Guru Granth Sahib Logo
  
ਇਸ ਸ਼ਬਦ ਵਿਚ ਭਗਤ ਬੇਣੀ ਜੀ ਨੇ ਬਾਹਰ ਵਿਖਾਵੇ ਰੂਪੀ ਪ੍ਰਭੂ ਦੀ ਭਗਤੀ ਕਰ ਰਹੇ ਮਨੁਖ ਦੀ ਅੰਦਰਲੀ ਕਰੂਰਤਾ ਅਤੇ ਇਸ ਦੀ ਨਿਰਾਰਥਿਕਤਾ ਬਾਰੇ ਦੱਸਿਆ ਹੈ। ਫਿਰ ਉਹ ਉਸੇ ਮਨੁਖ ਨੂੰ ਸੋਝੀ ਪ੍ਰਦਾਨ ਕਰਦੇ ਹਨ ਕਿ ਉਸ ਦੇ ਬਾਹਰੀ ਕਰਮ-ਕਾਂਡਾਂ ਵਿਅਰਥ ਹਨ, ਕਿਉਂਕਿ ਉਹ ਅੰਦਰੋਂ ਪ੍ਰਭੂ ਨਾਲ ਨਹੀਂ ਜੁੜਿਆ ਹੋਇਆ। ਅੰਤ ਉੱਤੇ ਉਹ ਸੱਚੇ ਗੁਰੂ ਦੀ ਅਹਿਮੀਅਤ ਨੂੰ ਦਰਸਾਉਦੇ ਹਨ, ਜਿਸ ਰਾਹੀਂ ਮਨੁਖ ਵਿਖਾਵੇ ਦੇ ਕਰਮ-ਕਾਂਡ ਕਰਨ ਦੀ ਬਜਾਏ ਇਕ ਪ੍ਰਭੂ ਨਾਲ ਅੰਦਰੋ ਜੁੜਦਾ ਹੈ।
ਪ੍ਰਭਾਤੀ  ਭਗਤ ਬੇਣੀ ਜੀ ਕੀ
ਸਤਿਗੁਰ ਪ੍ਰਸਾਦਿ

ਤਨਿ ਚੰਦਨੁ  ਮਸਤਕਿ ਪਾਤੀ ਰਿਦ ਅੰਤਰਿ ਕਰਤਲ ਕਾਤੀ ॥ 
ਠਗ ਦਿਸਟਿ ਬਗਾ ਲਿਵ ਲਾਗਾ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥

ਕਲਿ ਭਗਵਤ ਬੰਦ ਚਿਰਾਂਮੰ ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ

ਨਿਤਪ੍ਰਤਿ ਇਸਨਾਨੁ ਸਰੀਰੰ ਦੁਇ ਧੋਤੀ ਕਰਮ ਮੁਖਿ ਖੀਰੰ
ਰਿਦੈ ਛੁਰੀ ਸੰਧਿਆਨੀ ਪਰ ਦਰਬੁ ਹਿਰਨ ਕੀ ਬਾਨੀ ॥੨॥

ਸਿਲ ਪੂਜਸਿ  ਚਕ੍ਰ ਗਣੇਸੰ ਨਿਸਿ ਜਾਗਸਿ ਭਗਤਿ ਪ੍ਰਵੇਸੰ
ਪਗ ਨਾਚਸਿ  ਚਿਤੁ ਅਕਰਮੰ ਲੰਪਟ  ਨਾਚ ਅਧਰਮੰ ॥੩॥
 
ਮ੍ਰਿਗ ਆਸਣੁ  ਤੁਲਸੀ ਮਾਲਾ ਕਰ ਊਜਲ ਤਿਲਕੁ ਕਪਾਲਾ
ਰਿਦੈ ਕੂੜੁ  ਕੰਠਿ ਰੁਦ੍ਰਾਖੰ ਰੇ ਲੰਪਟ  ਕ੍ਰਿਸਨੁ ਅਭਾਖੰ ॥੪॥

