Guru Granth Sahib Logo
  
ਅਲਾਹਣੀਆਂ ਮੌਤ ਨਾਲ ਸੰਬੰਧਤ ਪੰਜਾਬੀ ਲੋਕ ਕਾਵਿ-ਰੂਪ ਹੈ। ਇਸ ਦੁਨੀਆਵੀ ਕਾਵਿ-ਰੂਪ ਨੂੰ ਅਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਅਧਿਆਤਮ ਦੇ ਪ੍ਰਸੰਗ ਵਿਚ ਇਸ ਬਾਣੀ ਨੂੰ ਉਚਾਰਣ ਕੀਤਾ ਹੈ। ਇਸ ਅਲਾਹਣੀ ਦੇ ਪਹਿਲੇ ਅਤੇ ਦੂਜੇ ਪਦੇ ਵਿਚ ਪ੍ਰਭੂ ਦੀਆਂ ਵਡਿਆਈਆਂ ਦਾ ਵਰਣਨ ਹੈ। ਤੀਜੇ ਪਦੇ ਵਿਚ ਜੀਵ ਦੀ ਵਿਕਾਰ-ਗ੍ਰਸਤ ਹਾਲਤ ਨੂੰ ਬਿਆਨ ਕੀਤਾ ਗਿਆ ਹੈ। ਚੌਥੇ ਪਦੇ ਵਿਚ ਮੌਤ ਨੂੰ ਪ੍ਰਭੂ ਦੇ ਹੁਕਮ ਵਿਚ ਵਾਪਰਦੀ ਹੋਈ ਦਰਸਾ ਕੇ ਮਨੁਖ ਨੂੰ ਧਰਵਾਸ ਦਿੱਤਾ ਗਿਆ ਹੈ। ਮੌਤ ਉਪਰੰਤ ਸੰਸਾਰ ਵਿਚ ਅਤੇ ਪ੍ਰਭੂ ਦੀ ਦਰਗਾਹ ਵਿਚ ਜੀਵ-ਆਤਮਾ ਦੀ ਸਥਿਤੀ ਨੂੰ ਪੰਜਵੇਂ ਤੇ ਛੇਵੇਂ ਪਦੇ ਵਿਚ ਦਰਸਾਇਆ ਗਿਆ ਹੈ। ਸਤਵੇਂ ਪਦੇ ਵਿਚ ਅਜਾਈਂ ਉਮਰ ਗੁਆ ਚੁੱਕੇ ਜੀਵ ਦੇ ਪਛਤਾਵੇ ਨੂੰ ਪੇਸ਼ ਕਰ ਕੇ ਪ੍ਰਭੂ ਦੀ ਯਾਦ ਵਿਚ ਜੁੜਨ ਦਾ ਉਪਦੇਸ਼ ਹੈ। ਅਠਵੇਂ ਪਦੇ ਵਿਚ ਗੁਰ-ਸ਼ਬਦ ਨਾਲ ਜੁੜਨ ਸਦਕਾ ਜੀਵ ਦੀ ਸੁਖਮਈ ਅਵਸਥਾ ਨੂੰ ਪੇਸ਼ ਕੀਤਾ ਗਿਆ ਹੈ।
ਜਲਿ ਮਲਿ ਜਾਨੀ ਨਾਵਾਲਿਆ   ਕਪੜਿ ਪਟਿ ਅੰਬਾਰੇ
ਵਾਜੇ ਵਜੇ ਸਚੀ ਬਾਣੀਆ   ਪੰਚ ਮੁਏ ਮਨੁ ਮਾਰੇ
ਜਾਨੀ ਵਿਛੁੰਨੜੇ  ਮੇਰਾ ਮਰਣੁ ਭਇਆ   ਧ੍ਰਿਗੁ ਜੀਵਣੁ ਸੰਸਾਰੇ
ਜੀਵਤੁ ਮਰੈ ਸੁ ਜਾਣੀਐ   ਪਿਰ ਸਚੜੈ ਹੇਤਿ ਪਿਆਰੇ ॥੬॥
-ਗੁਰੂ ਗ੍ਰੰਥ ਸਾਹਿਬ ੫੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਪਿਆਰੇ ਦੀ ਮਿਰਤਕ ਦੇਹ ਨੂੰ ਸਾਕ-ਸੰਬੰਧੀਆਂ ਦੁਆਰਾ ਪਾਣੀ ਨਾਲ ਮਲ-ਮਲ ਕੇ ਇਸ਼ਨਾਨ ਕਰਾਇਆ ਜਾਂਦਾ ਹੈ ਤੇ ਫਿਰ ਉਸ ਦੇਹ ਨੂੰ ਪਹਿਨਾਉਣ ਲਈ ਰੇਸ਼ਮੀ ਵਸਤਰਾਂ ਦਾ ਢੇਰ ਲਾ ਦਿੱਤਾ ਜਾਂਦਾ ਹੈ।

ਫਿਰ ਮਿਰਤਕ ਦੀ ਦੇਹੀ ਨੂੰ ਸਸਕਾਰ ਲਈ ਲਿਜਾਣ ਵੇਲੇ ਬਾਣੀ ਪੜ੍ਹੀ ਜਾਂਦੀ ਹੈ। ਇਸ ਸਮੇਂ ਮਿਰਤਕ ਦੇ ਮਾਂ-ਪਿਉ, ਭੈਣ-ਭਰਾ, ਧੀ-ਪੁੱਤਰ, ਜੀਵਨ-ਸਾਥੀ ਆਦਿ ਸਕੇ-ਸੰਬੰਧੀ ਵਿਰਲਾਪ ਕਰਦੇ ਹਨ। ਇਨ੍ਹਾਂ ਲਈ ਮਿਰਤਕ ਦਾ ਵਿਛੋੜਾ ਅਸਹਿ ਹੁੰਦਾ ਹੈ।

ਮਿਰਤਕ ਦਾ ਜੀਵਨ-ਸਾਥੀ ਆਪਣੇ ਪਿਆਰੇ ਦੇ ਵਿਯੋਗ ਵਿਚ ਇਸ ਤਰ੍ਹਾਂ ਮਹਿਸੂਸ ਕਰਦਾ ਹੈ, ਜਿਵੇਂ ਉਹ ਆਪ ਹੀ ਮਰ ਗਿਆ ਹੋਵੇ। ਆਪਣੇ ਪਿਆਰੇ ਸਾਥੀ ਬਿਨਾਂ ਉਸ ਨੂੰ ਆਪਣਾ ਜੀਵਨ ਬੜਾ ਹੀ ਵਿਅਰਥ ਲੱਗਦਾ ਹੈ।

ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਸਦੀਵੀ ਸਾਥੀ ਉਸੇ ਨੂੰ ਜਾਨਣਾ ਚਾਹੀਦਾ ਹੈ, ਜੋ ਜਿਉਂਦੇ-ਜੀਅ ਸੱਚ-ਸਰੂਪ ਪਿਆਰੇ ਪ੍ਰਭੂ ਦੇ ਪ੍ਰੇਮ ਸਦਕਾ ਉਸ ਵਿਚ ਅਭੇਦ ਹੋ ਗਿਆ ਹੋਵੇ।
Tags