Guru Granth Sahib Logo
  
ਪੰਜਾਬੀ ਸਭਿਆਚਾਰ ਵਿਚ ਮੌਤ ਨਾਲ ਸੰਬੰਧਤ ਲੋਕ ਕਾਵਿ-ਰੂਪ ‘ਅਲਾਹਣੀਆਂ’ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਸ੍ਰਿਸ਼ਟੀ ਦੇ ਸਿਰਜਣਹਾਰ ਪ੍ਰਭੂ ਦੀ ਵਡਿਆਈ ਕਰਦਿਆਂ ਸੰਸਾਰਕ ਨਾਸ਼ਵਾਨਤਾ ਦਾ ਸੰਕਲਪ ਦ੍ਰਿੜ ਕਰਵਾਇਆ ਹੈ। ਦੂਜੇ ਪਦੇ ਵਿਚ ਨਾਸ਼ਵਾਨ ਮਨੁਖ ਨੂੰ ਹੰਕਾਰ ਛੱਡ ਕੇ ਪ੍ਰਭੂ-ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਤੀਜੇ ਪਦੇ ਅਨੁਸਾਰ ਉਨ੍ਹਾਂ ਮਨੁਖਾਂ ਦਾ ਹੀ ਇਸ ਸੰਸਾਰ ਉੱਤੇ ਆਉਣਾ ਸਫਲ ਹੁੰਦਾ ਹੈ, ਜਿਹੜੇ ਇਕਾਗਰ-ਚਿੱਤ ਹੋ ਕੇ ਸੱਚੇ ਸਿਰਜਣਹਾਰ ਪ੍ਰਭੂ ਦਾ ਸਿਮਰਨ ਕਰਦੇ ਹਨ। ਕਿਉਂਕਿ ਪ੍ਰਭੂ ਦੇ ਹੁਕਮ ਅਨੁਸਾਰ ਹੀ ਸਭ ਕੁਝ ਹੁੰਦਾ ਹੈ, ਮਨੁਖੀ ਜਤਨ ਤਾਂ ਕੇਵਲ ਇਕ ਬਹਾਨਾ ਬਣਦਾ ਹੈ। ਇਸੇ ਲਈ ਇਸ ਅਲਾਹਣੀ ਦੇ ਆਖਰੀ ਪਦੇ ਵਿਚ ਮਾਇਕੀ ਪਦਾਰਥਾਂ ਲਈ ਰੋਣ ਨੂੰ ਵਿਅਰਥ ਅਤੇ ਪ੍ਰਭੂ-ਪਿਆਰ ਵਿਚ ਵੈਰਾਗਮਈ ਰੁਦਨ ਨੂੰ ਹੀ ਸਭ ਤੋਂ ਉੱਤਮ ਦਰਸਾਇਆ ਗਿਆ ਹੈ।
ਰਾਗੁ ਵਡਹੰਸੁ ਮਹਲਾ ਘਰੁ ਅਲਾਹਣੀਆ
ਸਤਿਗੁਰ ਪ੍ਰਸਾਦਿ

ਧੰਨੁ ਸਿਰੰਦਾ ਸਚਾ ਪਾਤਿਸਾਹੁ   ਜਿਨਿ ਜਗੁ ਧੰਧੈ ਲਾਇਆ
ਮੁਹਲਤਿ ਪੁਨੀ  ਪਾਈ ਭਰੀ   ਜਾਨੀਅੜਾ ਘਤਿ ਚਲਾਇਆ
ਜਾਨੀ ਘਤਿ ਚਲਾਇਆ  ਲਿਖਿਆ ਆਇਆ   ਰੁੰਨੇ ਵੀਰ ਸਬਾਏ
ਕਾਂਇਆ ਹੰਸ ਥੀਆ ਵੇਛੋੜਾ   ਜਾਂ ਦਿਨ ਪੁੰਨੇ ਮੇਰੀ ਮਾਏ
ਜੇਹਾ ਲਿਖਿਆ ਤੇਹਾ ਪਾਇਆ   ਜੇਹਾ ਪੁਰਬਿ ਕਮਾਇਆ
ਧੰਨੁ ਸਿਰੰਦਾ ਸਚਾ ਪਾਤਿਸਾਹੁ   ਜਿਨਿ ਜਗੁ ਧੰਧੈ ਲਾਇਆ ॥੧॥
-ਗੁਰੂ ਗ੍ਰੰਥ ਸਾਹਿਬ ੫੭੮-੫੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਸੰਸਾਰ ਦੀ ਸਿਰਜਣਾ ਕਰਨ ਵਾਲਾ ਪ੍ਰਭੂ ਕਿੰਨਾਂ ਮਹਾਨ ਹੈ, ਜਿਸ ਨੇ ਹਰ ਜੀਵ ਨੂੰ ਕੋਈ ਨਾ ਕੋਈ ਕਾਰਜ ਕਰਨ ਲਾਇਆ ਹੋਇਆ ਹੈ। ਭਾਵ, ਹਰ ਜੀਵ ਦੇ ਹੋਣ ਦਾ ਕੋਈ ਮਕਸਦ ਹੈ, ਜਿਸ ਲਈ ਉਸ ਨੂੰ ਪੈਦਾ ਕੀਤਾ ਗਿਆ ਹੈ।

