ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਨ ਦੀ ਪ੍ਰੇਰਨਾ ਹੈ। ਦੂਜੇ ਪਦੇ ਵਿਚ ਦੱਸਿਆ ਹੈ ਕਿ ਪ੍ਰਭੂ ਨੇ ਆਪ ਹੀ ਇਸ ਨਾਸ਼ਵਾਨ ਸੰਸਾਰ ਨੂੰ ਸਿਰਜਿਆ ਹੈ ਅਤੇ ਆਪ ਹੀ ਜੀਵਾਂ ਨੂੰ ਮਾਇਕੀ ਪਦਾਰਥਾਂ ਦੇ ਮੋਹ ਵਿਚ ਭੁਲਾਇਆ ਹੋਇਆ ਹੈ। ਤੀਜੇ ਵਿਚ ਵਰਣਨ ਕੀਤਾ ਹੈ ਕਿ ਜੀਵ ਇਨ੍ਹਾਂ ਸੰਸਾਰਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਸਦਾ ਦੁਖੀ ਰਹਿੰਦਾ ਹੈ। ਚਉਥੇ ਵਿਚ ਸਪਸ਼ਟ ਕੀਤਾ ਹੈ ਕਿ ਜਿਹੜਾ ਜੀਵ ਪ੍ਰਭੂ ਨੂੰ ਯਾਦ ਰਖਦਾ ਹੈ, ਉਸ ਨੂੰ ਪ੍ਰਭੂ ਸਦਾ ਅੰਗ-ਸੰਗ ਮਹਿਸੂਸ ਹੁੰਦਾ ਹੈ, ਪਰ ਮਨ ਦੇ ਪਿਛੇ ਲੱਗਣ ਵਾਲਾ ਜੀਵ ਪ੍ਰਭੂ ਨੂੰ ਆਪਣੇ ਤੋਂ ਦੂਰ ਹੀ ਸਮਝਦਾ ਹੈ।
ਸੋ ਪਿਰੁ ਸਚਾ ਸਦ ਹੀ ਸਾਚਾ ਹੈ ਨਾ ਓਹੁ ਮਰੈ ਨ ਜਾਏ ॥
ਭੂਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੂਜੈ ਭਾਏ ॥
ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ ॥
ਜੋ ਕਿਛੁ ਆਇਆ ਸਭੁ ਕਿਛੁ ਜਾਸੀ ਦੁਖੁ ਲਾਗਾ ਭਾਇ ਦੂਜੈ ॥
ਜਮਕਾਲੁ ਨ ਸੂਝੈ ਮਾਇਆ ਜਗੁ ਲੂਝੈ ਲਬਿ ਲੋਭਿ ਚਿਤੁ ਲਾਏ ॥
ਸੋ ਪਿਰੁ ਸਾਚਾ ਸਦ ਹੀ ਸਾਚਾ ਨਾ ਓਹੁ ਮਰੈ ਨ ਜਾਏ ॥੩॥
-ਗੁਰੂ ਗ੍ਰੰਥ ਸਾਹਿਬ ੫੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਉਹ ਸੱਚ-ਸਰੂਪ ਪਿਆਰਾ ਪ੍ਰਭੂ ਹਮੇਸ਼ਾ-ਹਮੇਸ਼ਾ ਲਈ ਸੱਚਾ ਹੈ। ਇਸ ਲਈ ਉਹ ਨਾ ਹੀ ਕਦੇ ਜਨਮ ਲੈਂਦਾ ਹੈ ਤੇ ਨਾ ਹੀ ਕਦੇ ਮਰਦਾ ਹੈ। ਭਾਵ, ਉਹ ਜਨਮ-ਮਰਣ ਦੇ ਗੇੜ ਵਿਚ ਨਹੀਂ ਹੈ।
ਅਣਜਾਣ ਜੀਵ ਇਸਤਰੀ ਭਟਕਦੀ ਹੋਈ ਫਿਰ ਰਹੀ ਹੈ ਤੇ ਦ੍ਵੈਤ-ਭਾਵ ਕਾਰਣ, ਭਾਵ ਸੱਚੇ ਪ੍ਰਭੂ ਵਿਚ ਅਟੱਲ ਵਿਸ਼ਵਾਸ ਨਾ ਹੋਣ ਕਾਰਣ ਵਿਧਵਾ ਇਸਤਰੀਆਂ ਜਿਹਾ ਇਕੱਲਤਾ ਭਰਪੂਰ ਨੀਰਸ ਜੀਵਨ ਬਤੀਤ ਕਰ ਰਹੀ ਹੈ।
ਦ੍ਵੈਤ-ਭਾਵ ਕਾਰਣ ਵਿਧਵਾ ਦੀ ਤਰ੍ਹਾਂ ਜੀਵਨ ਬਤੀਤ ਕਰਨ ਵਾਲੀ ਜੀਵ ਇਸਤਰੀ ਮੋਹ-ਮਾਇਆ ਦੇ ਜੰਜਾਲ ਵਿਚ ਫਸੀ ਹੋਈ ਦੁਖ ਪਾਉਂਦੀ ਹੈ। ਇਸ ਤਰ੍ਹਾਂ ਉਹ ਆਪਣਾ ਜੀਵਨ ਵਿਅਰਥ ਬਤੀਤ ਕਰਦੀ ਹੋਈ ਆਪਣਾ ਤਨ ਵੀ ਗਾਲ ਲੈਂਦੀ ਹੈ।
ਜੋ ਕੁਝ ਉਪਜਿਆ ਹੈ, ਉਹ ਸਭ ਕੁਝ ਚਲਾ ਜਾਵੇਗਾ। ਪਰ ਇਸ ਸਭ ਦੇ ਬਾਵਜੂਦ ਸੰਸਾਰਕ ਪਦਾਰਥਾਂ ਦੇ ਮੋਹ ਕਾਰਣ ਮਨੁਖ ਆਪਣੇ ਜੀਵਨ ਵਿਚ ਦੁਖੀ ਹੁੰਦਾ ਹੈ।
ਇਸ ਸੰਸਾਰ ਵਿਚ ਮਨੁਖ ਲੋਭ-ਲਾਲਚ ਵਿਚ ਫਸ ਕੇ ਧਨ-ਦੌਲਤ ਲਈ ਝਗੜਦਾ ਰਹਿੰਦਾ ਹੈ। ਇੰਝ ਧਨ-ਦੌਲਤ ਪਿੱਛੇ ਉਹ ਆਪਣੀ ਸਾਰੀ ਜਿੰਦਗੀ ਵਿਅਰਥ ਗਵਾ ਦਿੰਦਾ ਹੈ। ਉਸ ਨੂੰ ਮੌਤ ਯਾਦ ਵੀ ਨਹੀਂ ਆਉਂਦੀ।
ਅਖੀਰ ਵਿਚ ਫਿਰ ਦੁਹਰਾਇਆ ਗਿਆ ਹੈ ਕਿ ਸੱਚ-ਸਰੂਪ ਪਿਆਰਾ ਪ੍ਰਭੂ ਹਮੇਸ਼ਾ-ਹਮੇਸ਼ਾ ਲਈ ਸੱਚਾ ਹੈ। ਇਸ ਲਈ ਉਹ ਨਾ ਹੀ ਕਦੇ ਜਨਮ ਲੈਂਦਾ ਹੈ ਤੇ ਨਾ ਹੀ ਕਦੀ ਮਰਦਾ ਹੈ। ਭਾਵ, ਉਹ ਜਨਮ-ਮਰਣ ਦੇ ਗੇੜ ਵਿਚ ਨਹੀਂ ਹੈ।