ਅਸੀਸ ਦੇਣ ਦੀ ਪਰੰਪਰਾ ਹਰ ਸਮਾਜ ਵਿਚ ਪਾਈ ਜਾਂਦੀ ਹੈ। ਇਸ ਸ਼ਬਦ ਵਿਚ ਵੀ ਅਸੀਸ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਅਸੀਸ ਗੁਰਿਆਈ ਮਿਲਣ ਸਮੇਂ ਮਾਤਾ ਭਾਨੀ ਜੀ ਵੱਲੋਂ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਗਈ ਸੀ, ਜਿਸ ਨੂੰ ਬਾਅਦ ਵਿਚ ਗੁਰੂ ਸਾਹਿਬ ਨੇ ਬਾਣੀ ਦੇ ਰੂਪ ਵਿਚ ਉਚਾਰਿਆ। ਇਸ ਅਸੀਸ ਵਿਚ ਪ੍ਰਭੂ ਪਿਆਰ ਬਣੇ ਰਹਿਣ ਅਤੇ ਇਸ ਪਿਆਰ ਸਦਕਾ ਸਾਰੀਆਂ ਬਖ਼ਸ਼ਿਸ਼ਾਂ ਪ੍ਰਾਪਤ ਹੋਣ ਦਾ ਵਰਨਣ ਹੈ।
ਗੂਜਰੀ ਮਹਲਾ ੫ ॥
ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥
ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥੧॥
ਪੂਤਾ ਮਾਤਾ ਕੀ ਆਸੀਸ ॥
ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥
ਸਤਿਗੁਰੁ ਤੁਮੑ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ ॥
ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥
ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥
ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥੩॥
ਭਵਰੁ ਤੁਮੑਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥
ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥੪॥੩॥੪॥
-ਗੁਰੂ ਗ੍ਰੰਥ ਸਾਹਿਬ ੪੯੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਕਿਸੇ ਵੀ ਤਰ੍ਹਾਂ ਦੇ ਡਿੱਗਣ ਜਾਂ ਪਤਨ ਨੂੰ ਕਿਲਵਿਖ (ਕਿਲਵਿਸ਼) ਕਹਿੰਦੇ ਹਨ। ਦੇਹ ਡਿੱਗਦੀ ਹੈ ਤਾਂ ਸੱਟ ਲੱਗਦੀ ਹੈ, ਮਨ ਡਿੱਗਦਾ ਹੈ ਤਾਂ ਉਤਸ਼ਾਹ ਜਾਂਦਾ ਲੱਗਦਾ ਹੈ ਤੇ ਕਿਰਦਾਰ ਡਿੱਗਦਾ ਹੈ ਤਾਂ ਕੁਝ ਵੀ ਨਹੀਂ ਬਚਦਾ। ਕਿਸੇ ਵੀ ਤਰ੍ਹਾਂ ਦੇ ਪਤਨ ਕਾਰਣ ਮਨੁਖ ਦਾ ਦੁਖ ਪੁਸ਼ਤਾਂ ਤਕ ਫੈਲ ਜਾਂਦਾ ਹੈ।
ਵਿਆਖਿਆ ਅਧੀਨ ਸ਼ਬਦ ਵਿਚ ਪਾਤਸ਼ਾਹ ਇਹ ਆਦੇਸ਼ ਕਰਦੇ ਹਨ ਕਿ ਜਿਸ ਨੂੰ ਯਾਦ ਰਖਣ ਨਾਲ, ਕਿਸੇ ਵੀ ਤਰ੍ਹਾਂ ਦੇ ਪਤਨ ਕਾਰਣ ਹੋਏ ਦੁਖ ਤਕਲੀਫ ਮਿਟ ਜਾਂਦੇ ਹਨ ਤੇ ਇਥੋਂ ਤਕ ਕਿ ਹੋ ਬੀਤ ਚੁੱਕੇ ਮਾਪਿਆਂ ਦੇ ਵਿਗੜੇ ਹੋਏ ਅਕਸ ਵੀ ਦਰੁਸਤ ਹੋ ਜਾਂਦੇ ਹਨ, ਉਸ ਪ੍ਰਭੂ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਚਾਹੀਦਾ ਹੈ। ਉਹ ਏਨਾ ਬੇਅੰਤ ਹੈ ਕਿ ਉਸ ਦਾ ਕੋਈ ਅੰਤ ਅਤੇ ਆਰ-ਪਾਰ ਨਹੀਂ ਹੈ।
