ਪੰਜਾਬੀ ਸਭਿਆਚਾਰ ਵਿਚ ਮੌਤ ਨਾਲ ਸੰਬੰਧਤ ਲੋਕ ਕਾਵਿ-ਰੂਪ ‘ਅਲਾਹਣੀਆਂ’ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਪ੍ਰਭੂ ਹੁਕਮ ਅਨੁਸਾਰ ਵਾਪਰਨ ਵਾਲੀ ਮੌਤ ਦੀ ਅਟੱਲਤਾ ਦਰਸਾ ਕੇ ਮਨੁਖ ਨੂੰ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਹੈ। ਦੂਜੇ ਪਦੇ ਵਿਚ ਸੰਸਾਰਕ ਪ੍ਰਚਲਨ ਵਾਂਗ ਮੌਤ ਨੂੰ ਮਾੜਾ ਨਹੀਂ, ਸਗੋਂ ਚੰਗਾ ਮੰਨਿਆ ਗਿਆ ਹੈ। ਇਸ ਮਾਣਮੱਤੀ ਮੌਤ ਦੀ ਪ੍ਰਾਪਤੀ ਲਈ ਸੁਚੱਜੀ ਜੀਵਨ-ਜਾਚ ਅਤੇ ਪ੍ਰਭੂ ਸਿਮਰਨ ਨੂੰ ਲਾਜਮੀ ਰਸਾਇਆ ਹੈ। ਤੀਜੇ ਪਦੇ ਵਿਚ ਅਜਿਹੀ ਮੌਤ ਮਰਨ ਵਾਲੇ ਸੂਰਮੇ ਮਨੁਖਾਂ ਦੀ ਮੌਤ ਨੂੰ ਸਫਲ ਮੰਨਿਆ ਹੈ ਅਤੇ ਬਾਕੀ ਮਨੁਖਾਂ ਨੂੰ ਨਿਮਰਤਾ ਸਹਿਤ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ ਹੈ। ਚੌਥੇ ਪਦੇ ਵਿਚ ਫਿਰ ਸੰਸਾਰਕ ਨਾਸ਼ਵਾਨਤਾ ਦਾ ਸੰਕਲਪ ਦ੍ਰਿੜ ਕਰਵਾ ਕੇ ਸਮੁੱਚੇ ਵਿਚਾਰ ਨੂੰ ਸਮੇਟਿਆ ਗਿਆ ਹੈ ਕਿ ਇਸ ਸੰਸਾਰ ’ਤੇ ਆਉਣ ਵਾਲੇ ਹਰ ਇਕ ਮਨੁਖ ਨੇ ਇਥੋਂ ਜਾਣਾ ਹੈ। ਇਸ ਸੰਸਾਰਕ ਖੇਡ ਨੂੰ ਪ੍ਰਭੂ ਆਪ ਹੀ ਜਾਣਦਾ ਹੈ। ਸੋ, ਮੌਤ ’ਤੇ ਰੋਣ ਦੀ ਥਾਂ ਪ੍ਰਭੂ ਸਿਮਰਨ ਨਾਲ ਹੀ ਜੁੜਨਾ ਚਾਹੀਦਾ ਹੈ।
ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥
ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ ॥
ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥
ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ ॥
ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ ॥
ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥੪॥੨॥
