ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਸਭ ਕੁਝ ਕਰਨ-ਕਰਾਉਣ ਦੇ ਸਮਰੱਥ, ਸਦਾ-ਥਿਰ ਪ੍ਰਭੂ ਦੇ ਗੁਣ ਗਾਉਣ ਦੀ ਪ੍ਰੇਰਨਾ ਹੈ। ਦੂਜੇ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਨੂੰ ਗੁਰ-ਸ਼ਬਦ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ। ਤੀਜੇ ਪਦੇ ਵਿਚ ਉਸ ਜਗਿਆਸੂ ਦਾ ਜ਼ਿਕਰ ਹੈ, ਜੋ ਪ੍ਰਭੂ ਨੂੰ ਗੁਰ-ਸ਼ਬਦ ਦੇ ਗੂੜ੍ਹੇ ਪ੍ਰੇਮ ਅਤੇ ਗਿਆਨ ਸਦਕਾ ਅਨੁਭਵ ਕਰ ਲੈਂਦਾ ਹੈ। ਚੌਥੇ ਵਿਚ ਪ੍ਰਭੂ ਤੋਂ ਵਿਛੜੇ ਜਗਿਆਸੂ ਨੂੰ ਪ੍ਰਭੂ-ਮਿਲਾਪ ਲਈ ਗੁਰ-ਸ਼ਬਦ ਨਾਲ ਜੁੜਨ ਦੀ ਪ੍ਰੇਰਨਾ ਹੈ।
ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥
ਸਾਧਨ ਪ੍ਰਿਅ ਕੈ ਰੰਗਿ ਰਤੀ ਵਿਚਹੁ ਆਪੁ ਗਵਾਏ ॥
ਵਿਚਹੁ ਆਪੁ ਗਵਾਏ ਫਿਰਿ ਕਾਲੁ ਨ ਖਾਏ ਗੁਰਮੁਖਿ ਏਕੋ ਜਾਤਾ ॥
ਕਾਮਣਿ ਇਛ ਪੁੰਨੀ ਅੰਤਰਿ ਭਿੰਨੀ ਮਿਲਿਆ ਜਗਜੀਵਨੁ ਦਾਤਾ ॥
ਸਬਦ ਰੰਗਿ ਰਾਤੀ ਜੋਬਨਿ ਮਾਤੀ ਪਿਰ ਕੈ ਅੰਕਿ ਸਮਾਏ ॥
ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥੨॥
-ਗੁਰੂ ਗ੍ਰੰਥ ਸਾਹਿਬ ੫੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਸੱਚੇ ਮਾਲਕ ਪ੍ਰਭੂ ਦੀ ਪਛਾਣ ਗੁਰ-ਸ਼ਬਦ ਦੇ ਗਿਆਨ ਰਾਹੀਂ ਹੁੰਦੀ ਹੈ। ਇਸ ਪਛਾਣ ਉਪਰੰਤ ਪ੍ਰਭੂ ਆਪ ਹੀ ਮਿਲਾਪ ਬਖਸ਼ ਦਿੰਦਾ ਹੈ, ਭਾਵ ਉਸ ਦੀ ਪਛਾਣ ਵਿਚ ਹੀ ਉਸ ਦਾ ਮਿਲਾਪ ਹੈ।
ਫਿਰ ਜਗਿਆਸੂ ਮਨ ਪਿਆਰੇ ਪ੍ਰਭੂ ਦੇ ਰੰਗ ਵਿਚ ਇਸ ਤਰ੍ਹਾਂ ਰੰਗਿਆ ਜਾਂਦਾ ਹੈ ਜਾਂ ਉਸ ਦੇ ਨਾਲ ਇੰਨਾ ਇਕਮਿਕ ਹੋ ਜਾਂਦਾ ਹੈ ਕਿ ਉਸ ਦਾ ਆਪਾ ਭਾਵ ਮਿਟ ਜਾਂਦਾ ਹੈ।
ਜਿਸ ਨੇ ਵੀ ਗੁਰੂ ਦੇ ਦੱਸੇ ਗਿਆਨ ਦੀ ਸਹਾਇਤਾ ਨਾਲ ਪ੍ਰਭੂ ਨੂੰ ਇਕ ਕਰਕੇ ਜਾਣ ਲਿਆ, ਉਸ ਦਾ ਆਪਾ ਭਾਵ ਮਿਟ ਜਾਂਦਾ ਹੈ। ਉਹ ਸਮੇਂ ਦੀ ਮਾਰ ਜਾਂ ਹਾਲਾਤ ਦੇ ਦੁਸ਼ਪ੍ਰਭਾਵ ਤੋਂ ਬਚਿਆ ਰਹਿੰਦਾ ਹੈ ਅਤੇ ਮੌਤ ਦੇ ਡਰ ਤੋਂ ਮੁਕਤ ਹੋ ਜਾਂਦਾ ਹੈ।
ਜਦ ਜਗਿਆਸੂ ਦਾ ਜਗਤ ਦੇ ਜੀਵਨ ਦਾਤੇ ਪ੍ਰਭੂ ਨਾਲ ਮਿਲਾਪ ਹੋ ਗਿਆ ਤਾਂ ਉਸ ਦੀ ਪ੍ਰਭੂ-ਮਿਲਾਪ ਦੀ ਚਾਹਤ ਪੂਰੀ ਹੋ ਗਈ। ਇਸ ਨਾਲ ਉਸ ਦਾ ਦਿਲ ਪਸੀਜ ਗਿਆ, ਭਾਵ ਨਿਮਰ ਅਤੇ ਪ੍ਰੇਮ ਭਾਵ ਨਾਲ ਭਰ ਗਿਆ।
ਫਿਰ ਉਹ ਜਗਿਆਸੂ ਗੁਰ-ਸ਼ਬਦ ਗਿਆਨ ਨਾਲ ਓਤਪੋਤ ਹੋ ਜਾਂਦਾ ਹੈ ਤੇ ਇਸ ਗਿਆਨ ਸਦਕਾ ਮੁਕੰਮਲ ਖੇੜੇ ਵਿਚ ਆ ਜਾਂਦਾ ਹੈ। ਇਹੀ ਖੇੜਾ ਜਗਿਆਸੂ ਨੂੰ ਪ੍ਰਭੂ ਪਿਆਰੇ ਨਾਲ ਅਭੇਦ ਕਰ ਦਿੰਦਾ ਹੈ। ਭਾਵ ਉਹ ਪ੍ਰਭੂ ਵਿਚ ਹੀ ਸਮਾ ਜਾਂਦਾ ਹੈ।
ਇਸ ਪਦੇ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਉਸ ਮਾਲਕ ਪ੍ਰਭੂ ਨੂੰ ਗੁਰ-ਸ਼ਬਦ ਦੇ ਗਿਆਨ ਨਾਲ ਹੀ ਪਛਾਣਿਆ ਜਾ ਸਕਦਾ ਹੈ। ਜਿਸ ਨੂੰ ਵੀ ਇਹ ਪਛਾਣ ਹੋ ਜਾਵੇ ਉਸ ਨੂੰ ਪ੍ਰਭੂ ਪਿਆਰਾ ਆਪ ਹੀ ਆਪਣਾ ਮਿਲਾਪ ਬਖਸ਼ ਦਿੰਦਾ ਹੈ।