Guru Granth Sahib Logo
  
ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਨ ਦੀ ਪ੍ਰੇਰਨਾ ਹੈ। ਦੂਜੇ ਪਦੇ ਵਿਚ ਦੱਸਿਆ ਹੈ ਕਿ ਪ੍ਰਭੂ ਨੇ ਆਪ ਹੀ ਇਸ ਨਾਸ਼ਵਾਨ ਸੰਸਾਰ ਨੂੰ ਸਿਰਜਿਆ ਹੈ ਅਤੇ ਆਪ ਹੀ ਜੀਵਾਂ ਨੂੰ ਮਾਇਕੀ ਪਦਾਰਥਾਂ ਦੇ ਮੋਹ ਵਿਚ ਭੁਲਾਇਆ ਹੋਇਆ ਹੈ। ਤੀਜੇ ਵਿਚ ਵਰਣਨ ਕੀਤਾ ਹੈ ਕਿ ਜੀਵ ਇਨ੍ਹਾਂ ਸੰਸਾਰਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਸਦਾ ਦੁਖੀ ਰਹਿੰਦਾ ਹੈ। ਚਉਥੇ ਵਿਚ ਸਪਸ਼ਟ ਕੀਤਾ ਹੈ ਕਿ ਜਿਹੜਾ ਜੀਵ ਪ੍ਰਭੂ ਨੂੰ ਯਾਦ ਰਖਦਾ ਹੈ, ਉਸ ਨੂੰ ਪ੍ਰਭੂ ਸਦਾ ਅੰਗ-ਸੰਗ ਮਹਿਸੂਸ ਹੁੰਦਾ ਹੈ, ਪਰ ਮਨ ਦੇ ਪਿਛੇ ਲੱਗਣ ਵਾਲਾ ਜੀਵ ਪ੍ਰਭੂ ਨੂੰ ਆਪਣੇ ਤੋਂ ਦੂਰ ਹੀ ਸਮਝਦਾ ਹੈ।
ਵਡਹੰਸੁ ਮਹਲਾ

ਸੁਣਿਅਹੁ ਕੰਤ ਮਹੇਲੀਹੋ   ਪਿਰੁ ਸੇਵਿਹੁ ਸਬਦਿ ਵੀਚਾਰਿ
ਅਵਗਣਵੰਤੀ ਪਿਰੁ ਜਾਣਈ   ਮੁਠੀ ਰੋਵੈ ਕੰਤ ਵਿਸਾਰਿ
ਰੋਵੈ ਕੰਤ ਸੰਮਾਲਿ  ਸਦਾ ਗੁਣ ਸਾਰਿ   ਨਾ ਪਿਰੁ ਮਰੈ ਜਾਏ
ਗੁਰਮੁਖਿ ਜਾਤਾ  ਸਬਦਿ ਪਛਾਤਾ   ਸਾਚੈ ਪ੍ਰੇਮਿ ਸਮਾਏ
ਜਿਨਿ ਅਪਣਾ ਪਿਰੁ ਨਹੀ ਜਾਤਾ  ਕਰਮ ਬਿਧਾਤਾ   ਕੂੜਿ ਮੁਠੀ ਕੂੜਿਆਰੇ
ਸੁਣਿਅਹੁ ਕੰਤ ਮਹੇਲੀਹੋ   ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥
-ਗੁਰੂ ਗ੍ਰੰਥ ਸਾਹਿਬ ੫੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਆਪਣੇ ਮਾਲਕ ਪ੍ਰਭੂ ਦਾ ਪ੍ਰੇਮ ਹਾਸਲ ਕਰਨ ਦੇ ਜਤਨ ਵਿਚ ਲੱਗੇ ਹੋਏ ਸਾਧਕ ਜਨਾਂ ਨੂੰ ਜੀਵ ਇਸਤਰੀਆਂ ਵਜੋਂ ਮੁਖਾਤਬ ਹੋ ਕੇ ਕਿਹਾ ਗਿਆ ਹੈ ਕਿ ਉਹ ਧਿਆਨ ਨਾਲ ਸੁਣ ਲੈਣ ਕਿ ਪਿਆਰੇ ਪ੍ਰਭੂ ਦੀ ਸੇਵਾ ਅਤੇ ਸਿਮਰਨ, ਗੁਰ-ਸ਼ਬਦ ਦੀ ਵਿਚਾਰ-ਚਰਚਾ ਰਾਹੀਂ ਹੀ ਹੁੰਦੀ ਹੈ। ਭਾਵ, ਪ੍ਰਭੂ ਦੀ ਸੇਵਾ ਅਤੇ ਸਿਮਰਨ ਅਸਲ ਵਿਚ ਗੁਰ-ਸ਼ਬਦ ਵਿਚਾਰ ਹੀ ਹੁੰਦੀ ਹੈ।