ਜਿਨਿ ਆਤਮ ਤਤੁ ਚੀਨੑਿਆ ਸਭ ਫੋਕਟ ਧਰਮ ਅਬੀਨਿਆ ॥ 
ਕਹੁ ਬੇਣੀ  ਗੁਰਮੁਖਿ ਧਿਆਵੈ ਬਿਨੁ ਸਤਿਗੁਰ ਬਾਟ ਪਾਵੈ ॥੫॥੧॥
-ਗੁਰੂ ਗ੍ਰੰਥ ਸਾਹਿਬ ੧੩੫੧

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਦਾ ਅਰੰਭ ਕਿਸੇ ਮਨੁਖ ਦੇ ਸੰਕੇਤਕ ਰੂਪ ਵਿਚ ਹੋ ਰਿਹਾ ਹੈ, ਜਿਸ ਨੇ ਆਪਣੇ ਸਰੀਰ ਉੱਤੇ ਪ੍ਰਭੂ ਪ੍ਰੇਮ ਦੇ ਪ੍ਰਗਟਾਵੇ ਲਈ ਚੰਦਨ ਦਾ ਲੇਪ ਕੀਤਾ ਹੋਇਆ ਹੈ ਤੇ ਮੱਥਾ ਤੁਲਸੀ ਦੇ ਪੱਤਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਭਾਵ, ਪ੍ਰਭੂ ਨੂੰ ਖੁਸ਼ ਕਰਨ ਲਈ ਆਪਣੀ ਦੇਹੀ ਨੂੰ ਸਜਾਇਆ ਹੋਇਆ ਹੈ। ਪਰ ਉਸ ਦਾ ਦਿਲ ਏਵੇਂ ਹੈ, ਜਿਵੇਂ ਕਿਸੇ ਨੇ ਹੱਥ ਵਿਚ ਕੈਂਚੀ ਫੜੀ ਹੋਵੇ। ਭਾਵ, ਉਹ ਆਪਣੇ ਦਿਲ ਵਿਚ ਮਨੁਖਤਾ ਨੂੰ ਜੋੜਨ ਦੀ ਬਜਾਏ ਤੋੜਨ ਬਾਰੇ ਸੋਚਦਾ ਹੈ ਤਾਂ ਕਿ ਲੋਕ ਆਪਸ ਵਿਚ ਪਾਟੇ ਰਹਿਣ ’ਤੇ ਉਸ ਦੇ ਦੰਭ ਅਤੇ ਪਖੰਡ ਵੱਲ ਕਿਸੇ ਦਾ ਧਿਆਨ ਹੀ ਨਾ ਜਾਵੇ। ਪ੍ਰਭੂ ਪਿਆਰ ਦਾ ਪ੍ਰਤੀਕ ਉਸ ਦਾ ਸ਼ਿੰਗਾਰ ਸਿਰਫ ਦਿਖਾਵਾ ਮਾਤਰ ਹੈ।

ਫਿਰ ਉਪਰੋਕਤ ਕਰਮ-ਕਾਂਡੀ ਮਨੁਖ ਦੇ ਦੰਭ ਨੂੰ ਉਘਾੜਨ ਲਈ ਭਗਤ ਬੇਣੀ ਜੀ ਦੱਸਦੇ ਹਨ ਕਿ ਉਹ ਇਸ ਤਰ੍ਹਾਂ ਹੈ, ਜਿਵੇਂ ਬਗਲਾ ਪਾਣੀ ਵਿਚ ਟਿਕ ਕੇ ਖੜ੍ਹਾ ਹੋਵੇ ਅਤੇ ਉਸ ਦੀ ਭਗਤੀ ਵਿਚ ਲਿਵ ਲੱਗੀ ਹੋਈ ਹੋਵੇ। ਪਰ ਉਹ ਇਹ ਸਭ ਕੁਝ ਡੱਡੂਆਂ-ਮੱਛੀਆਂ ਨੂੰ ਧੋਖਾ ਦੇਣ ਲਈ ਕਰਦਾ ਹੈ ਤੇ ਉਸ ਦੀ ਇਕਾਗਰ ਨਜਰ ਨਿਰਾ ਧੋਖਾ ਹੁੰਦਾ ਹੈ। ਐਨ੍ਹ ਇਸੇ ਤਰ੍ਹਾਂ ਦੰਭੀ ਕਰਮ-ਕਾਂਡੀ ਦੇਖਣ ਨੂੰ ਅਜਿਹਾ ਵੈਸ਼ਨੋ ਭਗਤ ਪ੍ਰਤੀਤ ਹੁੰਦਾ ਹੈ, ਜਿਵੇਂ ਜਿਸ ਦੇ ਮੁਖ ਵਿਚੋਂ ਪ੍ਰਾਣ ਨਿਕਲ ਗਏ ਹੋਣ। ਭਾਵ, ਉਹ ਮਿਰਤਕ ਦੀ ਤਰ੍ਹਾਂ ਸ਼ਾਂਤ-ਚਿਤ ਹੋਣ ਦਾ ਦਿਖਾਵਾ ਕਰਦਾ ਹੈ। ਪਰ ਉਸ ਦੀ ਇਹ ਬਿਰਤੀ ਵੀ ਨਿਰਾ ਧੋਖਾ ਹੀ ਹੈ।
ਫਿਰ ਉਸ ਉੱਤੇ ਵਿਅੰਗ ਕੱਸਦੇ ਹਨ ਕਿ ਉਹ ਅਸਲ ਵਿਚ ਅਜਿਹਾ ਕਲਯੁਗੀ, ਭਾਵ ਦੁਰਾਚਾਰੀ ਭਗਤ ਹੈ, ਜੋ ਕਿੰਨਾ-ਕਿੰਨਾ ਚਿਰ ਅੱਖਾਂ ਬੰਦ ਕਰੀ ਪ੍ਰਭੂ ਅੱਗੇ ਨਤਮਸਤਕ ਹੋਇਆ ਰਹਿੰਦਾ ਹੈ। ਪਰ ਉਹ ਆਪਣੇ ਵਿਚਾਰਾਂ ਪੱਖੋਂ ਏਨਾ ਦੁਸ਼ਟ ਹੈ ਕਿ ਰਾਤ-ਦਿਨ ਹਰ ਕਿਸੇ ਨਾ ਕਿਸੇ ਨਾਲ ਵਾਦ-ਵਿਵਾਦ ਵਿਚ ਉਲਝਿਆ ਰਹਿੰਦਾ ਹੈ। ਭਾਵ, ਨਾ ਹੀ ਉਹ ਸ਼ਾਂਤਚਿਤ ਹੈ ਤੇ ਨਾ ਹੀ ਉਸ ਦੇ ਹਿਰਦੇ ਵਿਚ ਪ੍ਰੇਮ ਹੈ। ਇਹ ਇਸ ਸ਼ਬਦ ਦਾ ਸਥਾਈ ਭਾਵ ਹੈ।