ਪਾਤਸ਼ਾਹ ਆਪਣੇ ਮਾਤ-ਰੂਪ ਵਿਚ ਆਦੇਸ਼ ਜਾਂ ਨਸੀਹਤ ਨੁਮਾ ਅਸੀਸ ਦਿੰਦੇ ਹਨ ਕਿ ਅਸੀਂ ਜਗਤ ਦੇ ਮਾਲਕ ਅਤੇ ਪਾਲਕ ਪ੍ਰਭੂ ਨੂੰ ਇਸ ਤਰ੍ਹਾਂ ਯਾਦ ਕਰਦੇ ਰਹੀਏ ਕਿ ਉਹ ਸਾਨੂੰ ਕਦੇ ਅੱਖ ਦੇ ਫੋਰ ਜਿੰਨੇ ਸਮੇਂ ਲਈ ਵੀ ਨਾ ਵਿਸਰੇ।
ਇਥੇ ਹੀ ਬਸ ਨਹੀਂ, ਪਾਤਸ਼ਾਹ ਹੋਰ ਅਸੀਸ ਦਿੰਦੇ ਹਨ ਕਿ ਸੱਚ-ਸਰੂਪ ਗੁਰੂ ਸਾਡੇ ’ਤੇ ਹਮੇਸ਼ਾ ਮਿਹਰਬਾਨ ਰਹੇ ਤੇ ਸ਼ਾਂਤ-ਚਿਤ ਸੰਤ-ਜਨਾਂ ਨਾਲ ਪ੍ਰੇਮ ਪਿਆਰ ਬਣਿਆ ਰਹੇ।
ਅਸੀਂ ਆਪਣੀ ਦੇਹੀ ਦਾ ਨੰਗੇਜ਼ ਵੀ ਵਸਤਰਾਂ ਨਾਲ ਕੱਜਦੇ ਹਾਂ ਤੇ ਆਪਣੀ ਸਮਾਜਕ ਪਤਿ-ਪ੍ਰਤਿਸ਼ਟਾ ਦੀ ਕਮੀ ਪੇਸ਼ੀ ਵੀ ਵਸਤਰਾਂ ਨਾਲ ਹੀ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਗੁਰਮਤਿ ਅਨੁਸਾਰ ਸਾਡੀ ਸਮਾਜਕ ਪਤਿ-ਪ੍ਰਤਿਸ਼ਟਾ ਪ੍ਰਭੂ ਦੇ ਹੱਥ ਵਿਚ ਹੁੰਦੀ ਹੈ। ਇਸੇ ਲਈ ਪਾਤਸ਼ਾਹ ਅਸੀਸ ਦਿੰਦੇ ਹਨ ਕਿ ਪਰਮ ਪਿਆਰਾ ਪ੍ਰਭੂ ਵਸਤਰਾਂ ਵਾਂਗ ਸਾਡੀ ਪਤਿ ਦੀ ਰਾਖੀ ਕਰੇ ਤੇ ਉਸ ਦੀ ਕੀਰਤੀ ਸਾਡੇ ਲਈ ਨਿੱਤ ਦੇ ਭੋਜਨ ਦੀ ਨਿਆਈਂ ਹੋਵੇ।
ਪਾਤਸ਼ਾਹ ਹੋਰ ਅਸੀਸ ਦਿੰਦੇ ਹਨ ਕਿ ਸਾਨੂੰ ਅਜਿਹਾ ਅੰਮ੍ਰਿਤ ਨਸੀਬ ਹੋਵੇ ਕਿ ਅਸੀਂ ਚਿਰ ਜੀਵਨ ਜੀ ਸਕੀਏ ਤੇ ਪ੍ਰਭੂ ਦੇ ਸਿਮਰਨ ਨਾਲ ਸਾਨੂੰ ਅੰਤਾਂ ਦਾ ਅਨੰਦ ਪ੍ਰਾਪਤ ਹੋਵੇ। ਇਥੇ ਚਿਰ ਜੀਵਨ ਜਿਉਣ ਦਾ ਭਾਵ ਉਮਰ ਲਮੇਰੀ ਹੋਣ ਦੀ ਬਜਾਏ ਦੇਹ ਅਰੋਗਤਾ ਪ੍ਰਤੀਤ ਹੁੰਦਾ ਹੈ। ਖੇੜੇ-ਭਰਪੂਰ ਜੀਵਨ ਦੀ ਆਸ਼ਾ ਪੂਰਤੀ ਦੇ ਨਾਲ ਪਾਤਸ਼ਾਹ ਅਸੀਸ ਦਿੰਦੇ ਹਨ ਕਿ ਸਾਨੂੰ ਕਦੇ ਵੀ ਕੋਈ ਚਿੰਤਾ ਨਾ ਬਿਆਪ ਸਕੇ। ਵਡੀ ਤੋਂ ਵਡੀ ਖੁਸ਼ੀ ਨੂੰ ਵੀ ਚਿੰਤਾ ਖੀਣ ਕਰ ਦਿੰਦੀ ਹੈ। ਇਸ ਨਜ਼ਰ ਤੋਂ ਪਾਤਸ਼ਾਹ ਦੀ ਇਹ ਅਸੀਸ ਹੋਰ ਵੀ ਮਹੱਤਵਪੂਰਣ ਹੋ ਜਾਂਦੀ ਹੈ।
ਇਸ ਤੋਂ ਅੱਗੇ ਪਾਤਸ਼ਾਹ ਪ੍ਰਭੂ-ਪਿਆਰ ਦੀ ਬੜੀ ਹੀ ਮਨਮੋਹਕ ਅਤੇ ਕਾਵਿਕ ਅਸੀਸ ਦਿੰਦੇ ਹਨ ਕਿ ਪ੍ਰਭੂ ਦੇ ਚਰਣ ਸਾਨੂੰ ਕੰਵਲ ਦੇ ਫੁੱਲ ਜਿਹੇ ਪ੍ਰਤੀਤ ਹੋਣ ਤੇ ਸਾਡਾ ਮਨ ਉਨ੍ਹਾਂ ਉੱਤੇ ਭੰਵਰੇ ਵਾਂਗ ਮੰਡਰਾਉਂਦਾ ਰਹੇ। ਇਸ ਅਸੀਸ ਨੂੰ ਪਾਤਸ਼ਾਹ ਅੱਗੇ ਵਧਾਉਂਦੇ ਹਨ ਕਿ ਅਸੀਂ ਪ੍ਰਭੂ ਦੇ ਚਰਣ ਕੰਵਲਾਂ ਨਾਲ ਜੁੜ ਕੇ ਇਸ ਕਦਰ ਖਿੜ ਜਾਈਏ ਜਿਵੇਂ ਪਿਆਸਾ ਚਾਤ੍ਰਿਕ ਜਲ ਦੀ ਬੂੰਦ ਪ੍ਰਾਪਤ ਕਰਕੇ ਖਿੜ ਜਾਂਦਾ ਹੈ।