ਪੰਜਾਬੀ ਸਭਿਆਚਾਰ ਵਿਚ ਮੌਤ ਨਾਲ ਸੰਬੰਧਤ ਲੋਕ ਕਾਵਿ-ਰੂਪ ‘ਅਲਾਹਣੀਆਂ’ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਪ੍ਰਭੂ ਹੁਕਮ ਅਨੁਸਾਰ ਵਾਪਰਨ ਵਾਲੀ ਮੌਤ ਦੀ ਅਟੱਲਤਾ ਦਰਸਾ ਕੇ ਮਨੁਖ ਨੂੰ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਹੈ। ਦੂਜੇ ਪਦੇ ਵਿਚ ਸੰਸਾਰਕ ਪ੍ਰਚਲਨ ਵਾਂਗ ਮੌਤ ਨੂੰ ਮਾੜਾ ਨਹੀਂ, ਸਗੋਂ ਚੰਗਾ ਮੰਨਿਆ ਗਿਆ ਹੈ। ਇਸ ਮਾਣਮੱਤੀ ਮੌਤ ਦੀ ਪ੍ਰਾਪਤੀ ਲਈ ਸੁਚੱਜੀ ਜੀਵਨ-ਜਾਚ ਅਤੇ ਪ੍ਰਭੂ ਸਿਮਰਨ ਨੂੰ ਲਾਜਮੀ ਰਸਾਇਆ ਹੈ। ਤੀਜੇ ਪਦੇ ਵਿਚ ਅਜਿਹੀ ਮੌਤ ਮਰਨ ਵਾਲੇ ਸੂਰਮੇ ਮਨੁਖਾਂ ਦੀ ਮੌਤ ਨੂੰ ਸਫਲ ਮੰਨਿਆ ਹੈ ਅਤੇ ਬਾਕੀ ਮਨੁਖਾਂ ਨੂੰ ਨਿਮਰਤਾ ਸਹਿਤ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ ਹੈ। ਚੌਥੇ ਪਦੇ ਵਿਚ ਫਿਰ ਸੰਸਾਰਕ ਨਾਸ਼ਵਾਨਤਾ ਦਾ ਸੰਕਲਪ ਦ੍ਰਿੜ ਕਰਵਾ ਕੇ ਸਮੁੱਚੇ ਵਿਚਾਰ ਨੂੰ ਸਮੇਟਿਆ ਗਿਆ ਹੈ ਕਿ ਇਸ ਸੰਸਾਰ ’ਤੇ ਆਉਣ ਵਾਲੇ ਹਰ ਇਕ ਮਨੁਖ ਨੇ ਇਥੋਂ ਜਾਣਾ ਹੈ। ਇਸ ਸੰਸਾਰਕ ਖੇਡ ਨੂੰ ਪ੍ਰਭੂ ਆਪ ਹੀ ਜਾਣਦਾ ਹੈ। ਸੋ, ਮੌਤ ’ਤੇ ਰੋਣ ਦੀ ਥਾਂ ਪ੍ਰਭੂ ਸਿਮਰਨ ਨਾਲ ਹੀ ਜੁੜਨਾ ਚਾਹੀਦਾ ਹੈ।
ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥
ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥
ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥
ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥
ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥
ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥
-ਗੁਰੂ ਗ੍ਰੰਥ ਸਾਹਿਬ ੫੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਲੋਕ ਅਕਸਰ ਮਰਨ ਬਾਰੇ ਬੁਰਾ ਬੋਲਦੇ ਹਨ। ਪਰ ਇਸ ਪਦੇ ਵਿਚ ਲੋਕਾਂ ਨੂੰ ਸਮਝਾਇਆ ਗਿਆ ਹੈ ਕਿ ਜੇ ਕੋਈ ਸਹੀ ਅਰਥਾਂ ਵਿਚ ਮਰਨਾ ਜਾਣਦਾ ਹੋਵੇ ਤਾਂ ਉਸ ਦੇ ਮਰਨੇ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ। ਪਰ ਅਜਿਹਾ ਕੋਈ ਵਿਰਲਾ ਹੀ ਹੁੰਦਾ ਹੈ। ਵਿਰਲਾ ਉਸ ਮਨੁਖ ਨੂੰ ਕਿਹਾ ਜਾਂਦਾ ਹੈ, ਜਿਹੜਾ ਆਪਣੇ ਦੈਹਿਕ ਮੁਫਾਦ ਦੀ ਬਜਾਏ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਨੂੰ ਸਨਮੁਖ ਰਖ ਕੇ ਜੀਵਿਆ ਹੋਵੇ।