ਉਹ ਹਰ ਰੋਜ ਦੇਹੀ ਦਾ ਇਸ਼ਨਾਨ ਕਰਦਾ ਹੈ। ਦੋ ਧੋਤੀਆਂ ਰਖਦਾ ਹੈ। ਭਾਵ, ਏਨੀ ਸਫਾਈ ਰਖਦਾ ਹੈ ਕਿ ਇਸ਼ਨਾਨ ਉਪਰੰਤ ਧੋਤਾ ਹੋਇਆ ਵਸਤਰ ਪਹਿਨਦਾ ਹੈ। ਪੂਜਾ ਨਾਲ ਸੰਬੰਧਤ ਸਾਰੇ ਕਰਮ ਕਰਦਾ ਹੈ ਤੇ ਦੁੱਧ ਤੋਂ ਬਣੇ ਪਦਾਰਥਾਂ ਦਾ ਸੇਵਨ ਕਰਦਾ ਹੈ। ਭਾਵ, ਦਿਖਾਵੇ ਲਈ ਸਾਤਵਿਕ ਭੋਜਨ ਕਰਦਾ ਹੈ।
ਪਰ ਉਸ ਨੇ ਆਪਣੇ ਦਿਲ ਵਿਚ ਛੁਰੀ ਲੁਕੋ ਕੇ ਰਖੀ ਹੋਈ ਹੈ। ਦਿਲੋਂ ਹਰ ਕਿਸੇ ਨਾਲ ਵਿਸ਼ਵਾਸ਼ਘਾਤ ਕਰਦਾ ਹੈ। ਇਥੇ ਹੀ ਬਸ ਨਹੀਂ। ਪਰਾਇਆ ਧਨ ਹੜੱਪਣ ਦੀ ਉਸ ਦੀ ਆਦਤ ਹੈ। ਧਰਮ-ਕਰਮ ਸਿਰਫ ਦਿਖਾਵੇ ਲਈ ਹੈ।

ਉਹ ਪੱਥਰ ਦੀ ਮੂਰਤੀ ਦੀ ਪੂਜਾ ਕਰਦਾ ਹੈ ਤੇ ਆਪਣੀ ਦੇਹੀ ਉੱਤੇ ਤੰਤਰ ਅਨੁਸਾਰ ਗਣੇਸ਼ ਦੇਵਤੇ ਦੇ ਛਾਪੇ ਬਣਾਈ ਫਿਰਦਾ ਹੈ। ਫਿਰ ਰਾਤ ਭਰ ਜਾਗਦਾ ਰਹਿੰਦਾ ਹੈ ਤੇ ਦਿਖਾਵਾ ਕਰਦਾ ਹੈ, ਜਿਵੇਂ ਭਗਤੀ ਵਿਚ ਲੀਨ ਹੋ ਗਿਆ ਹੋਵੇ।
ਫਿਰ ਦੱਸਦੇ ਹਨ ਕਿ ਬੇਸ਼ੱਕ ਉਸ ਦੇ ਪੈਰ ਤਾਂ ਨੱਚ ਰਹੇ ਹੁੰਦੇ ਹਨ, ਪਰ ਉਸ ਦੇ ਦਿਲ ਵਿਚ ਬੁਰੇ ਵਿਚਾਰ ਚੱਲ ਰਹੇ ਹੁੰਦੇ ਹਨ। ਫਿਰ ਉਸ ਨੂੰ ਵਿਕਾਰਾਂ ਵਿਚ ਡੁੱਬੇ ਹੋਏ ਲਈ ਵਰਤੇ ਜਾਂਦੇ ਸ਼ਬਦ ਲੰਪਟ ਨਾਲ ਸੰਬੋਧਨ ਕਰਦੇ ਹੋਏ ਦੱਸਦੇ ਹਨ ਕਿ ਉਸ ਦਾ ਨੱਚਣਾ ਧਰਮ ਦੀ ਥਾਂ ਅਧਰਮ ਹੈ। ਭਾਵ, ਅਜਿਹੇ ਨਾਚ ਆਦਿ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ।

