ਪੰਜਾਬੀ ਸਭਿਆਚਾਰ ਵਿਚ ਮੌਤ ਨਾਲ ਸੰਬੰਧਤ ਲੋਕ ਕਾਵਿ-ਰੂਪ ‘ਅਲਾਹਣੀਆਂ’ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਸ੍ਰਿਸ਼ਟੀ ਦੇ ਸਿਰਜਣਹਾਰ ਪ੍ਰਭੂ ਦੀ ਵਡਿਆਈ ਕਰਦਿਆਂ ਸੰਸਾਰਕ ਨਾਸ਼ਵਾਨਤਾ ਦਾ ਸੰਕਲਪ ਦ੍ਰਿੜ ਕਰਵਾਇਆ ਹੈ। ਦੂਜੇ ਪਦੇ ਵਿਚ ਨਾਸ਼ਵਾਨ ਮਨੁਖ ਨੂੰ ਹੰਕਾਰ ਛੱਡ ਕੇ ਪ੍ਰਭੂ-ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਤੀਜੇ ਪਦੇ ਅਨੁਸਾਰ ਉਨ੍ਹਾਂ ਮਨੁਖਾਂ ਦਾ ਹੀ ਇਸ ਸੰਸਾਰ ਉੱਤੇ ਆਉਣਾ ਸਫਲ ਹੁੰਦਾ ਹੈ, ਜਿਹੜੇ ਇਕਾਗਰ-ਚਿੱਤ ਹੋ ਕੇ ਸੱਚੇ ਸਿਰਜਣਹਾਰ ਪ੍ਰਭੂ ਦਾ ਸਿਮਰਨ ਕਰਦੇ ਹਨ। ਕਿਉਂਕਿ ਪ੍ਰਭੂ ਦੇ ਹੁਕਮ ਅਨੁਸਾਰ ਹੀ ਸਭ ਕੁਝ ਹੁੰਦਾ ਹੈ, ਮਨੁਖੀ ਜਤਨ ਤਾਂ ਕੇਵਲ ਇਕ ਬਹਾਨਾ ਬਣਦਾ ਹੈ। ਇਸੇ ਲਈ ਇਸ ਅਲਾਹਣੀ ਦੇ ਆਖਰੀ ਪਦੇ ਵਿਚ ਮਾਇਕੀ ਪਦਾਰਥਾਂ ਲਈ ਰੋਣ ਨੂੰ ਵਿਅਰਥ ਅਤੇ ਪ੍ਰਭੂ-ਪਿਆਰ ਵਿਚ ਵੈਰਾਗਮਈ ਰੁਦਨ ਨੂੰ ਹੀ ਸਭ ਤੋਂ ਉੱਤਮ ਦਰਸਾਇਆ ਗਿਆ ਹੈ।
ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥
ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥
ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥
ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥
ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥
ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥
-ਗੁਰੂ ਗ੍ਰੰਥ ਸਾਹਿਬ ੫੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪ੍ਰਭੂ ਤੋਂ ਭੁੱਲਿਆ ਹੋਇਆ ਮਨੁਖ ਬੇਕਾਰ ਕੰਮ-ਧੰਦਿਆਂ ਵਿਚ ਸਮਾਂ ਬਤੀਤ ਕਰਦਾ ਹੈ ਤੇ ਹੋਰਨਾ ’ਤੇ ਆਪਣਾ ਹੁਕਮ ਚਲਾਉਂਦਾ ਹੈ। ਪਰ ਜਦ ਵੀ ਉਸ ਨੂੰ ਪ੍ਰਭੂ ਦਾ ਅਹਿਸਾਸ ਹੋਣਾ ਹੈ, ਉਸ ਵੇਲੇ ਉਸ ਨੂੰ ਆਪਣੇ ਕਰਮਾਂ ਦੀ ਨਿਰਮੂਲਤਾ ਦਾ ਅਹਿਸਾਸ ਹੋਣਾ ਹੈ, ਜਿਸ ਦਾ ਫਿਰ ਕੋਈ ਹੱਲ ਨਹੀਂ ਹੋਣਾ। ਪਛਤਾਵੇ ਦੇ ਰੂਪ ਵਿਚ ਸਜ਼ਾ ਹੀ ਭੁਗਤਣੀ ਪੈਣੀ ਹੈ। ਇਸ ਕਰਕੇ ਪਾਤਸ਼ਾਹ ਉਸ ਨੂੰ ਅਗਾਊਂ ਸੁਚੇਤ ਕਰਦੇ ਹਨ।
ਇਸ ਪਦੇ ਵਿਚ ਮਨੁਖ ਨੂੰ ਭਾਈ ਵਜੋਂ ਮੁਖਾਤਬ ਹੁੰਦੇ ਹੋਏ ਦੱਸਿਆ ਗਿਆ ਹੈ ਕਿ ਹਰ ਕਿਸੇ ਨੇ ਇਸ ਜਹਾਨ ਵਿਚੋਂ ਇਕ ਨਾ ਇਕ ਦਿਨ ਚਲੇ ਜਾਣਾ ਹੈ। ਇਸ ਲਈ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਲਕ ਪ੍ਰਭੂ ਨੂੰ ਹਮੇਸ਼ਾ ਯਾਦ ਰਖੇ।
ਸਮੇਂ ਦੇ ਸਮੁੱਚੇ ਸੰਦਰਭ ਵਿਚ ਮਨੁਖ ਦਾ ਜੀਵਨ ਬਹੁਤ ਥੋੜਾ ਜਿਹਾ ਹੀ ਹੈ। ਜਿਹੋ-ਜਿਹੇ ਕੰਮਾਂ ਵਿਚ ਉਹ ਰੁੱਝਿਆ ਰਹਿੰਦਾ ਹੈ, ਉਹ ਸਭ ਬੇਕਾਰ ਹਨ, ਭਾਵ ਉਨ੍ਹਾਂ ਦਾ ਕੋਈ ਮਹੱਤਵ ਨਹੀਂ ਹੈ। ਇਸ ਲਈ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਵਿੱਖ ਵਿਚ ਇਕ ਨਾ ਇਕ ਦਿਨ ਉਸ ਨੇ ਇਥੋਂ ਚਲੇ ਜਾਣਾ ਹੈ।
ਇਸ ਜਹਾਨ ਵਿਚ ਮਨੁਖ ਮਹਿਜ਼ ਮਹਿਮਾਨ ਵਜੋਂ ਆਇਆ ਹੈ। ਇਸ ਕਰਕੇ ਉਸ ਨੇ ਮਹਿਮਾਨ ਵਾਂਗ ਹੀ ਹਰ ਹਾਲਤ ਵਿਚ ਇਥੋਂ ਵਾਪਸ ਪਰਤ ਜਾਣਾ ਹੈ। ਇਸ ਲਈ ਉਸ ਦਾ ਇਥੇ ਥੋੜ ਚਿਰੇ ਰਹਿਣ-ਸਹਿਣ ਅਤੇ ਇਥੋਂ ਦੇ ਬੇਕਾਰ ਕੰਮ-ਧੰਦੇ ਦਾ ਹੰਕਾਰ ਬਿਲਕੁਲ ਨਿਰਮੂਲ ਹੈ।
ਫਿਰ ਮਨੁਖ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਜਿਸ ਦੀ ਸੇਵਾ-ਸਿਮਰਨ ਕੀਤਿਆਂ ਉਸ ਨੂੰ ਪ੍ਰਭੂ ਦੇ ਦਰ-ਘਰ ਦਾ ਸੁਖ ਪ੍ਰਾਪਤ ਹੋ ਸਕਦਾ ਹੈ, ਉਸ ਨੂੰ ਓਸ ਪ੍ਰਭੂ ਦਾ ਨਾਮ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ।
ਪ੍ਰਭੂ ਦੇ ਦਰ-ਘਰ ਵਿਖੇ ਮਨੁਖ ਦਾ ਹੁਕਮ ਬਿਲਕੁਲ ਨਹੀਂ ਚੱਲ ਸਕਦਾ। ਉਥੇ ਮਨੁਖ ਦੇ ਸਿਰ ਉੱਤੇ ਕੀ-ਕੀ ਬੀਤਣੀ ਹੈ, ਉਸ ਨੂੰ ਇਸ ਗੱਲ ਦਾ ਖਿਆਲ ਰਖਣ ਦੀ ਬੇਹੱਦ ਜਰੂਰਤ ਹੈ। ਕਿਉਂਕਿ ਹਰੇਕ ਮਨੁਖ ਨੂੰ ਉਸ ਦੇ ਕੀਤੇ ਕਰਮਾਂ ਦਾ ਫਲ ਭੁਗਤਣਾ ਹੀ ਪੈਂਦਾ ਹੈ।
ਪਦੇ ਦੇ ਅਖੀਰ ਵਿਚ ਮਨੁਖ ਨੂੰ ਫਿਰ ਭਾਈ ਵਜੋਂ ਮੁਖਾਤਬ ਹੋ ਕੇ ਪ੍ਰੇਰਿਆ ਗਿਆ ਹੈ ਕਿ ਇਸ ਜਹਾਨ ਵਿਚੋਂ ਹਰ ਕਿਸੇ ਨੇ ਹਰ ਹਾਲਤ ਵਿਚ ਚਲੇ ਹੀ ਜਾਣਾ ਹੈ। ਇਸ ਲਈ ਸਭ ਨੂੰ ਚਾਹੀਦਾ ਹੈ ਕਿ ਉਸ ਮਾਲਕ ਪ੍ਰਭੂ ਨੂੰ ਯਾਦ ਕਰਦੇ ਰਹਿਣ।