ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਸਭ ਕੁਝ ਕਰਨ-ਕਰਾਉਣ ਦੇ ਸਮਰੱਥ, ਸਦਾ-ਥਿਰ ਪ੍ਰਭੂ ਦੇ ਗੁਣ ਗਾਉਣ ਦੀ ਪ੍ਰੇਰਨਾ ਹੈ। ਦੂਜੇ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਨੂੰ ਗੁਰ-ਸ਼ਬਦ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ। ਤੀਜੇ ਪਦੇ ਵਿਚ ਉਸ ਜਗਿਆਸੂ ਦਾ ਜ਼ਿਕਰ ਹੈ, ਜੋ ਪ੍ਰਭੂ ਨੂੰ ਗੁਰ-ਸ਼ਬਦ ਦੇ ਗੂੜ੍ਹੇ ਪ੍ਰੇਮ ਅਤੇ ਗਿਆਨ ਸਦਕਾ ਅਨੁਭਵ ਕਰ ਲੈਂਦਾ ਹੈ। ਚੌਥੇ ਵਿਚ ਪ੍ਰਭੂ ਤੋਂ ਵਿਛੜੇ ਜਗਿਆਸੂ ਨੂੰ ਪ੍ਰਭੂ-ਮਿਲਾਪ ਲਈ ਗੁਰ-ਸ਼ਬਦ ਨਾਲ ਜੁੜਨ ਦੀ ਪ੍ਰੇਰਨਾ ਹੈ।
ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥
ਆਪੁ ਛੋਡਿ ਸੇਵਾ ਕਰੀ ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥
ਪਿਰੁ ਸਚਾ ਮਿਲੈ ਆਏ ਸਾਚੁ ਕਮਾਏ ਸਾਚਿ ਸਬਦਿ ਧਨ ਰਾਤੀ ॥
ਕਦੇ ਨ ਰਾਂਡ ਸਦਾ ਸੋਹਾਗਣਿ ਅੰਤਰਿ ਸਹਜ ਸਮਾਧੀ ॥
ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ ਰੰਗੁ ਮਾਣੇ ਸਹਜਿ ਸੁਭਾਏ ॥
ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥੩॥
-ਗੁਰੂ ਗ੍ਰੰਥ ਸਾਹਿਬ ੫੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਜਗਿਆਸੂ ਮਨ ਪ੍ਰਭੂ-ਮਿਲਾਪ ਲਈ ਜਤਨਸ਼ੀਲ ਹੁੰਦਿਆਂ ਸੋਚ ਰਿਹਾ ਹੈ ਕਿ ਜਿਨ੍ਹਾਂ ਨੇ ਆਪਣੇ ਮਾਲਕ ਪ੍ਰਭੂ ਨੂੰ ਪਛਾਣ ਲਿਆ ਹੈ, ਉਸ ਨੂੰ ਉਨ੍ਹਾਂ ਸੰਤ ਪੁਰਸ਼ਾਂ ਕੋਲ ਜਾ ਕੇ ਪ੍ਰਭੂ ਦੀ ਪਛਾਣ ਅਤੇ ਮਿਲਣ ਦਾ ਢੰਗ-ਤਰੀਕਾ ਪੁੱਛਣਾ ਚਾਹੀਦਾ ਹੈ।