ਉਸ ਦੰਭੀ ਨੇ ਹਿਰਨ ਦੀ ਖੱਲ ਹੇਠ ਵਿਛਾਈ ਹੋਈ ਹੈ ਤੇ ਤੁਲਸੀ ਦੀ ਮਾਲਾ ਬਣਾ ਕੇ ਹੱਥ ਵਿਚ ਫੜੀ ਹੋਈ ਹੈ। ਉਹ ਆਪਣੇ ਹੱਥਾਂ ਨੂੰ ਸਾਫ ਰਖਦਾ ਹੈ ਤੇ ਕਪਾਲ ਉੱਤੇ ਤਿਲਕ ਲਗਾਉਂਦਾ ਹੈ। ਭਾਵ, ਕਰਮ-ਕਾਂਡ ਵਿਚ ਕੋਈ ਕਸਰ ਨਹੀਂ ਰਹਿਣ ਦਿੰਦਾ।
ਪਰ ਉਸ ਦੇ ਦਿਲ ਵਿਚ ਹਮੇਸ਼ਾ ਕੂੜ-ਕਪਟ ਰਹਿੰਦਾ ਹੈ। ਬੇਸ਼ੱਕ ਉਸ ਨੇ ਆਪਣੇ ਗਲੇ ਵਿਚ ਰੁਦ੍ਰਾਕਸ਼ ਦੀ ਮਾਲਾ ਪਾਈ ਹੋਈ ਹੈ। ਉਸ ਨੂੰ ਦੁਰਾਚਾਰੀ ਦੱਸਕੇ ਕਿਹਾ ਗਿਆ ਹੈ ਕਿ ਉਹ ਹੋਰ ਸਾਰੇ ਕਰਮ-ਕਾਂਡ ਕਰਦਾ ਹੈ, ਪਰ ਉਹ ਏਨੇ ਆਕਰਸ਼ਕ ਪ੍ਰਭੂ ਨੂੰ ਕਦੇ ਯਾਦ ਤਕ ਨਹੀਂ ਕਰਦਾ ਤੇ ਚੁੱਪ ਵੱਟੀ ਰਖਦਾ ਹੈ। 

ਅਜਿਹੇ ਦੰਭੀ ਕਿਸਮ ਦੇ ਕਰਮ-ਕਾਂਡੀ ਨੂੰ ਤਾੜਨਾ ਕਰਦੇ ਹੋਏ ਦੱਸਿਆ ਗਿਆ ਹੈ ਕਿ ਜਿਸ ਨੇ ਆਪਣੇ ਅਸਲ ਆਪੇ, ਭਾਵ ਆਪਣੇ-ਆਪੇ ਦੇ ਮੂਲ ਤੱਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਉਹ ਅਸਲ ਵਿਚ ਅੰਨ੍ਹਾ ਹੈ ਤੇ ਉਸ ਦਾ ਸਾਰਾ ਧਰਮ-ਕਰਮ ਫੋਕਟ, ਥੋਥਾ ਭਾਵ ਨਿਸਫਲ ਹੈ। 
ਅਖੀਰ ਵਿਚ ਭਗਤ ਬੇਣੀ ਜੀ ਉੱਪਰ ਦੱਸੇ ਥੋਥੇ, ਕਪਟੀ, ਦੰਭੀ ਕਰਮ-ਕਾਂਡੀ ਦੇ ਪਾਜ ਉਘੇੜਨ ਉਪਰੰਤ ਕਥਨ ਕਰਦੇ ਹਨ ਕਿ ਇਸ ਸਾਰੇ ਕਾਸੇ ਦੀ ਬਜਾਏ ਗੁਰੂ ਦੇ ਲੜ ਲੱਗ ਕੇ ਅੰਤਰ ਧਿਆਨ ਹੋਣ ਦੀ ਲੋੜ ਹੈ। ਕਿਉਂਕਿ ਸੱਚ ਦਾ ਗਿਆਨ ਬਖਸ਼ਣ ਵਾਲੇ ਗੁਰੂ ਦੇ ਬਗੈਰ ਕੋਈ ਕਿਸੇ ਨੂੰ ਸਹੀ ਰਸਤੇ ਨਹੀਂ ਪਾ ਸਕਦਾ। ਭਾਵ, ਗੁਰੂ ਹੀ ਹੈ ਜੋ ਕਿਸੇ ਨੂੰ ਸਿੱਧੇ ਰਾਹ ਪਾਕੇ ਪ੍ਰਭੂ ਨਾਲ ਮਿਲਾ ਸਕਦਾ ਹੈ।

Tags