ਜਿਹੜੀਆਂ ਜੀਵ ਇਸਤਰੀਆਂ ਔਗੁਣਾਂ ਨਾਲ ਭਰੀਆਂ ਹੁੰਦੀਆਂ ਹਨ, ਉਹ ਆਪਣੇ ਪਿਆਰੇ ਪ੍ਰਭੂ ਦੇ ਗੁਣਾਂ ਨੂੰ ਨਹੀਂ ਜਾਣਦੀਆਂ। ਉਹ ਆਪਣੇ ਮਾਲਕ ਪ੍ਰਭੂ ਨੂੰ ਭੁੱਲ ਜਾਣ ਕਾਰਣ ਹੀ ਠੱਗੀਆਂ ਜਾਂਦੀਆਂ ਹਨ ਤੇ ਫਿਰ ਰੋਂਦੀਆਂ ਹਨ।

ਇਸ ਦੇ ਉਲਟ ਜਿਹੜੀਆਂ ਜੀਵ ਇਸਤਰੀਆਂ ਆਪਣੇ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਹਮੇਸ਼ਾ ਉਸ ਦੇ ਗੁਣਾਂ ਨੂੰ ਚੇਤੇ ਕਰ-ਕਰ ਰੋਂਦੀਆਂ ਹਨ, ਉਨ੍ਹਾਂ ਲਈ ਪਿਆਰਾ ਪ੍ਰਭੂ ਨਾ ਕਦੇ ਮਰਦਾ ਹੈ ਤੇ ਨਾ ਹੀ ਛੱਡ ਕੇ ਜਾਂਦਾ ਹੈ। ਭਾਵ, ਹਮੇਸ਼ਾ ਉਨ੍ਹਾਂ ਦੇ ਹਿਰਦੇ ਅੰਦਰ ਵਸਦਾ ਹੈ।

ਜਿਸ ਕਿਸੇ ਨੇ ਵੀ ਗੁਰੂ ਦੇ ਲੜ ਲੱਗ ਕੇ ਆਪਣੇ ਪਿਆਰੇ ਪ੍ਰਭੂ ਨੂੰ ਜਾਣ ਲਿਆ ਤੇ ਉਸ ਦੀ ਸਿਖਿਆ ਸਦਕਾ ਉਸ ਨੂੰ ਪਛਾਣ ਵੀ ਲਿਆ ਹੈ, ਉਹ ਜੀਵ ਇਸਤਰੀ ਸੱਚੇ ਪ੍ਰਭੂ ਦੇ ਪਿਆਰ ਵਿਚ ਲੀਨ ਹੋ ਜਾਂਦੀ ਹੈ।

ਇਸ ਦੇ ਉਲਟ ਜਿਸ ਜੀਵ ਇਸਤਰੀ ਨੇ ਆਪਣੇ ਕਰਮਾਂ-ਵਿਧਾਤੇ ਪਿਆਰੇ ਪ੍ਰਭੂ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਹ ਝੂਠ ਵਿਚ ਗ੍ਰਸੀ ਹੋਈ ਨਿਰਾ ਝੂਠਾ ਜੀਵਨ ਜੀ ਰਹੀ ਹੈ।

ਅਖੀਰ ਵਿਚ ਫਿਰ ਦੁਹਰਾਇਆ ਗਿਆ ਹੈ ਕਿ ਜੀਵ ਇਸਤਰੀਆਂ ਧਿਆਨ ਨਾਲ ਸੁਣ ਲੈਣ। ਉਹ ਆਪਣੇ ਪਿਆਰੇ ਪ੍ਰਭੂ ਦੀ ਸਿਖਿਆ ਦੀ ਵਿਚਾਰ ਚਰਚਾ ਰਾਹੀਂ ਹੀ ਉਸ ਦੀ ਅਸਲ ਸੇਵਾ ਅਤੇ ਸਿਮਰਨ ਕਰ ਸਕਦੀਆਂ ਹਨ।
Tags