Guru Granth Sahib Logo
  
ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਨ ਦੀ ਪ੍ਰੇਰਨਾ ਹੈ। ਦੂਜੇ ਪਦੇ ਵਿਚ ਦੱਸਿਆ ਹੈ ਕਿ ਪ੍ਰਭੂ ਨੇ ਆਪ ਹੀ ਇਸ ਨਾਸ਼ਵਾਨ ਸੰਸਾਰ ਨੂੰ ਸਿਰਜਿਆ ਹੈ ਅਤੇ ਆਪ ਹੀ ਜੀਵਾਂ ਨੂੰ ਮਾਇਕੀ ਪਦਾਰਥਾਂ ਦੇ ਮੋਹ ਵਿਚ ਭੁਲਾਇਆ ਹੋਇਆ ਹੈ। ਤੀਜੇ ਵਿਚ ਵਰਣਨ ਕੀਤਾ ਹੈ ਕਿ ਜੀਵ ਇਨ੍ਹਾਂ ਸੰਸਾਰਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਸਦਾ ਦੁਖੀ ਰਹਿੰਦਾ ਹੈ। ਚਉਥੇ ਵਿਚ ਸਪਸ਼ਟ ਕੀਤਾ ਹੈ ਕਿ ਜਿਹੜਾ ਜੀਵ ਪ੍ਰਭੂ ਨੂੰ ਯਾਦ ਰਖਦਾ ਹੈ, ਉਸ ਨੂੰ ਪ੍ਰਭੂ ਸਦਾ ਅੰਗ-ਸੰਗ ਮਹਿਸੂਸ ਹੁੰਦਾ ਹੈ, ਪਰ ਮਨ ਦੇ ਪਿਛੇ ਲੱਗਣ ਵਾਲਾ ਜੀਵ ਪ੍ਰਭੂ ਨੂੰ ਆਪਣੇ ਤੋਂ ਦੂਰ ਹੀ ਸਮਝਦਾ ਹੈ।
ਇਕਿ ਰੋਵਹਿ ਪਿਰਹਿ ਵਿਛੁੰਨੀਆ   ਅੰਧੀ ਨਾ ਜਾਣੈ ਪਿਰੁ ਨਾਲੇ
ਗੁਰ ਪਰਸਾਦੀ ਸਾਚਾ ਪਿਰੁ ਮਿਲੈ   ਅੰਤਰਿ ਸਦਾ ਸਮਾਲੇ
ਪਿਰੁ ਅੰਤਰਿ ਸਮਾਲੇ  ਸਦਾ ਹੈ ਨਾਲੇ   ਮਨਮੁਖਿ ਜਾਤਾ ਦੂਰੇ
ਇਹੁ ਤਨੁ ਰੁਲੈ ਰੁਲਾਇਆ  ਕਾਮਿ ਆਇਆ   ਜਿਨਿ ਖਸਮੁ ਜਾਤਾ ਹਦੂਰੇ
ਨਾਨਕ  ਸਾਧਨ ਮਿਲੈ ਮਿਲਾਈ   ਪਿਰੁ ਅੰਤਰਿ ਸਦਾ ਸਮਾਲੇ
ਇਕਿ ਰੋਵਹਿ ਪਿਰਹਿ ਵਿਛੁੰਨੀਆ   ਅੰਧੀ ਜਾਣੈ ਪਿਰੁ ਹੈ ਨਾਲੇ ॥੪॥੨॥
-ਗੁਰੂ ਗ੍ਰੰਥ ਸਾਹਿਬ ੫੮੩-੫੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਬਹੁਤ ਸਾਰੀਆਂ ਜੀਵ-ਇਸਤਰੀਆਂ ਪਿਆਰੇ ਪ੍ਰਭੂ ਦੇ ਵਿਯੋਗ ਵਿਚ ਰੋਂਦੀਆਂ-ਕੁਰਲਾਉਂਦੀਆਂ ਹਨ। ਪਰ ਉਹ ਗਿਆਨ-ਵਿਹੂਣੀਆਂ ਇਹ ਨਹੀਂ ਜਾਣਦੀਆਂ ਕਿ ਪਿਆਰਾ ਪ੍ਰਭੂ ਤਾਂ ਉਨ੍ਹਾਂ ਦੇ ਹਿਰਦੇ ਅੰਦਰ ਹੈ। ਭਾਵ, ਉਨ੍ਹਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ।

