ਪੰਜਾਬੀ ਸਭਿਆਚਾਰ ਵਿਚ ਮੌਤ ਨਾਲ ਸੰਬੰਧਤ ਲੋਕ ਕਾਵਿ-ਰੂਪ ‘ਅਲਾਹਣੀਆਂ’ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਸ੍ਰਿਸ਼ਟੀ ਦੇ ਸਿਰਜਣਹਾਰ ਪ੍ਰਭੂ ਦੀ ਵਡਿਆਈ ਕਰਦਿਆਂ ਸੰਸਾਰਕ ਨਾਸ਼ਵਾਨਤਾ ਦਾ ਸੰਕਲਪ ਦ੍ਰਿੜ ਕਰਵਾਇਆ ਹੈ। ਦੂਜੇ ਪਦੇ ਵਿਚ ਨਾਸ਼ਵਾਨ ਮਨੁਖ ਨੂੰ ਹੰਕਾਰ ਛੱਡ ਕੇ ਪ੍ਰਭੂ-ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਤੀਜੇ ਪਦੇ ਅਨੁਸਾਰ ਉਨ੍ਹਾਂ ਮਨੁਖਾਂ ਦਾ ਹੀ ਇਸ ਸੰਸਾਰ ਉੱਤੇ ਆਉਣਾ ਸਫਲ ਹੁੰਦਾ ਹੈ, ਜਿਹੜੇ ਇਕਾਗਰ-ਚਿੱਤ ਹੋ ਕੇ ਸੱਚੇ ਸਿਰਜਣਹਾਰ ਪ੍ਰਭੂ ਦਾ ਸਿਮਰਨ ਕਰਦੇ ਹਨ। ਕਿਉਂਕਿ ਪ੍ਰਭੂ ਦੇ ਹੁਕਮ ਅਨੁਸਾਰ ਹੀ ਸਭ ਕੁਝ ਹੁੰਦਾ ਹੈ, ਮਨੁਖੀ ਜਤਨ ਤਾਂ ਕੇਵਲ ਇਕ ਬਹਾਨਾ ਬਣਦਾ ਹੈ। ਇਸੇ ਲਈ ਇਸ ਅਲਾਹਣੀ ਦੇ ਆਖਰੀ ਪਦੇ ਵਿਚ ਮਾਇਕੀ ਪਦਾਰਥਾਂ ਲਈ ਰੋਣ ਨੂੰ ਵਿਅਰਥ ਅਤੇ ਪ੍ਰਭੂ-ਪਿਆਰ ਵਿਚ ਵੈਰਾਗਮਈ ਰੁਦਨ ਨੂੰ ਹੀ ਸਭ ਤੋਂ ਉੱਤਮ ਦਰਸਾਇਆ ਗਿਆ ਹੈ।
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥
ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥
ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥
ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥
ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥
-ਗੁਰੂ ਗ੍ਰੰਥ ਸਾਹਿਬ ੫੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਸਮਰੱਥ ਪ੍ਰਭੂ ਨੂੰ ਜੋ ਕੁਝ ਵੀ ਚੰਗਾ ਲੱਗਦਾ ਹੈ, ਉਹੀ ਕੁਝ ਹੁੰਦਾ ਹੈ। ਅਸਲ ਵਿਚ ਕਰਨ-ਕਰਾਵਣਹਾਰ ਉਹ ਪ੍ਰਭੂ ਆਪ ਹੀ ਹੈ। ਇਸ ਦੁਨੀਆ ’ਤੇ ਕਿਸੇ ਜੀਵ ਦਾ ਜੇ ਕੋਈ ਕੰਮ ਬਣਨਾ ਹੁੰਦਾ ਹੈ ਤਾਂ ਉਸ ਵੱਲੋਂ ਕੀਤੀ ਕੋਸ਼ਿਸ਼ ਤਾਂ ਬਹਾਨਾ ਹੀ ਬਣਦੀ ਹੈ।
ਸੰਸਾਰ ਦੀ ਸਿਰਜਣਾ ਕਰਨ ਵਾਲਾ ਸੱਚ-ਸਰੂਪ ਪ੍ਰਭੂ ਧਰਤੀ ਅਤੇ ਸਮੁੰਦਰ ਵਿਚਕਾਰ ਹਰੇਕ ਥਾਂ ਵਸਿਆ ਹੋਇਆ ਹੈ, ਭਾਵ ਸਿਰਜਣਹਾਰ ਪ੍ਰਭੂ ਆਪਣੀ ਸਿਰਜਣਾ ਵਿਚ ਹੀ ਸਮਾਇਆ ਹੋਇਆ ਹੈ। ਉਹ ਹਰ ਥਾਂ, ਕਣ-ਕਣ ਵਿਚ ਮੌਜੂਦ ਹੈ।
ਆਪਣੀ ਸਿਰਜਣਾ ਵਿਚ ਵਸਣ ਵਾਲਾ ਸਿਰਜਣਹਾਰ ਪ੍ਰਭੂ ਏਨਾ ਵਿਸ਼ਾਲ ਹੈ ਕਿ ਉਸ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਨਾ ਹੀ ਉਸ ਨੂੰ ਪੂਰਨ ਰੂਪ ਵਿਚ ਜਾਣਿਆ ਜਾਂ ਸਮਝਿਆ ਜਾ ਸਕਦਾ ਹੈ।
ਇਸ ਸੰਸਾਰ ਵਿਚ ਉਸ ਮਨੁਖ ਦਾ ਜਨਮ ਅਤੇ ਜੀਵਨ ਹੀ ਸਫਲ ਹੁੰਦਾ ਹੈ, ਜਿਹੜਾ ਪ੍ਰਭੂ ਨੂੰ ਪੂਰਨ ਰੂਪ ਵਿਚ ਇਕਾਗਰ ਮਨ ਹੋ ਕੇ ਆਪਣੇ ਧਿਆਨ ਵਿਚ ਵਸਾਈ ਰਖਦਾ ਹੈ, ਭਾਵ ਜਿਹੜਾ ਬੇਕਾਰ ਕੰਮ-ਧੰਦਿਆਂ ਵਿਚ ਆਪਣਾ ਸਮਾਂ ਵਿਅਰਥ ਨਹੀਂ ਗਵਾਉਂਦਾ।
ਸਿਰਜਣ ਕਲਾ ਦਾ ਮਾਹਿਰ ਪ੍ਰਭੂ ਆਪਣੇ ਹੁਕਮ ਅਨੁਸਾਰ ਆਪ ਹੀ ਆਪਣੀ ਸਿਰਜਣਾ ਨੂੰ ਢਾਹ ਦਿੰਦਾ ਹੈ ਤੇ ਢਾਹ ਕੇ ਫਿਰ ਆਪ ਹੀ ਉਸ ਨੂੰ ਮੁੜ ਉਸਾਰ ਦਿੰਦਾ ਹੈ।
ਅਸਲ ਵਿਚ ਜੋ ਕੁਝ ਵੀ ਉਸ ਸਮਰੱਥ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਹੁੰਦਾ ਹੈ। ਇਹ ਸੰਸਾਰ ਤਾਂ ਬਸ ਜਤਨ ਮਾਤਰ ਹੀ ਕਰਦਾ ਹੈ, ਭਾਵ ਸੰਸਾਰ ਦੇ ਕੀਤਿਆਂ ਕੁਝ ਨਹੀਂ ਹੁੰਦਾ। ਜੋ ਕੁਝ ਹੁੰਦਾ ਹੈ, ਪ੍ਰਭੂ ਆਪ ਕਰਦਾ ਹੈ।