂ ਪ੍ਰਾਪਤੀ ਲਈ ਯਤਨ ਦੇ ਇਲਾਵਾ ਚਾਹਤ ਦੀ ਤੀਬਰਤਾ ਦਾ ਵੀ ਵਿਸ਼ੇਸ਼ ਯੋਗਦਾਨ ਹੁੰਦਾ ਹੈ।
ਅਖੀਰ ਵਿਚ ਭਗਤ ਪੀਪਾ ਜੀ ਦੱਸਦੇ ਹਨ ਕਿ ਜਿਸ ਪਰਮ ਤੱਤ ਅੱਗੇ ਉਹ ਪ੍ਰਣਾਮ ਕਰਦੇ ਹਨ, ਉਸ ਦੀ ਸੋਝੀ ਸੱਚ ਦੇ ਮੁਜੱਸਮੇ ਜਾਂ ਸੱਚ ਸਰੂਪ ਗੁਰੂ ਭਾਵ ਗੁਰ-ਸ਼ਬਦ ਰਾਹੀਂ ਹੀ ਪ੍ਰਾਪਤ ਹੋ ਸਕਦੀ ਹੈ। ਗੁਰ-ਸ਼ਬਦ ਹੀ ਜਗਿਆਸੂ ਨੂੰ ਪ੍ਰਭੂ ਦੀ ਵਿਆਪਕਤਾ ਦਾ ਅਨੁਭਵ ਕਰਾ ਸਕਦਾ ਹੈ।