ਅਲਾਹਣੀਆਂ ਮੌਤ ਨਾਲ ਸੰਬੰਧਤ ਪੰਜਾਬੀ ਲੋਕ ਕਾਵਿ-ਰੂਪ ਹੈ। ਇਸ ਦੁਨੀਆਵੀ ਕਾਵਿ-ਰੂਪ ਨੂੰ ਅਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਅਧਿਆਤਮ ਦੇ ਪ੍ਰਸੰਗ ਵਿਚ ਇਸ ਬਾਣੀ ਨੂੰ ਉਚਾਰਣ ਕੀਤਾ ਹੈ। ਇਸ ਅਲਾਹਣੀ ਦੇ ਪਹਿਲੇ ਅਤੇ ਦੂਜੇ ਪਦੇ ਵਿਚ ਪ੍ਰਭੂ ਦੀਆਂ ਵਡਿਆਈਆਂ ਦਾ ਵਰਣਨ ਹੈ। ਤੀਜੇ ਪਦੇ ਵਿਚ ਜੀਵ ਦੀ ਵਿਕਾਰ-ਗ੍ਰਸਤ ਹਾਲਤ ਨੂੰ ਬਿਆਨ ਕੀਤਾ ਗਿਆ ਹੈ। ਚੌਥੇ ਪਦੇ ਵਿਚ ਮੌਤ ਨੂੰ ਪ੍ਰਭੂ ਦੇ ਹੁਕਮ ਵਿਚ ਵਾਪਰਦੀ ਹੋਈ ਦਰਸਾ ਕੇ ਮਨੁਖ ਨੂੰ ਧਰਵਾਸ ਦਿੱਤਾ ਗਿਆ ਹੈ। ਮੌਤ ਉਪਰੰਤ ਸੰਸਾਰ ਵਿਚ ਅਤੇ ਪ੍ਰਭੂ ਦੀ ਦਰਗਾਹ ਵਿਚ ਜੀਵ-ਆਤਮਾ ਦੀ ਸਥਿਤੀ ਨੂੰ ਪੰਜਵੇਂ ਤੇ ਛੇਵੇਂ ਪਦੇ ਵਿਚ ਦਰਸਾਇਆ ਗਿਆ ਹੈ। ਸਤਵੇਂ ਪਦੇ ਵਿਚ ਅਜਾਈਂ ਉਮਰ ਗੁਆ ਚੁੱਕੇ ਜੀਵ ਦੇ ਪਛਤਾਵੇ ਨੂੰ ਪੇਸ਼ ਕਰ ਕੇ ਪ੍ਰਭੂ ਦੀ ਯਾਦ ਵਿਚ ਜੁੜਨ ਦਾ ਉਪਦੇਸ਼ ਹੈ। ਅਠਵੇਂ ਪਦੇ ਵਿਚ ਗੁਰ-ਸ਼ਬਦ ਨਾਲ ਜੁੜਨ ਸਦਕਾ ਜੀਵ ਦੀ ਸੁਖਮਈ ਅਵਸਥਾ ਨੂੰ ਪੇਸ਼ ਕੀਤਾ ਗਿਆ ਹੈ।
ਵਡਹੰਸੁ ਮਹਲਾ ੧ ਦਖਣੀ ॥
ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥
ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥
ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥
ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥੧॥
ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥ ਰਹਾਉ ॥
-ਗੁਰੂ ਗ੍ਰੰਥ ਸਾਹਿਬ ੫੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਪ੍ਰਭੂ ਹੀ ਸੱਚ ਹੈ ਤੇ ਉਸ ਨੂੰ ਹੀ ਸੱਚਾ ਸਮਝਣਾ ਚਾਹੀਦਾ ਹੈ। ਭਾਵ, ਉਸ ਦੇ ਬਗੈਰ ਕੁਝ ਵੀ ਸੱਚ ਨਹੀਂ ਹੈ। ਉਹ ਸੱਚ-ਸਰੂਪ ਪਿਆਰਾ ਸਦਾ-ਸਦਾ ਲਈ ਸਭ ਦਾ ਪਾਲਣ-ਪੋਸ਼ਣ ਕਰਨ ਵਾਲਾ ਹੈ।
