ਪੰਜਾਬੀ ਸਭਿਆਚਾਰ ਵਿਚ ਮੌਤ ਨਾਲ ਸੰਬੰਧਤ ਲੋਕ ਕਾਵਿ-ਰੂਪ ‘ਅਲਾਹਣੀਆਂ’ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਪ੍ਰਭੂ ਹੁਕਮ ਅਨੁਸਾਰ ਵਾਪਰਨ ਵਾਲੀ ਮੌਤ ਦੀ ਅਟੱਲਤਾ ਦਰਸਾ ਕੇ ਮਨੁਖ ਨੂੰ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਹੈ। ਦੂਜੇ ਪਦੇ ਵਿਚ ਸੰਸਾਰਕ ਪ੍ਰਚਲਨ ਵਾਂਗ ਮੌਤ ਨੂੰ ਮਾੜਾ ਨਹੀਂ, ਸਗੋਂ ਚੰਗਾ ਮੰਨਿਆ ਗਿਆ ਹੈ। ਇਸ ਮਾਣਮੱਤੀ ਮੌਤ ਦੀ ਪ੍ਰਾਪਤੀ ਲਈ ਸੁਚੱਜੀ ਜੀਵਨ-ਜਾਚ ਅਤੇ ਪ੍ਰਭੂ ਸਿਮਰਨ ਨੂੰ ਲਾਜਮੀ ਰਸਾਇਆ ਹੈ। ਤੀਜੇ ਪਦੇ ਵਿਚ ਅਜਿਹੀ ਮੌਤ ਮਰਨ ਵਾਲੇ ਸੂਰਮੇ ਮਨੁਖਾਂ ਦੀ ਮੌਤ ਨੂੰ ਸਫਲ ਮੰਨਿਆ ਹੈ ਅਤੇ ਬਾਕੀ ਮਨੁਖਾਂ ਨੂੰ ਨਿਮਰਤਾ ਸਹਿਤ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ ਹੈ। ਚੌਥੇ ਪਦੇ ਵਿਚ ਫਿਰ ਸੰਸਾਰਕ ਨਾਸ਼ਵਾਨਤਾ ਦਾ ਸੰਕਲਪ ਦ੍ਰਿੜ ਕਰਵਾ ਕੇ ਸਮੁੱਚੇ ਵਿਚਾਰ ਨੂੰ ਸਮੇਟਿਆ ਗਿਆ ਹੈ ਕਿ ਇਸ ਸੰਸਾਰ ’ਤੇ ਆਉਣ ਵਾਲੇ ਹਰ ਇਕ ਮਨੁਖ ਨੇ ਇਥੋਂ ਜਾਣਾ ਹੈ। ਇਸ ਸੰਸਾਰਕ ਖੇਡ ਨੂੰ ਪ੍ਰਭੂ ਆਪ ਹੀ ਜਾਣਦਾ ਹੈ। ਸੋ, ਮੌਤ ’ਤੇ ਰੋਣ ਦੀ ਥਾਂ ਪ੍ਰਭੂ ਸਿਮਰਨ ਨਾਲ ਹੀ ਜੁੜਨਾ ਚਾਹੀਦਾ ਹੈ।
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥
ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥੩॥
-ਗੁਰੂ ਗ੍ਰੰਥ ਸਾਹਿਬ ੫੭੯-੫੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਸੂਰਮੇ ਲੋਕਾਂ ਦਾ ਮਰਨਾ ਹੀ ਅਸਲ ਮਰਨਾ ਹੈ, ਜਿਹੜੇ ਪ੍ਰਭੂ ਦੇ ਦਰ ’ਤੇ ਪ੍ਰਵਾਨ ਹੋ ਕੇ ਮਰਦੇ ਹਨ। ਭਾਵ, ਜਿਹੜੇ ਆਪਣੇ ਹਿਰਦੇ ਅੰਦਰ ਭਗਤੀ-ਭਾਵ ਅਤੇ ਸੱਚ ਧਾਰਨ ਕਰਕੇ ਆਪਣੀ ਹਉਮੈ ਮੇਟ ਲੈਂਦੇ ਹਨ।