-ਗੁਰੂ ਗ੍ਰੰਥ ਸਾਹਿਬ ੫੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਕਿਸੇ ਸਿਆਣੇ ਬਜੁਰਗ ਨੂੰ ਪ੍ਰਸ਼ਨ ਦੇ ਅੰਦਾਜ਼ ਵਿਚ ਮੁਖਾਤਬ ਹੋਇਆ ਗਿਆ ਹੈ ਕਿ ਸੰਸਾਰ ਵਿਚ ਜੀਵ ਦਾ ਆਉਣਾ-ਜਾਣਾ ਸਿਰਫ ਇਕ ਖੇਡ ਵਾਂਗ ਹੈ। ਜੀਵ ਸੰਸਾਰ ’ਤੇ ਆਉਂਦਾ (ਜੰਮਦਾ) ਹੈ ਅਤੇ ਚਲੇ (ਮਰ) ਜਾਂਦਾ ਹੈ। ਇਸ ਲਈ ਰੋਣਾ ਕਾਹਦੇ ਲਈ ਤੇ ਕਿਸ ਲਈ ਹੈ? ਅਰਥਾਤ, ਕਿਸੇ ਦੇ ਤੁਰ ਜਾਣ ’ਤੇ ਰੋਣਾ ਨਹੀਂ ਚਾਹੀਦਾ।
ਫਿਰ ਦੱਸਿਆ ਗਿਆ ਹੈ ਕਿ ਮਾਲਕ ਪ੍ਰਭੂ ਆਪਣੇ ਸਿਰਜੇ ਹੋਏ ਸੰਸਾਰ ਦੀ ਦੇਖ-ਰੇਖ ਆਪ ਹੀ ਕਰਦਾ ਹੈ। ਆਪਣੀ ਇਸ ਕੁਦਰਤ ਬਾਰੇ ਹਮੇਸ਼ਾ ਵਿਚਾਰ ਕਰਦਾ ਰਹਿੰਦਾ ਹੈ, ਅਰਥਾਤ ਉਸ ਦੀ ਨਜ਼ਰ ਅਤੇ ਨਿਯਮ ਅਨੁਸਾਰ ਹੀ ਸਭ ਕੁਝ ਹੁੰਦਾ ਹੈ।
ਫਿਰ ਦੁਹਰਾ ਕੇ ਦੱਸਿਆ ਗਿਆ ਹੈ ਕਿ ਪ੍ਰਭੂ ਆਪਣੀ ਸਿਰਜਣਾ ਦਾ ਆਪ ਖਿਆਲ ਰਖਦਾ ਹੈ। ਉਹ ਆਪ ਹੀ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰਦਾ ਹੈ। ਇਹ ਸਭ ਕੁਝ ਉਹ ਕਿਸ ਤਰ੍ਹਾਂ ਕਰਦਾ ਹੈ? ਇਹ ਸਿਰਫ ਉਹੀ ਜਾਣਦਾ ਹੈ, ਜਿਸ ਨੇ ਸੰਸਾਰ ਦੀ ਸਿਰਜਣਾ ਕੀਤੀ ਹੈ।
ਪ੍ਰਭੂ ਆਪਣੀ ਸ੍ਰਿਸ਼ਟੀ ਬਾਰੇ ਆਪ ਹੀ ਸਭ ਕੁਝ ਜਾਣਦਾ ਹੈ ਤੇ ਉਹ ਆਪ ਹੀ ਇਸ ਦੀ ਦੇਖ-ਰੇਖ ਕਰਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਉਹ ਇਹ ਸਭ ਕੁਝ ਉਹ ਕਿਸ ਤਰ੍ਹਾਂ ਕਰਦਾ ਹੈ? ਇਸ ਦਾ ਜਵਾਬ ਇਹੀ ਹੈ ਕਿ ਪ੍ਰਭੂ ਆਪਣੇ ਹੁਕਮ ਨੂੰ ਆਪ ਹੀ ਜਣਦਾ ਹੈ। ਅਰਥਾਤ, ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੈ।
ਅੱਗੇ ਦੱਸਿਆ ਗਿਆ ਹੈ ਕਿ ਜਿਸ ਨੇ ਵੀ ਇਹ ਸਾਰਾ ਕੁਝ ਕੀਤਾ ਜਾਂ ਸਾਰੇ ਕਾਸੇ ਦੀ ਸਿਰਜਣਾ ਕੀਤੀ ਹੈ, ਉਹੀ ਇਸ ਬਾਰੇ ਸਾਰੀ ਜਾਣਕਾਰੀ ਰਖਦਾ ਹੈ। ਉਸ ਦੀ ਹਸਤੀ ਪਰੇ ਤੋਂ ਪਰੇ ਹੈ। ਅਰਥਾਤ, ਉਸ ਦਾ ਅਨੁਮਾਨ ਹੀ ਨਹੀਂ ਲਾਇਆ ਜਾ ਸਕਦਾ।
ਅਖੀਰ ਵਿਚ ਪਾਤਸ਼ਾਹ ਉਥੇ ਹੀ ਆ ਜਾਂਦੇ ਹਨ, ਜਿਥੋਂ ਵਿਚਾਰ ਅਰੰਭ ਹੋਇਆ ਸੀ ਕਿ ਹੇ ਬਾਬਾ! ਰੋਣਾ ਕਿਸ ਵਾਸਤੇ ਹੈ। ਇਹ ਸੰਸਾਰ ਤਾਂ ਸਿਰਫ ਖੇਡ ਮਾਤਰ ਹੈ। ਅਰਥਾਤ, ਇਸ ਸੰਸਾਰ ਵਿਚ ਸਾਰੇ ਖੇਡ ਦੀ ਤਰ੍ਹਾਂ ਆਉਂਦੇ ਹਨ ਤੇ ਉਸੇ ਤਰ੍ਹਾਂ ਚਲੇ ਜਾਂਦੇ ਹਨ।