ਪਰ ਜਿਸ ਜੀਵ-ਇਸਤਰੀ ਉੱਤੇ ਗੁਰੂ ਦੀ ਮਿਹਰ ਹੋ ਜਾਵੇ ਤਾਂ ਉਸ ਨੂੰ ਸੱਚ-ਸਰੂਪ ਪਿਆਰਾ ਪ੍ਰਭੂ ਆਪਣੇ ਹਿਰਦੇ ਅੰਦਰ ਹੀ ਮਿਲ ਪੈਂਦਾ ਹੈ। ਫਿਰ ਉਹ ਪ੍ਰਭੂ ਨੂੰ ਹਮੇਸ਼ਾ-ਹਮੇਸ਼ਾ ਲਈ ਆਪਣੇ ਹਿਰਦੇ ਅੰਦਰ ਸੰਭਾਲ ਲੈਂਦੀ ਹੈ। ਭਾਵ, ਉਸ ਨੂੰ ਹਮੇਸ਼ਾ ਯਾਦ ਰਖਦੀ ਹੈ। 

ਜਿਹੜੀ ਜੀਵ-ਇਸਤਰੀ ਪਿਆਰੇ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਵਸਾਈ ਰਖਦੀ ਹੈ, ਪ੍ਰਭੂ ਹਮੇਸ਼ਾ ਉਸ ਦੇ ਨਾਲ ਹੀ ਰਹਿੰਦਾ ਹੈ। ਪਰ ਜਿਹੜੀ ਜੀਵ-ਇਸਤਰੀ ਆਪਣੇ ਮਨ ਮਗਰ ਲੱਗ ਕੇ ਭਟਕ ਜਾਂਦੀ ਹੈ, ਉਹ ਸਮਝਦੀ ਹੈ ਕਿ ਪ੍ਰਭੂ ਬਾਹਰ, ਭਾਵ ਕਿਤੇ ਦੂਰ ਹੈ। ਉਹ ਪ੍ਰਭੂ ਪਿਆਰੇ ਦਾ ਸਾਥ ਨਹੀਂ ਮਾਣ ਸਕਦੀ।

ਪ੍ਰਭੂ ਦੇ ਪਿਆਰ ਬਾਝੋਂ ਜੀਵ-ਇਸਤਰੀ ਦਾ ਤਨ ਵਿਕਾਰਾਂ ਕਾਰਣ ਰੁਲ ਜਾਂਦਾ ਹੈ। ਜਿਸ ਨੂੰ ਇਹ ਸੋਝੀ ਨਹੀਂ ਹੋਈ ਕਿ ਪਿਆਰਾ ਪ੍ਰਭੂ ਉਸ ਦੇ ਨਾਲ ਹੀ ਹੈ, ਉਸ ਦਾ ਤਨ ਕਿਸੇ ਕੰਮ ਨਹੀਂ ਆਉਂਦਾ। ਭਾਵ, ਪਿਆਰੇ ਪ੍ਰਭੂ ਦੇ ਵਿਯੋਗ ਵਿਚ ਅਜਿਹੀ ਜੀਵ-ਇਸਤਰੀ ਆਪਣਾ ਜੀਵਨ ਵਿਅਰਥ ਗੁਆ ਲੈਂਦੀ ਹੈ।

ਉਹੀ ਜੀਵ-ਇਸਤਰੀ ਪ੍ਰਭੂ ਨੂੰ ਮਿਲਦੀ ਹੈ, ਜਿਸ ਨੂੰ ਗੁਰੂ ਨੇ ਮਿਲਾਇਆ ਹੋਵੇ। ਭਾਵ, ਜਿਸ ਨੂੰ ਗੁਰੂ ਨੇ ਸੋਝੀ ਦਿੱਤੀ ਹੋਵੇ। ਅਜਿਹੀ ਜੀਵ ਇਸਤਰੀ ਹੀ ਪਿਆਰੇ ਪ੍ਰਭੂ ਨੂੰ ਹਮੇਸ਼ਾ ਆਪਣੇ ਹਿਰਦੇ ਵਿਚ ਵਸਾਈ ਰਖਦੀ ਹੈ।

ਫਿਰ ਦੁਹਰਾਇਆ ਗਿਆ ਹੈ ਕਿ ਬਹੁਤ ਸਾਰੀਆਂ ਜੀਵ ਇਸਤਰੀਆਂ ਪਿਆਰੇ ਪ੍ਰਭੂ ਦੇ ਵਿਯੋਗ ਵਿਚ ਰੋਂਦੀਆਂ ਕੁਰਲਾਉਂਦੀਆਂ ਹਨ। ਪਰ ਉਹ ਗਿਆਨ- ਵਿਹੂਣੀਆਂ ਇਹ ਨਹੀਂ ਜਾਣਦੀਆਂ ਕਿ ਪਿਆਰਾ ਪ੍ਰਭੂ ਤਾਂ ਉਨ੍ਹਾਂ ਦੇ ਹਿਰਦੇ ਅੰਦਰ ਹੀ ਹੈ। 
Tags