ਆਪਾ-ਭਾਵ ਤਿਆਗ ਕੇ ਸੰਤ ਪੁਰਸ਼ਾ ਦੀ ਸੇਵਾ ਸਦਕਾ ਇਹ ਸੋਝੀ ਪ੍ਰਾਪਤ ਹੋਈ ਹੈ ਕਿ ਮਾਲਕ ਪ੍ਰਭੂ ਗੁਰ-ਸ਼ਬਦ ਦੇ ਪ੍ਰੇਮ ਅਤੇ ਗਿਆਨ ਸਦਕਾ ਸਹਿਜ ਸੁਭਾਅ ਹੀ ਮਿਲ ਪੈਂਦਾ ਹੈ।
ਗੁਰ-ਸ਼ਬਦ ਦੀ ਬਰਕਤ ਨਾਲ ਜਦ ਜਗਿਆਸੂ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਵਸਾਉਂਦਾ ਹੈ ਤਾਂ ਉਹ ਹਮੇਸ਼ਾ ਸੱਚ ਦੇ ਗਿਆਨ ਵਿਚ ਲੀਨ ਰਹਿੰਦਾ ਹੈ। ਭਾਵ, ਉਹ ਕਦੇ ਵੀ ਸੱਚ ਦਾ ਪੱਲਾ ਨਹੀਂ ਛੱਡਦਾ, ਜਿਸ ਸਦਕਾ ਸੱਚ-ਸਰੂਪ ਪਿਆਰੇ ਪ੍ਰਭੂ ਨਾਲ ਉਸ ਦਾ ਅਨੁਭਵੀ ਮਿਲਾਪ ਹੋ ਜਾਂਦਾ ਹੈ।
ਸੱਚ ’ਤੇ ਪਹਿਰਾ ਦੇਣ ਵਾਲਾ ਅਜਿਹਾ ਜਗਿਆਸੂ ਨਿਰੰਤਰ ਅਤੇ ਪੂਰਨ ਰੂਪ ਵਿਚ ਇਕਾਗਰ ਮਨ ਹੋ ਜਾਂਦਾ ਹੈ। ਉਹ ਇਕ ਸੁਹਾਗਣ ਔਰਤ ਵਾਂਗ ਹਮੇਸ਼ਾ ਪ੍ਰਭੂ-ਪਤੀ ਦੇ ਪਿਆਰ ਦਾ ਆਨੰਦ ਮਾਣਦਾ ਹੈ। ਭਾਵ, ਉਸ ਦਾ ਪ੍ਰਭੂ ਪਿਆਰ ਹਮੇਸ਼ਾ ਵਾਸਤੇ ਬਣਿਆ ਰਹਿੰਦਾ ਹੈ। ਉਹ ਕਦੇ ਵੀ ਭੰਗ ਨਹੀਂ ਹੁੰਦਾ। ਉਸ ਵਿਚ ਕਦੇ ਕੋਈ ਕਮੀ ਨਹੀਂ ਆਉਂਦੀ।
ਫਿਰ ਉਸ ਨੂੰ ਆਪਣਾ ਪਿਆਰਾ ਪ੍ਰਭੂ ਹਰ ਸਮੇਂ ਅਤੇ ਹਰ ਥਾਂ ’ਤੇ ਹਾਜ਼ਰ-ਨਾਜ਼ਰ ਪ੍ਰਤੀਤ ਹੋਣ ਲੱਗਦਾ ਹੈ। ਉਸ ਨੂੰ ਆਪਣੇ ਏਨਾ ਨੇੜੇ ਦੇਖ ਕੇ ਉਹ ਸ਼ਾਂਤ ਚਿੱਤ ਅਤੇ ਪੂਰਨ ਇਕਾਗਰਤਾ ਨਾਲ ਪ੍ਰਭੂ ਦੀ ਸੰਗਤ ਦਾ ਅਨੰਦ ਮਾਣਦਾ ਹੈ।
ਪਦੇ ਦੇ ਅਖੀਰ ਵਿਚ ਫਿਰ ਮੁਢਲਾ ਵਿਚਾਰ ਦੁਹਰਾਇਆ ਗਿਆ ਹੈ ਕਿ ਜਿਨ੍ਹਾਂ ਨੇ ਪ੍ਰਭੂ ਨੂੰ ਜਾਣ ਲਿਆ ਹੈ ਉਨ੍ਹਾਂ ਸੰਤ ਪੁਰਸ਼ਾਂ ਤੋਂ ਪੁੱਛਿਆਂ ਹੀ ਪ੍ਰਭੂ ਪ੍ਰਾਪਤੀ ਦਾ ਢੰਗ-ਤਰੀਕਾ ਪਤਾ ਲੱਗਦਾ ਹੈ।