ਜਿਸ ਨੇ ਆਪਣੀ ਸਿਰਜਣਾ ਆਪਣੇ-ਆਪ ਕੀਤੀ, ਭਾਵ ਜਿਸ ਦੀ ਸਿਰਜਣਾ ਕਰਨ ਵਾਲਾ ਉਸ ਦੇ ਬਗੈਰ ਕੋਈ ਹੋਰ ਨਹੀਂ ਹੈ। ਉਹ ਸੱਚ ਦਾ ਮੁਜੱਸਮਾ ਏਨਾ ਵਿਸ਼ਾਲ, ਭਾਵ ਬੇਅੰਤ ਹੈ ਕਿ ਉਸ ਨੂੰ ਮੁਕੰਮਲ ਰੂਪ ਵਿਚ ਜਾਣਿਆ, ਬੁੱਝਿਆ ਤੇ ਦੱਸਿਆ ਨਹੀਂ ਜਾ ਸਕਦਾ।
ਉਸ ਪ੍ਰਭੂ ਨੇ ਧਰਤੀ ਅਤੇ ਪਾਣੀ ਦੇ ਰੂਪ ਵਿਚ ਚੱਕੀ ਦੇ ਦੋ ਪੁੜਾਂ ਦੀ ਸਿਰਜਣਾ ਕੀਤੀ। ਫਿਰ ਦੋਵਾਂ ਨੂੰ ਜੋੜ ਕੇ, ਭਾਵ ਦੋਵਾਂ ਦੇ ਸੰਜੋਗ ਨਾਲ ਸੰਸਾਰ ਦੇ ਜੀਵਾਂ ਦੀ ਰਚਨਾ ਕੀਤੀ ਅਤੇ ਜੀਵਾਂ ਨੂੰ ਮਾਇਆ ਦੇ ਮੋਹ ਵਿਚ ਲਾ ਕੇ ਆਪਣੇ ਤੋਂ ਵਿਛੋੜ ਦਿੱਤਾ। ਇਸ ਹਾਲਤ ਵਿਚ ਦੱਸਿਆ ਗਿਆ ਹੈ ਕਿ ਮਾਇਆ ਰੂਪੀ ਮਾਰੂ ਘੁੱਪ ਹਨੇਰਾ ਗੁਰੂ ਦੀ ਅਣਹੋਂਦ ਕਾਰਣ ਹੈ। ਭਾਵ, ਇਸ ਹਨੇਰੇ ਵਿਚ ਪਿਸਣ ਤੋਂ ਬਚਣ ਦਾ ਰਾਹ ਕੇਵਲ ਗੁਰੂ ਹੀ ਦੱਸ ਸਕਦਾ ਹੈ।
ਉਸ ਨੇ ਆਪ ਹੀ ਸੂਰਜ ਅਤੇ ਚੰਦ ਦੀ ਸਿਰਜਣਾ ਵੀ ਕੀਤੀ ਹੈ। ਇੰਝ ਲੱਗਦਾ ਹੈ ਜਿਵੇਂ ਇਹ ਦੋਵੇਂ ਦਿਨ-ਰਾਤ ਵਿਚਰਦੇ ਹੋਏ ਪ੍ਰਭੂ ਦੀ ਸਿਰਜਣਾ ਦੇ ਇਸ ਕੌਤਕ ਦੀ ਵਿਚਾਰ ਕਰਦੇ ਹੋਣ।
ਭਾਰਤੀ ਪ੍ਰਤੀਕ ਪਰੰਪਰਾ ਵਿਚ ਸੂਰਜ ਮਨੁਖ ਦੀ ਬੁੱਧੀ ਦਾ ਪ੍ਰਤੀਕ ਹੈ ਤੇ ਚੰਦਰਮਾ ਮਨੁਖੀ ਮਨ ਦਾ ਪ੍ਰਤੀਕ ਹੈ। ਇਥੇ ਦੱਸਿਆ ਗਿਆ ਹੈ ਕਿ ਮਨੁਖ ਆਪਣੀ ਬੁੱਧੀ ਅਤੇ ਮਨ ਰਾਹੀਂ ਪ੍ਰਭੂ ਦੇ ਇਸ ਕੌਤਕ ਬਾਰੇ ਸੋਚਦਾ ਰਹਿੰਦਾ ਹੈ। ਬਹੁਤ ਸੋਚਣ ਦੇ ਬਾਵਜੂਦ ਵੀ ਉਹ ਪ੍ਰਭੂ ਦੇ ਕੌਤਕਾਂ ਦਾ ਅੰਦਾਜਾ ਨਹੀਂ ਲਾ ਸਕਦਾ।, ਇਸ ਲਈ ਗੁਰੂ ਦੀ ਸੋਝੀ ਪ੍ਰਾਪਤ ਕਰਨੀ ਜ਼ਰੂਰੀ ਹੈ। ਕਿਉਂਕਿ ਉਸ ਤੋਂ ਹੀ ਇਹ ਅਗਿਆਨ ਦੂਰ ਹੋ ਸਕਦਾ ਹੈ ਤੇ ਗਿਆਨ ਪ੍ਰਾਪਤ ਹੋ ਸਕਦਾ ਹੈ। ਇਥੇ ਦੂਜੇ ਪਾਤਸ਼ਾਹ ਦਾ ਬਚਨ ਯਾਦ ਆਉਂਦਾ ਹੈ: ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥
ਅਖੀਰ ਵਿਚ ਦੱਸਿਆ ਗਿਆ ਹੈ ਕਿ ਉਹ ਮਾਲਕ ਪ੍ਰਭੂ ਹੀ ਸੱਚ-ਸਰੂਪ ਹੈ ਤੇ ਉਸ ਦਾ ਪਿਆਰ ਵੀ ਸੱਚਾ ਹੈ, ਜੋ ਉਹ ਸਭ ਨੂੰ ਵੰਡਦਾ ਹੈ। ਭਾਵ, ਉਸ ਦੇ ਪਿਆਰ ਨਾਲ ਹੀ ਸਾਰੇ ਪਸਾਰੇ ਦੇ ਸੱਚ ਦੀ ਸੋਝੀ ਹੁੰਦੀ ਹੈ।