ਅਲਾਹਣੀਆਂ ਮੌਤ ਨਾਲ ਸੰਬੰਧਤ ਪੰਜਾਬੀ ਲੋਕ ਕਾਵਿ-ਰੂਪ ਹੈ। ਇਸ ਦੁਨੀਆਵੀ ਕਾਵਿ-ਰੂਪ ਨੂੰ ਅਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਅਧਿਆਤਮ ਦੇ ਪ੍ਰਸੰਗ ਵਿਚ ਇਸ ਬਾਣੀ ਨੂੰ ਉਚਾਰਣ ਕੀਤਾ ਹੈ। ਇਸ ਅਲਾਹਣੀ ਦੇ ਪਹਿਲੇ ਅਤੇ ਦੂਜੇ ਪਦੇ ਵਿਚ ਪ੍ਰਭੂ ਦੀਆਂ ਵਡਿਆਈਆਂ ਦਾ ਵਰਣਨ ਹੈ। ਤੀਜੇ ਪਦੇ ਵਿਚ ਜੀਵ ਦੀ ਵਿਕਾਰ-ਗ੍ਰਸਤ ਹਾਲਤ ਨੂੰ ਬਿਆਨ ਕੀਤਾ ਗਿਆ ਹੈ। ਚੌਥੇ ਪਦੇ ਵਿਚ ਮੌਤ ਨੂੰ ਪ੍ਰਭੂ ਦੇ ਹੁਕਮ ਵਿਚ ਵਾਪਰਦੀ ਹੋਈ ਦਰਸਾ ਕੇ ਮਨੁਖ ਨੂੰ ਧਰਵਾਸ ਦਿੱਤਾ ਗਿਆ ਹੈ। ਮੌਤ ਉਪਰੰਤ ਸੰਸਾਰ ਵਿਚ ਅਤੇ ਪ੍ਰਭੂ ਦੀ ਦਰਗਾਹ ਵਿਚ ਜੀਵ-ਆਤਮਾ ਦੀ ਸਥਿਤੀ ਨੂੰ ਪੰਜਵੇਂ ਤੇ ਛੇਵੇਂ ਪਦੇ ਵਿਚ ਦਰਸਾਇਆ ਗਿਆ ਹੈ। ਸਤਵੇਂ ਪਦੇ ਵਿਚ ਅਜਾਈਂ ਉਮਰ ਗੁਆ ਚੁੱਕੇ ਜੀਵ ਦੇ ਪਛਤਾਵੇ ਨੂੰ ਪੇਸ਼ ਕਰ ਕੇ ਪ੍ਰਭੂ ਦੀ ਯਾਦ ਵਿਚ ਜੁੜਨ ਦਾ ਉਪਦੇਸ਼ ਹੈ। ਅਠਵੇਂ ਪਦੇ ਵਿਚ ਗੁਰ-ਸ਼ਬਦ ਨਾਲ ਜੁੜਨ ਸਦਕਾ ਜੀਵ ਦੀ ਸੁਖਮਈ ਅਵਸਥਾ ਨੂੰ ਪੇਸ਼ ਕੀਤਾ ਗਿਆ ਹੈ।
ਨਉ ਦਰ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ ॥
ਸਾਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ ॥
ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰ ਬਾਰੇ ॥
ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ ॥੫॥
-ਗੁਰੂ ਗ੍ਰੰਥ ਸਾਹਿਬ ੫੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਜਦ ਮਨੁਖ ਦਾ ਦੇਹਾਂਤ ਹੁੰਦਾ ਹੈ ਤਾਂ ਉਸ ਦੇ ਗਿਆਨ-ਪਰਕ ਸੰਪਰਕ-ਚੈਨਲਾਂ ਵਜੋਂ ਕੰਮ ਕਰਨ ਵਾਲੇ ਨੌਂ ਦੇ ਨੌਂ ਰਾਹ (ਇੰਦਰੇ) ਬੰਦ ਹੋ ਜਾਂਦੇ ਹਨ। ਪ੍ਰਭੂ ਦੇ ਹੁਕਮ ਅਨੁਸਾਰ ਦੇਹੀ ਵਿਚ ਨਿਵਾਸ ਕਰਨ ਵਾਲੀ ਆਤਮਾ ਗਗਨ ਮੰਡਲ ਵੱਲ ਪ੍ਰਸਥਾਨ ਕਰ ਜਾਂਦੀ ਹੈ; ਭਾਵ, ਜੀਵਾਤਮਾ ਪ੍ਰਮਾਤਮਾ ਵਿਚ ਲੀਨ ਹੋ ਜਾਂਦੀ ਹੈ।
ਜਿਸ ਵੇਲੇ ਮਿਰਤਕ ਦੇਹ ਨੂੰ ਵਿਹੜੇ ਦੀ ਚਾਰ ਦਿਵਾਰੀ ਵਿਚ ਰਖ ਦਿੱਤਾ ਜਾਂਦਾ ਹੈ ਤਾਂ ਮੋਹ-ਮਾਇਆ ਦਾ ਠੱਗਿਆ ਹੋਇਆ ਉਸ ਦੀ ਜੀਵਨ-ਸਾਥੀ ਪਿੱਛੇ ਇਕੱਲਾ ਰਹਿ ਜਾਂਦਾ ਹੈ।
ਫਿਰ ਉਹ ਜੀਵਨ-ਸਾਥੀ ਦਰਵਾਜੇ ਵਿਚ ਬੈਠਾ ਆਪਣੀ ਮਾਂ ਨੂੰ ਚੇਤੇ ਕਰ-ਕਰ ਰੋਂਦਾ-ਕੁਰਲਾਉਂਦਾ ਹੈ ਕਿ ਇਸ ਮੌਤ ਨੇ ਉਸ ਦੀ ਸੁਰਤ ਮਾਰ ਦਿੱਤੀ ਹੈ। ਭਾਵ, ਉਸ ਨੂੰ ਕਾਸੇ ਦੀ ਵੀ ਸੁੱਧ-ਬੁੱਧ ਨਹੀਂ ਰਹੀ।
ਅਖੀਰ ਵਿਚ ਸਭ ਨੂੰ ਸਿਖਿਆ ਦਿੱਤੀ ਗਈ ਹੈ ਕਿ ਕਿਸੇ ਨੂੰ ਵੀ ਮਰਨ ਵਾਲੇ ਮਨੁਖ ਲਈ ਰੋਣ ਦੀ ਲੋੜ ਨਹੀਂ ਹੈ। ਬਲਕਿ ਸੱਚੇ ਪ੍ਰਭੂ ਦੇ ਗੁਣ ਯਾਦ ਰਖਣੇ ਚਾਹੀਦੇ ਹਨ ਤੇ ਉਸ ਲਈ ਹੀ ਰੋਣਾ ਚਾਹੀਦਾ ਹੈ। ਭਾਵ, ਉਸ ਨੂੰ ਆਪਣੇ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ ਤੇ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ।