ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਸਭ ਕੁਝ ਕਰਨ-ਕਰਾਉਣ ਦੇ ਸਮਰੱਥ, ਸਦਾ-ਥਿਰ ਪ੍ਰਭੂ ਦੇ ਗੁਣ ਗਾਉਣ ਦੀ ਪ੍ਰੇਰਨਾ ਹੈ। ਦੂਜੇ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਨੂੰ ਗੁਰ-ਸ਼ਬਦ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ। ਤੀਜੇ ਪਦੇ ਵਿਚ ਉਸ ਜਗਿਆਸੂ ਦਾ ਜ਼ਿਕਰ ਹੈ, ਜੋ ਪ੍ਰਭੂ ਨੂੰ ਗੁਰ-ਸ਼ਬਦ ਦੇ ਗੂੜ੍ਹੇ ਪ੍ਰੇਮ ਅਤੇ ਗਿਆਨ ਸਦਕਾ ਅਨੁਭਵ ਕਰ ਲੈਂਦਾ ਹੈ। ਚੌਥੇ ਵਿਚ ਪ੍ਰਭੂ ਤੋਂ ਵਿਛੜੇ ਜਗਿਆਸੂ ਨੂੰ ਪ੍ਰਭੂ-ਮਿਲਾਪ ਲਈ ਗੁਰ-ਸ਼ਬਦ ਨਾਲ ਜੁੜਨ ਦੀ ਪ੍ਰੇਰਨਾ ਹੈ।
ਵਡਹੰਸੁ ਮਹਲਾ ੩ ਮਹਲਾ ਤੀਜਾ
ੴ ਸਤਿਗੁਰ ਪ੍ਰਸਾਦਿ ॥
ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥
ਸਾਧਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗੁ ॥
ਨਾ ਕਦੇ ਹੋਵੈ ਸੋਗੁ ਅਨਦਿਨੁ ਰਸ ਭੋਗ ਸਾਧਨ ਮਹਲਿ ਸਮਾਣੀ ॥
ਜਿਨਿ ਪ੍ਰਿਉ ਜਾਤਾ ਕਰਮ ਬਿਧਾਤਾ ਬੋਲੇ ਅੰਮ੍ਰਿਤ ਬਾਣੀ ॥
ਗੁਣਵੰਤੀਆ ਗੁਣ ਸਾਰਹਿ ਅਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ ॥
ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੋ ॥੧॥
-ਗੁਰੂ ਗ੍ਰੰਥ ਸਾਹਿਬ ੫੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਮਨੁਖ ਨੂੰ ਉਪਦੇਸ਼ ਕੀਤਾ ਗਿਆ ਹੈ ਕਿ ਉਸ ਨੂੰ ਹਮੇਸ਼ਾ ਸੱਚੇ ਪ੍ਰਭੂ ਦੀ ਸਿਫਤਿ-ਸ਼ਲਾਘਾ ਕਰਦੇ ਰਹਿਣਾ ਚਾਹੀਦਾ ਹੈ। ਕਿਉਂਕਿ ਸਿਰਫ ਉਹ ਪ੍ਰਭੂ ਹੀ ਸਾਰੇ ਕਾਰਜ ਸੰਪੂਰਨ ਅਤੇ ਸੰਪੰਨ ਕਰਨ ਦੇ ਸਮਰੱਥ ਹੈ।
