ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਦੱਸਿਆ ਹੈ ਕਿ ਜਿਹੜਾ ਜਗਿਆਸੂ ਮੌਤ ਨੂੰ ਸੱਚ ਜਾਣ ਕੇ ਗੁਰ-ਸ਼ਬਦ ਨੂੰ ਹਿਰਦੇ ’ਚ ਵਸਾਉਂਦਾ ਅਤੇ ਪ੍ਰਭੂ ਦੇ
ਨਾਮ ਨੂੰ ਸਿਮਰਦਾ ਹੈ, ਉਹ ਪ੍ਰਭੂ ਨੂੰ ਸਦਾ ਅੰਗ-ਸੰਗ ਵਸਦਾ ਮਹਿਸੂਸ ਕਰਦਾ ਹੈ। ਦੂਜੇ ਵਿਚ ਗੁਰ-ਸ਼ਬਦ ਰਾਹੀਂ ਪ੍ਰਭੂ-ਮਿਲਾਪ ਦੀ ਜੁਗਤੀ ਦਰਸਾਈ ਗਈ ਹੈ। ਤੀਜੇ ਵਿਚ ਬਿਆਨ ਕੀਤਾ ਗਿਆ ਹੈ ਕਿ ਜਿਹੜਾ ਜਗਿਆਸੂ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ। ਚਉਥੇ ਵਿਚ ਪ੍ਰਭੂ ਦੀ ਸਮਰੱਥਾ ਦਾ ਜਿਕਰ ਕਰਦਿਆਂ ਸਪਸ਼ਟ ਕੀਤਾ ਹੈ ਕਿ ਸਭ ਕੁਝ ਕਰਣ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਹ ਗੁਰ-ਸ਼ਬਦ ਰਾਹੀਂ ਆਪਣਾ ਮਿਲਾਪ ਵੀ ਜਗਿਆਸੂ ਨੂੰ ਆਪ ਹੀ ਬਖਸ਼ਿਸ਼ ਕਰਦਾ ਹੈ।
ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥
ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ ॥
ਸਚੈ ਸਬਦਿ ਵੀਚਾਰੇ ਰੰਗਿ ਰਾਤੀ ਨਾਰੇ ਮਿਲਿ ਸਤਿਗੁਰ ਪ੍ਰੀਤਮੁ ਪਾਇਆ ॥
ਅੰਤਰਿ ਰੰਗਿ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ ॥
ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ ॥
ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥੩॥
-ਗੁਰੂ ਗ੍ਰੰਥ ਸਾਹਿਬ ੫੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪ੍ਰਭੂ-ਮਿਲਾਪ ਪ੍ਰਾਪਤ ਕਰਨ ਵਾਲੀ ਜੀਵ-ਇਸਤਰੀ ਦੱਸਦੀ ਹੈ ਕਿ ਉਸ ਨੇ ਸੱਚ-ਸਰੂਪ ਪ੍ਰਭੂ ਦੀ ਪਛਾਣ ਕਰ ਲਈ ਹੈ, ਪਰ ਹੋਰ ਜੀਵ-ਇਸਤਰੀਆਂ ਔਗੁਣਾ ਨਾਲ ਭਰੀਆਂ ਹੋਣ ਕਾਰਣ ਭੁੱਲੀਆਂ-ਭਟਕੀਆਂ ਹੋਈਆਂ ਹਨ।
