Guru Granth Sahib Logo
  
ਅਲਾਹਣੀਆਂ ਮੌਤ ਨਾਲ ਸੰਬੰਧਤ ਪੰਜਾਬੀ ਲੋਕ ਕਾਵਿ-ਰੂਪ ਹੈ। ਇਸ ਦੁਨੀਆਵੀ ਕਾਵਿ-ਰੂਪ ਨੂੰ ਅਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਅਧਿਆਤਮ ਦੇ ਪ੍ਰਸੰਗ ਵਿਚ ਇਸ ਬਾਣੀ ਨੂੰ ਉਚਾਰਣ ਕੀਤਾ ਹੈ। ਇਸ ਅਲਾਹਣੀ ਦੇ ਪਹਿਲੇ ਅਤੇ ਦੂਜੇ ਪਦੇ ਵਿਚ ਪ੍ਰਭੂ ਦੀਆਂ ਵਡਿਆਈਆਂ ਦਾ ਵਰਣਨ ਹੈ। ਤੀਜੇ ਪਦੇ ਵਿਚ ਜੀਵ ਦੀ ਵਿਕਾਰ-ਗ੍ਰਸਤ ਹਾਲਤ ਨੂੰ ਬਿਆਨ ਕੀਤਾ ਗਿਆ ਹੈ। ਚੌਥੇ ਪਦੇ ਵਿਚ ਮੌਤ ਨੂੰ ਪ੍ਰਭੂ ਦੇ ਹੁਕਮ ਵਿਚ ਵਾਪਰਦੀ ਹੋਈ ਦਰਸਾ ਕੇ ਮਨੁਖ ਨੂੰ ਧਰਵਾਸ ਦਿੱਤਾ ਗਿਆ ਹੈ। ਮੌਤ ਉਪਰੰਤ ਸੰਸਾਰ ਵਿਚ ਅਤੇ ਪ੍ਰਭੂ ਦੀ ਦਰਗਾਹ ਵਿਚ ਜੀਵ-ਆਤਮਾ ਦੀ ਸਥਿਤੀ ਨੂੰ ਪੰਜਵੇਂ ਤੇ ਛੇਵੇਂ ਪਦੇ ਵਿਚ ਦਰਸਾਇਆ ਗਿਆ ਹੈ। ਸਤਵੇਂ ਪਦੇ ਵਿਚ ਅਜਾਈਂ ਉਮਰ ਗੁਆ ਚੁੱਕੇ ਜੀਵ ਦੇ ਪਛਤਾਵੇ ਨੂੰ ਪੇਸ਼ ਕਰ ਕੇ ਪ੍ਰਭੂ ਦੀ ਯਾਦ ਵਿਚ ਜੁੜਨ ਦਾ ਉਪਦੇਸ਼ ਹੈ। ਅਠਵੇਂ ਪਦੇ ਵਿਚ ਗੁਰ-ਸ਼ਬਦ ਨਾਲ ਜੁੜਨ ਸਦਕਾ ਜੀਵ ਦੀ ਸੁਖਮਈ ਅਵਸਥਾ ਨੂੰ ਪੇਸ਼ ਕੀਤਾ ਗਿਆ ਹੈ।
ਸਦੜੇ ਆਏ ਤਿਨਾ ਜਾਨੀਆ   ਹੁਕਮਿ ਸਚੇ ਕਰਤਾਰੋ
ਨਾਰੀ ਪੁਰਖ ਵਿਛੁੰਨਿਆ   ਵਿਛੁੜਿਆ ਮੇਲਣਹਾਰੋ
ਰੂਪੁ ਜਾਣੈ ਸੋਹਣੀਐ   ਹੁਕਮਿ ਬਧੀ ਸਿਰਿ ਕਾਰੋ
ਬਾਲਕ ਬਿਰਧਿ ਜਾਣਨੀ   ਤੋੜਨਿ ਹੇਤੁ ਪਿਆਰੋ ॥੪॥
-ਗੁਰੂ ਗ੍ਰੰਥ ਸਾਹਿਬ ੫੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਰਮਾਤਮਾ ਵੱਲੋਂ ਬਖਸ਼ੇ ਸਾਹਾਂ ਦੀ ਪੂੰਜੀ ਖਤਮ ਹੋਣ ’ਤੇ ਉਨ੍ਹਾਂ ਸੱਜਣਾਂ ਨੂੰ ਸੱਚ-ਸਰੂਪ ਕਰਤੇ ਪ੍ਰਭੂ ਦੇ ਹੁਕਮ ਅਨੁਸਾਰ ਸੱਦੇ ਆ ਗਏ ਹਨ। ਭਾਵ, ਉਨ੍ਹਾਂ ਨੂੰ ਉਸ ਨੇ ਆਪਣੇ ਕੋਲ ਬੁਲਾ ਲਿਆ ਹੈ।