ਸੂਰਮੇ ਉਹ ਨਹੀਂ ਹੁੰਦੇ, ਜਿਨ੍ਹਾਂ ਨੂੰ ਲੋਕ ਸੂਰਮੇ ਮੰਨ ਲੈਂਦੇ ਹਨ। ਬਲਕਿ, ਇਥੇ ਦੱਸਿਆ ਗਿਆ ਹੈ ਕਿ ਅਸਲ ਸੂਰਮੇ ਉਨ੍ਹਾਂ ਨੂੰ ਕਿਹਾ ਜਾਣਾ ਚਾਹੀਦਾ ਹੈ, ਜਿਹੜੇ ਪ੍ਰਭੂ ਦੇ ਸੱਚੇ ਦਰਬਾਰ ਵਿਚ ਮਾਣ-ਇੱਜਤ ਪ੍ਰਾਪਤ ਕਰਦੇ ਹਨ। ਉਥੇ, ਕਿਉਂਕਿ ਮਾਣ-ਇੱਜਤ ਉਹੀ ਪ੍ਰਾਪਤ ਕਰਦੇ ਹਨ, ਜਿਹੜੇ ਆਪਣੀ ਹਉਮੈ ਨੂੰ ਕਾਬੂ ਕਰਕੇ ਪ੍ਰਭੂ ਦੀ ਰਜ਼ਾ ਵਿਚ ਰਹਿੰਦੇ ਹਨ। ਰਜਾ ਵਿਚ ਰਾਜੀ ਰਹਿਣਾ ਅਸਲ ਸੂਰਮਗਤੀ ਹੈ।
ਫਿਰ ਦੱਸਿਆ ਗਿਆ ਹੈ ਕਿ ਜਿਹੜੇ ਸਾਧਕ ਜਨ ਆਪਾ ਭਾਵ ਮੇਟ ਲੈਂਦੇ ਹਨ, ਉਹ ਪ੍ਰਭੂ ਦੀ ਦਰਗਾਹ ਵਿਚ, ਭਾਵ ਉਸ ਦੇ ਭਾਣੇ ਅਨੁਸਾਰ ਮਾਣ ਪ੍ਰਾਪਤ ਕਰਦੇ ਹਨ। ਫਿਰ ਅੱਗੇ, ਭਾਵ ਭਵਿੱਖ ਵਿਚ ਵੀ ਉਨ੍ਹਾਂ ਨੂੰ ਸਤਿਕਾਰ ਮਿਲਦਾ ਹੈ ਤੇ ਉਨ੍ਹਾਂ ਦੇ ਦੁਖ ਦਰਦ ਵੀ ਦੂਰ ਹੋ ਜਾਂਦੇ ਹਨ। ਉਹ ਦੁਨੀਆ ਤੋਂ ਇੱਜਤ ਨਾਲ ਜਾਂਦੇ ਹਨ।
ਉਪਰੋਕਤ ਸਾਧਕ ਜਨਾਂ ਦੀ ਹੋਰ ਸਿਫਤ ਇਹ ਦੱਸੀ ਗਈ ਹੈ ਕਿ ਜਿਸ ਪ੍ਰਭੂ ਨੂੰ ਹਿਰਦੇ ਵਿਚ ਵਸਾਉਣ ਨਾਲ ਡਰ ਦੂਰ ਹੋ ਜਾਂਦੇ ਹਨ, ਉਸ ਪ੍ਰਭੂ ਨੂੰ ਉਹ ਇਕ ਮੰਨ ਕੇ ਸੱਚੇ ਮਨ ਨਾਲ ਸਿਮਰਦੇ ਹਨ। ਇਸੇ ਕਾਰਣ ਹੀ ਉਹ ਮਾਣ-ਇੱਜ਼ਤ ਅਤੇ ਅਰੋਗ ਜੀਵਨ ਦੀ ਦਾਤ ਪ੍ਰਾਪਤ ਕਰਦੇ ਹਨ।
ਅਜਿਹੇ ਸਾਧਕ ਜਨ ਕਿਸੇ ਗੱਲ ਦਾ ਵੀ ਰੌਲਾ ਨਹੀਂ ਪਾਉਂਦੇ। ਉਹ ਆਪਣੇ-ਆਪ ਵਿਚ ਸ਼ਾਂਤ-ਚਿੱਤ ਰਹਿੰਦੇ ਹਨ। ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਭ ਕੁਝ ਜਾਣਨ ਵਾਲਾ ਪ੍ਰਭੂ ਉਨ੍ਹਾਂ ਬਾਰੇ ਵੀ ਸਭ ਕੁਝ ਆਪ ਹੀ ਜਾਣਦਾ ਹੈ।
ਅਖੀਰ ਵਿਚ ਫਿਰ ਦੁਹਰਾਇਆ ਗਿਆ ਹੈ ਕਿ ਉਨ੍ਹਾਂ ਬਹਾਦਰ ਲੋਕਾਂ ਦਾ ਮਰਨਾ ਹੀ ਅਸਲ ਮਰਨਾ ਹੈ, ਜਿਹੜੇ ਪ੍ਰਭੂ ਦੇ ਦਰ ’ਤੇ ਪ੍ਰਵਾਨ ਹੋ ਕੇ ਮਰਦੇ ਹਨ। ਭਾਵ, ਜਿਹੜੇ ਆਪਣੇ ਹਿਰਦੇ ਅੰਦਰ ਭਗਤੀ-ਭਾਵ ਅਤੇ ਸੱਚ ਧਾਰਣ ਕਰਕੇ ਆਪਣੀ ਹਉਮੈ ਖਤਮ ਕਰ ਲੈਂਦੇ ਹਨ।