ਪੰਜਾਬੀ ਸਭਿਆਚਾਰ ਵਿਚ ਮੌਤ ਨਾਲ ਸੰਬੰਧਤ ਲੋਕ ਕਾਵਿ-ਰੂਪ ‘ਅਲਾਹਣੀਆਂ’ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਸ੍ਰਿਸ਼ਟੀ ਦੇ ਸਿਰਜਣਹਾਰ ਪ੍ਰਭੂ ਦੀ ਵਡਿਆਈ ਕਰਦਿਆਂ ਸੰਸਾਰਕ ਨਾਸ਼ਵਾਨਤਾ ਦਾ ਸੰਕਲਪ ਦ੍ਰਿੜ ਕਰਵਾਇਆ ਹੈ। ਦੂਜੇ ਪਦੇ ਵਿਚ ਨਾਸ਼ਵਾਨ ਮਨੁਖ ਨੂੰ ਹੰਕਾਰ ਛੱਡ ਕੇ ਪ੍ਰਭੂ-ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਤੀਜੇ ਪਦੇ ਅਨੁਸਾਰ ਉਨ੍ਹਾਂ ਮਨੁਖਾਂ ਦਾ ਹੀ ਇਸ ਸੰਸਾਰ ਉੱਤੇ ਆਉਣਾ ਸਫਲ ਹੁੰਦਾ ਹੈ, ਜਿਹੜੇ ਇਕਾਗਰ-ਚਿੱਤ ਹੋ ਕੇ ਸੱਚੇ ਸਿਰਜਣਹਾਰ ਪ੍ਰਭੂ ਦਾ ਸਿਮਰਨ ਕਰਦੇ ਹਨ। ਕਿਉਂਕਿ ਪ੍ਰਭੂ ਦੇ ਹੁਕਮ ਅਨੁਸਾਰ ਹੀ ਸਭ ਕੁਝ ਹੁੰਦਾ ਹੈ, ਮਨੁਖੀ ਜਤਨ ਤਾਂ ਕੇਵਲ ਇਕ ਬਹਾਨਾ ਬਣਦਾ ਹੈ। ਇਸੇ ਲਈ ਇਸ ਅਲਾਹਣੀ ਦੇ ਆਖਰੀ ਪਦੇ ਵਿਚ ਮਾਇਕੀ ਪਦਾਰਥਾਂ ਲਈ ਰੋਣ ਨੂੰ ਵਿਅਰਥ ਅਤੇ ਪ੍ਰਭੂ-ਪਿਆਰ ਵਿਚ ਵੈਰਾਗਮਈ ਰੁਦਨ ਨੂੰ ਹੀ ਸਭ ਤੋਂ ਉੱਤਮ ਦਰਸਾਇਆ ਗਿਆ ਹੈ।
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥
ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥
ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥
ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥
-ਗੁਰੂ ਗ੍ਰੰਥ ਸਾਹਿਬ ੫੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਬਾਬਾ, ਭਾਵ ਸਿਆਣੇ ਮਨੁਖ ਨੂੰ ਮੁਖਾਤਬ ਹੋ ਕੇ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਕਿਸੇ ਪ੍ਰਾਣੀ ਦੇ ਤੁਰ ਜਾਣ ’ਤੇ ਰੋਣ-ਕੁਰਲਾਉਣ ਲੱਗ ਪੈਂਦੇ ਹਨ, ਉਹ ਬਿਲਕੁਲ ਬੇਕਾਰ ਰੋਂਦੇ ਹਨ। ਉਨ੍ਹਾਂ ਦਾ ਰੋਣਾਂ ਤਾਂ ਹੀ ਸੱਚਾ ਸਮਝਿਆ ਜਾ ਸਕਦਾ ਹੈ, ਜੇ ਉਹ ਪ੍ਰਭੂ ਦੇ ਵੈਰਾਗ ਵਿਚ ਰੋ ਰਹੇ ਹੋਣ।
ਜਿਹੜੇ ਕਿਸੇ ਦੇ ਤੁਰ ਜਾਣ ’ਤੇ, ਕੇਵਲ ਮਾਲ-ਧਨ ਆਦਿ ਦੇ ਖੁੱਸ ਜਾਣ ਕਾਰਣ ਰੋਂਦੇ ਹਨ, ਉਨ੍ਹਾਂ ਦਾ ਰੋਣਾ-ਧੋਣਾ ਤੇ ਸੋਗ ਆਦਿ ਸਭ ਕੁਝ ਹੀ ਵਿਅਰਥ ਹੁੰਦਾ ਹੈ।
ਫਿਰ ਦੁਹਰਾ ਕੇ ਦੱਸਿਆ ਗਿਆ ਹੈ ਕਿ ਸੰਸਾਰ ਦੇ ਲੋਕ ਅਸਲੋਂ ਹੀ ਬੇਸੁਧ ਹਨ, ਜਿਹੜੇ ਕਿਸੇ ਦੇ ਤੁਰ ਜਾਣ ’ਤੇ ਮਾਇਕ ਪਦਾਰਥਾਂ ਕਰਕੇ ਰੋਂਦੇ ਹਨ, ਉਨ੍ਹਾਂ ਦਾ ਰੋਣਾ-ਧੋਣਾ ਤੇ ਸੋਗ ਆਦਿ ਸਭ ਬੇਕਾਰ ਹੁੰਦਾ ਹੈ।
ਅਜਿਹੇ ਅਣਜਾਣ ਲੋਕਾਂ ਨੂੰ ਮਾੜੇ-ਚੰਗੇ ਦੀ ਭੋਰਾ ਭਰ ਵੀ ਸਮਝ ਨਹੀਂ ਹੁੰਦੀ। ਉਹ ਆਪਣੀ ਦੇਹੀ ਫਜੂਲ ਕਿਸਮ ਦੇ ਕੰਮ-ਧੰਦਿਆਂ ਵਿਚ ਗੁਆ ਲੈਂਦੇ ਹਨ। ਭਾਵ, ਆਪਣਾ ਸਾਰਾ ਜੀਵਨ ਵਿਅਰਥ ਬਤੀਤ ਕਰਦੇ ਹਨ।
ਜੋ ਕੁਝ ਵੀ ਇਸ ਸੰਸਾਰ ਵਿਚ ਪੈਦਾ ਹੁੰਦਾ ਹੈ, ਸਭ ਕੁਝ ਹੀ ਖਤਮ ਹੋ ਜਾਂਦਾ ਹੈ। ਫਿਰ ਵੀ ਪਤਾ ਨਹੀਂ ਲੋਕ ਇਸ ਝੂਠੇ ਜੀਣ-ਥੀਣ ਤੇ ਮਾਇਕ ਪਦਾਰਥਾਂ ਦਾ ਹੰਕਾਰ ਕਿਉਂ ਕਰਦੇ ਹਨ।
ਅਖੀਰ ਵਿਚ ਫਿਰ ਦੁਹਰਾਇਆ ਗਿਆ ਹੈ ਕਿ ਜੇਕਰ ਕੋਈ ਪ੍ਰਭੂ ਪਿਆਰੇ ਦੇ ਵੈਰਾਗ ਵਿਚ ਰੋਂਦਾ ਹੋਵੇ ਤਾਂ ਉਸ ਨੂੰ ਹੀ ਸਹੀ ਅਰਥਾਂ ਵਿਚ ਰੋਣਾ ਸਮਝਿਆ ਜਾ ਸਕਦਾ ਹੈ, ਲੋਕ ਦਿਖਾਵਾ ਕਰਨ ਵਾਲੇ ਨੂੰ ਨਹੀਂ। ਭਾਵ, ਦੁਨਿਆਵੀ ਮੋਹ ਵਿਚ ਫਸੇ ਮਨੁਖ ਦਾ ਰੋਣਾ ਕਿਸੇ ਅਰਥ ਨਹੀਂ ਹੁੰਦਾ।