ਕਰਤੇ ਪ੍ਰਭੂ ਦਾ ਸੱਦਾ ਆਉਣ ਨਾਲ ਇਕੱਠੇ ਰਹਿਣ ਵਾਲੇ ਪੁਰਸ਼-ਇਸਤਰੀਆਂ ਵਿਚ ਵਿਛੋੜਾ ਪੈ ਜਾਂਦਾ ਹੈ। ਇਸ ਵਿਛੋੜੇ ਉਪਰੰਤ ਉਨ੍ਹਾਂ ਨੂੰ ਸਿਰਫ ਪ੍ਰਭੂ ਹੀ ਮਿਲਾ ਸਕਦਾ ਹੈ। ਭਾਵ, ਉਹ ਆਪਣੇ-ਆਪ ਕਦੇ ਵੀ ਮਿਲ ਨਹੀਂ ਸਕਦੇ। ਰਚਣਹਾਰ ਪ੍ਰਭੂ ਹੀ ਜੀਵਾਂ ਨੂੰ ਵਿਛੋੜਨ ਵਾਲਾ ਅਤੇ ਵਿਛੜਿਆਂ ਨੂੰ ਮਿਲਾਉਣ ਵਾਲਾ ਹੈ।

ਪ੍ਰਭੂ ਨੇ ਹਰ ਜੀਵ ਦੇ ਸੰਸਾਰ ਤੋਂ ਜਾਣ ਦਾ ਸਮਾਂ ਨਿਸਚਿਤ ਕੀਤਾ ਹੋਇਆ ਹੈ। ਇਸ ਕਰਕੇ ਉਹ ਕਿਸੇ ਦੇ ਰੰਗ ਰੂਪ ਨੂੰ ਨਹੀਂ ਦੇਖਦਾ। ਭਾਵ, ਉਹ ਕਿਸੇ ਦੇ ਸੋਹਣੇ ਜਾਂ ਭੈੜੇ ਹੋਣ ਦਾ ਪਖਪਾਤ ਨਹੀਂ ਕਰਦਾ। ਆਪਣੇ ਤੈਅ ਕੀਤੇ ਹੁਕਮ ਅਨੁਸਾਰ ਲੈ ਜਾਂਦਾ ਹੈ।

ਸਾਡੇ ਸਮਾਜ ਵਿਚ ਬਜ਼ੁਰਗਾਂ ਦੇ ਮਨ ਵਿਚ ਪਰਵਾਰ ਲਈ ਮੋਹ ਹੁੰਦਾ ਹੈ ਤੇ ਪਰਵਾਰ ਲਈ ਬੱਚੇ ਬੜੇ ਪਿਆਰੇ ਹੁੰਦੇ ਹਨ। ਪਰ ਇਥੇ ਦੱਸਿਆ ਗਿਆ ਹੈ ਕਿ ਪ੍ਰਭੂ ਜੀਵ ਨੂੰ ਜਦ ਆਪਣੇ ਕੋਲ ਬੁਲਾਉਂਦਾ ਹੈ ਤਾਂ ਪਿਆਰ ਦੇ ਰਿਸ਼ਤੇ ਤੋੜਨ ਲੱਗਿਆ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਚਾਹੇ ਕੋਈ ਬੱਚਾ ਹੋਵੇ ਚਾਹੇ ਕੋਈ ਬਜ਼ੁਰਗ ਹੋਵੇ।
Tags