ਜਿਹੜਾ ਮਨੁਖ ਪ੍ਰਭੂ ਦੀ ਸਿਫਤਿ-ਸ਼ਲਾਘਾ ਕਰਦਾ ਹੈ, ਉਸ ਨੂੰ ਕਦੇ ਵੀ ਕਿਸੇ ਵਿਧਵਾ ਇਸਤਰੀ ਵਾਂਗ ਨਿਰਾਸ਼ ਅਤੇ ਬੇ-ਆਸ ਹੋ ਕੇ ਨਹੀਂ ਬੈਠਣਾ ਪੈਂਦਾ। ਨਾ ਹੀ ਉਸ ਨੂੰ ਕਦੇ ਕਿਸੇ ਸੋਗੀ ਅਹਿਸਾਸ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੱਚੇ ਪ੍ਰਭੂ ਦੀ ਸਿਫਤਿ-ਸ਼ਲਾਘਾ ਕਰਨ ਵਾਲਾ ਜਗਿਆਸੂ ਮਨੁਖ ਆਪਣੇ ਜੀਵਨ ਵਿਚ ਕਦੇ ਸੋਗ ਮਹਿਸੂਸ ਨਹੀਂ ਕਰਦਾ। ਬਲਕਿ ਉਹ ਦਿਨ-ਰਾਤ ਪ੍ਰਭੂ ਦੇ ਮਿਲਾਪ ਦਾ ਅਨੰਦ ਮਾਣਦਾ ਹੈ ਅਤੇ ਹਮੇਸ਼ਾ ਪ੍ਰਭੂ ਦੇ ਪਰਮ ਅਹਿਸਾਸ ਵਿਚ ਲੀਨ ਰਹਿੰਦਾ ਹੈ।
ਜਿਸ ਕਿਸੇ ਨੇ ਵੀ ਆਪਣੇ ਕਰਮਾਂ ਦੇ ਰਚਣਹਾਰ ਪ੍ਰਭੂ ਨਾਲ ਪਿਆਰ ਵਾਲਾ ਰਿਸ਼ਤਾ ਬਣਾ ਲਿਆ, ਉਹ ਹਰ ਕਿਸੇ ਨਾਲ ਹਮੇਸ਼ਾ ਮਿੱਠੇ ਅਤੇ ਨਿਮਰ ਬੋਲ ਬੋਲਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਮਹਾਂ-ਪੁਰਸ਼ਾਂ ਦੀ ਅੰਮ੍ਰਿਤਮਈ ਬਾਣੀ ਹਮੇਸ਼ਾ ਉਸ ਦੀ ਜੁਬਾਨ ’ਤੇ ਰਹਿੰਦੀ ਹੈ।
ਅਜਿਹੇ ਗੁਣਵਾਨ ਮਨੁਖ ਪ੍ਰਭੂ ਦੇ ਗੁਣਾਂ ਨੂੰ ਹਮੇਸ਼ਾ ਆਪਣੇ ਹਿਰਦੇ ਵਿਚ ਵਸਾਈ ਰਖਦੇ ਹਨ। ਇਸ ਤਰ੍ਹਾਂ ਉਹ ਆਪਣੇ ਮਾਲਕ ਪ੍ਰਭੂ ਨਾਲ ਪਿਆਰ ਭਰਿਆ ਸੰਬੰਧ ਬਣਾਈ ਰਖਦੇ ਹਨ। ਇਸ ਕਰਕੇ ਉਨ੍ਹਾਂ ਨੂੰ ਕਦੇ ਵੀ ਵਿਛੋੜੇ ਦੇ ਦੁਖ ਨਹੀਂ ਸਹਿਣੇ ਪੈਂਦੇ, ਭਾਵ ਗੁਣਵਾਨ ਮਨੁਖ ਗੁਣਾਂ ਕਾਰਣ ਆਪਣੇ ਮਾਲਕ ਪ੍ਰਭੂ ਨਾਲ ਹਮੇਸ਼ਾ ਮਿਲੇ ਰਹਿੰਦੇ ਹਨ।
ਅਖੀਰ ਵਿਚ ਦੱਸਿਆ ਗਿਆ ਹੈ ਕਿ ਮਨੁਖ ਨੂੰ ਉਸ ਸੱਚ ਦੇ ਮੁਜੱਸਮੇ ਪਿਆਰੇ ਮਾਲਕ ਪ੍ਰਭੂ ਦੀ ਹਮੇਸ਼ਾ ਸਿਫਤਿ-ਸਾਲਾਹ ਕਰਨੀ ਚਾਹੀਦੀ ਹੈ। ਕਿਉਂਕਿ ਉਹ ਸਭ ਕੁਝ ਕਰਨ ਦੀ ਸਮਰੱਥਾ ਰਖਦਾ ਹੈ, ਭਾਵ ਮਾਲਕ ਪ੍ਰਭੂ ਸਰਬ-ਕਲਾ ਸਮਰੱਥ ਹੈ।