ਜਦ ਕਿਸੇ ਜੀਵ ਦਾ ਕਾਰਜ ਮੁਕੰਮਲ ਹੋ ਜਾਂਦਾ ਹੈ ਤੇ ਉਸ ਨੂੰ ਦਿੱਤਾ ਗਿਆ ਸਮਾਂ ਵੀ ਸਮਾਪਤ ਹੋ ਜਾਂਦਾ ਹੈ ਤਾਂ ਪ੍ਰਭੂ ਉਸ ਜੀਵ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ।

ਜਦੋਂ ਜੀਵ ਨੂੰ ਪ੍ਰਭੂ ਦਾ ਸੁਨੇਹਾ ਮਿਲਦਾ ਹੈ ਤੇ ਜਦ ਜੀਵ ਪ੍ਰਭੂ ਕੋਲ ਚਲੇ ਜਾਂਦਾ ਹੈ ਤਾਂ ਜੀਵ ਦੇ ਸਾਰੇ ਸਕੇ-ਸੰਬੰਧੀ ਰੋਣ-ਕਰਲਾਉਣ ਲੱਗ ਜਾਂਦੇ ਹਨ।

ਪਾਤਸ਼ਾਹ ਜੀਵ ਨੂੰ ਇਸਤਰੀ-ਵਾਚਕ ਸ਼ਬਦ ਮਾਏ ਦੇ ਸੰਬੋਧਨ ਰਾਹੀਂ ਦੱਸਦੇ ਹਨ ਕਿ ਕਿੰਨੇ ਦੁਖ ਦੀ ਗੱਲ ਹੈ ਕਿ ਜਦ ਦਿੱਤੇ ਗਏ ਦਿਨ ਮੁੱਕ ਜਾਂਦੇ ਹਨ ਤਾਂ ਜੀਵ ਦੀ ਦੇਹੀ ਤੇ ਰੂਹ ਵਿਚਕਾਰ ਵਿਛੋੜਾ ਪੈ ਜਾਂਦਾ ਹੈ, ਭਾਵ ਜੀਵ ਜਹਾਨ ਛੱਡ ਕੇ ਤੁਰ ਜਾਂਦਾ ਹੈ।

ਜੋ ਵੀ ਪ੍ਰਭੂ ਨੇ ਜੀਵ ਲਈ ਤੈਅ ਕੀਤਾ ਹੁੰਦਾ ਹੈ ਤੇ ਜੋ ਵੀ ਜਿਹੋ-ਜਿਹੇ ਵੀ ਬੀਤੇ ਹੋਏ ਸਮੇਂ ਵਿਚ ਕਰਮ ਕੀਤੇ ਹੁੰਦੇ ਹਨ, ਉਹੋ-ਜਿਹਾ ਭਵਿੱਖ ਜੀਵ ਦੇ ਅੱਗੇ ਆ ਜਾਂਦਾ ਹੈ। 

ਜੀਵਨ ਦਾ ਸਿਰਜਣਹਾਰ ਪ੍ਰਭੂ ਬੜਾ ਮਹਾਨ ਹੈ, ਜਿਸ ਨੇ ਸਾਰੇ ਸੰਸਾਰ ਦੇ ਜੀਵਾਂ ਨੂੰ ਕਿਸੇ ਨਾ ਕਿਸੇ ਕਾਰਜ ਵਿਚ ਲਾਇਆ ਹੋਇਆ ਹੈ, ਭਾਵ ਸਾਰਾ ਜਗਤ ਪ੍ਰਭੂ ਦੇ ਹੁਕਮ ਵਿਚ ਕਾਰਜਸ਼ੀਲ ਹੈ। ਉਸ ਦੇ ਹੁਕਮ ਵਿਚ ਹੀ ਆਉਂਦਾ ਤੇ ਚਲਾ ਜਾਂਦਾ ਹੈ।
Tags