ਸੱਚੇ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ-ਚਰਚਾ ਕਰਦੇ ਰਹਿਣ ਸਦਕਾ ਉਹ ਹਮੇਸ਼ਾ ਪਿਆਰੇ ਪ੍ਰਭੂ ਦੇ ਮਿਲਾਪ ਦੀ ਅਵਸਥਾ ਵਿਚ ਜੀਵਨ ਬਸਰ ਕਰਦੀ ਹੈ।
ਸੱਚੇ ਗੁਰ-ਸ਼ਬਦ ਦੀ ਵਿਚਾਰ-ਚਰਚਾ ਕਰਦੇ ਰਹਿਣ ਸਦਕਾ ਜੀਵ-ਇਸਤਰੀ ਉਸ ਪ੍ਰਭੂ ਦੇ ਰੰਗ ਵਿਚ ਹੀ ਰੰਗੀ ਰਹਿੰਦੀ ਹੈ। ਜੀਵ-ਇਸਤਰੀ ਨੇ ਸੱਚੇ ਗੁਰੂ ਨੂੰ ਮਿਲ ਕੇ, ਭਾਵ ਗੁਰ-ਸ਼ਬਦ ਦੀ ਸਿਖਿਆ ਅਨੁਸਾਰ, ਆਪਣੇ ਪਿਆਰੇ ਪ੍ਰਭੂ ਦਾ ਸਾਥ ਪ੍ਰਾਪਤ ਕੀਤਾ ਹੈ।
ਉਹ ਜੀਵ-ਇਸਤਰੀ ਆਪਣੇ ਧੁਰ ਅੰਦਰ ਤਕ ਪਿਆਰੇ ਪ੍ਰਭੂ ਦੇ ਰੰਗ ਵਿਚ ਰੰਗੀ ਜਾਂਦੀ ਹੈ। ਉਹ ਆਪਣੇ-ਆਪ ਵਿਚ ਮਸਤ ਰਹਿੰਦੀ ਹੈ ਤੇ ਉਸਦੇ ਦੁਸ਼ਮਣ ਬਣੇ ਹੋਏ ਸਾਰੇ ਦੁਖ-ਦਰਦ ਦੂਰ ਹੋ ਜਾਂਦੇ ਹਨ। ਭਾਵ, ਉਸ ਦੇ ਅੰਦਰੋਂ ਵਿਸ਼ੇ-ਵਿਕਾਰਾਂ ਦਾ ਖਾਤਮਾ ਹੋ ਜਾਂਦਾ ਹੈ ਅਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੇ ਦੁਖਾਂ ਤੋਂ ਵੀ ਛੁਟਕਾਰਾ ਹੋ ਜਾਂਦਾ ਹੈ।
ਜੇ ਕਿਸੇ ਜੀਵ-ਇਸਤਰੀ ਨੇ ਗੁਰ-ਸ਼ਬਦ ਅਨੁਸਾਰ ਆਪਣੇ-ਆਪ ਨੂੰ ਢਾਲ ਲਿਆ, ਉਸ ਦੀਆਂ ਸਿਖਿਆਵਾਂ ਦੇ ਅਨੁਸਾਰੀ ਕਰ ਲਿਆ ਤਾਂ ਉਸ ਦਾ ਮਨ ਪ੍ਰਭੂ ਪਿਆਰ ਵਿਚ ਭਿੱਜਦਾ ਹੈ। ਫਿਰ ਉਸ ਨੂੰ ਆਪਣੇ ਅੰਦਰ ਉੱਠਦੀਆਂ ਇਛਾਵਾਂ ਦੇ ਦੁਖਾਂ ਤੋਂ ਵੀ ਅਰਾਮ ਮਿਲ ਜਾਂਦਾ ਹੈ।
ਅਖੀਰ ਵਿਚ ਪ੍ਰਭੂ-ਮਿਲਾਪ ਵਾਲੀ ਜੀਵ-ਇਸਤਰੀ ਫਿਰ ਦੱਸਦੀ ਹੈ ਕਿ ਉਸ ਨੇ ਸੱਚ-ਸਰੂਪ ਪ੍ਰਭੂ ਦੀ ਪਛਾਣ ਕਰ ਲਈ ਹੈ, ਪਰ ਹੋਰ ਜੀਵ-ਇਸਤਰੀਆਂ ਔਗੁਣਾ ਨਾਲ ਭਰੀਆਂ ਹੋਣ ਕਾਰਣ ਭੁੱਲੀਆਂ-ਭਟਕੀਆਂ ਫਿਰ ਰਹੀਆਂ ਹਨ। ਭਾਵ, ਆਪਣਾ ਜੀਵਨ ਵਿਅਰਥ ਬਤੀਤ ਕਰ ਰਹੀਆਂ ਹਨ।