ਮਰਨ ਨੂੰ ਬਿਨਾਂ ਕਿਸੇ ਕਾਰਣ ਨਿੰਦਣ ਜਾਂ ਬੁਰਾ ਕਹਿਣ ਦੀ ਬਜਾਏ ਲੋਕਾਂ ਨੂੰ ਆਪਣੇ ਸਮਰੱਥ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦਾ ਅਗਲੇਰਾ ਜੀਵਨ ਪੰਧ ਸੌਖਾ ਹੋ ਜਾਵੇ। ਭਾਵ, ਸਿਮਰਨ ਦੀ ਬਰਕਤ ਨਾਲ ਉਨ੍ਹਾਂ ਨੂੰ ਆਪਣੇ ਰਹਿੰਦੇ ਜੀਵਨ ਦਾ ਸੁਧਾਰ ਕਰਨਾ ਚਾਹੀਦਾ ਹੈ।
ਮਰਨ ਨੂੰ ਬੁਰਾ ਕਹਿਣ ਦੀ ਬਜਾਏ, ਪ੍ਰਭੂ ਦੇ ਸਿਮਰਨ ਵਿਚ ਲੱਗੇ ਹੋਏ ਲੋਕ ਜਦ ਇਸ ਸੌਖੇ ਜੀਵਨ ਮਾਰਗ ’ਤੇ ਚੱਲਣਗੇ ਤਾਂ ਉਨ੍ਹਾਂ ਨੂੰ ਪ੍ਰਭੂ-ਮਿਲਾਪ ਦਾ ਫਲ ਪ੍ਰਾਪਤ ਹੋਵੇਗਾ। ਇਸ ਪ੍ਰਭੂ-ਮਿਲਾਪ ਕਾਰਣ ਉਨ੍ਹਾਂ ਨੂੰ ਮਾਣ-ਇੱਜਤ ਪ੍ਰਾਪਤ ਹੋਵੇਗੀ। ਭਾਵ, ਬੇਕਾਰ ਦੇ ਰੋਣ-ਧੋਣ ਦੀ ਬਜਾਏ ਸਿਮਰਨ ਦੀ ਬਰਕਤ ਨਾਲ ਜੀਵਨ ਸੌਖਾ ਬਤੀਤ ਹੁੰਦਾ ਹੈ ਤੇ ਸਹੀ ਮਾਣ-ਤਾਣ ਵੀ ਪ੍ਰਾਪਤ ਹੁੰਦਾ ਹੈ।
ਜਿਹੜੇ ਲੋਕ ਹਿਰਦੇ ਅੰਦਰ ਸ਼ਰਧਾ ਸਤਿਕਾਰ ਸਹਿਤ ਨਾਮ-ਸਿਮਰਨ ਰੂਪੀ ਨਜ਼ਰਾਨਾ ਲੈ ਕੇ ਪ੍ਰਭੂ ਦੇ ਦਰ ’ਤੇ ਜਾਂਦੇ ਹਨ, ਸਿਰਫ ਉਹੀ ਲੋਕ ਸੱਚ-ਸਰੂਪ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰਦੇ ਹਨ। ਅਜਿਹੇ ਸਾਧਕਾਂ ਦੇ ਮਾਣ-ਤਾਣ ਦਾ ਹੀ ਅਸਲ ਰੂਪ ਵਿਚ ਕੋਈ ਮੁੱਲ ਪੈਂਦਾ ਹੁੰਦਾ ਹੈ।
ਆਪਣੇ ਹਿਰਦੇ ਅੰਦਰ ਪ੍ਰਭੂ ਪ੍ਰਤੀ ਪ੍ਰੇਮ ਸਤਿਕਾਰ ਰਖਣ ਵਾਲੇ ਉਪਰੋਕਤ ਕਿਸਮ ਦੇ ਸਾਧਕ ਜਨ ਹੀ ਪ੍ਰਭੂ ਦੇ ਘਰ ਵਿਚ ਪ੍ਰਵੇਸ਼ ਪ੍ਰਾਪਤ ਕਰਦੇ ਹਨ। ਉਹੀ ਸੱਜਣ ਮਾਲਕ ਪ੍ਰਭੂ ਦੇ ਦਿਲ ਨੂੰ ਚੰਗੇ ਲੱਗਦੇ ਹਨ ਤੇ ਮਾਲਕ ਪ੍ਰਭੂ ਦੇ ਮਿਲਾਪ ਦਾ ਅਨੰਦ ਮਾਣਦੇ ਹਨ।
ਅਖੀਰ ਵਿਚ ਫਿਰ ਦੁਹਰਾਇਆ ਗਿਆ ਹੈ ਕਿ ਜੇ ਕੋਈ ਸਹੀ ਅਰਥਾਂ ਵਿਚ ਜੀਵਨ ਜੀਅ ਕੇ, ਮਰਨਾ ਜਾਣਦਾ ਹੋਵੇ, ਤਾਂ ਲੋਕਾਂ ਨੂੰ ਉਸ ਮਰਨੇ ਬਾਰੇ ਬੁਰਾ ਕਹਿਣ ਦੀ ਲੋੜ ਨਹੀਂ ਹੈ। ਭਾਵ, ਅਜਿਹਾ ਮਰਨਾ ਤਾਂ ਸਿਫਤ ਦੇ ਲਾਇਕ ਹੁੰਦਾ ਹੈ।