ਇਸ
ਪਉੜੀ ਵਿਚ ਅ-ਕਥ ਪ੍ਰਭੂ ਨੂੰ ਅਨੁਭਵ ਕਰਨ ਦੀ ਜੁਗਤੀ ਦਰਸਾਈ ਗਈ ਹੈ। ਮਨ, ਬਚਨ, ਕਰਮ ਰਾਹੀਂ ਗੁਰ-ਸ਼ਬਦ ਅਨੁਸਾਰੀ ਹੋ ਕੇ ਹੀ ਉਸ ਅ-ਕਥ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਇਸ ਲਈ ਅ-ਕਥ ਪ੍ਰਭੂ ਨੂੰ ਅਨੁਭਵ ਕਰਾਉਣ ਵਾਲੇ ਗੁਰ-ਸ਼ਬਦ ਨਾਲ ਜੁੜਨਾ ਚਾਹੀਦਾ ਹੈ।
ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥
ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥
-ਗੁਰੂ ਗ੍ਰੰਥ ਸਾਹਿਬ ੯੧੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਤਵੀਂ ਪਉੜੀ ਵਿਚ ਕਿਹਾ ਗਿਆ ਸੀ ਕਿ ਅਨੰਦ ਗੁਰੂ ਤੋਂ ਮਿਲਦਾ ਹੈ। ਅਠਵੀਂ ਵਿਚ ਦੱਸਿਆ ਸੀ ਕਿ ਮਨੁਖ ਗੁਰੂ ਨਾਲ ਪ੍ਰਭੂ ਦੀ ਕਿਰਪਾ ਦੁਆਰਾ ਹੀ ਜੁੜਦਾ ਹੈ। ਹੁਣ ਇਸ ਪਉੜੀ ਵਿਚ ਦੱਸਿਆ ਹੈ ਕਿ ਪ੍ਰਭੂ-ਕਿਰਪਾ ਦੀ ਪ੍ਰਾਪਤੀ ਲਈ ਪ੍ਰਭੂ ਦੀ ਨੇੜਤਾ ਜਾਂ ਅਨੁਭਵ ਜ਼ਰੂਰੀ ਹੈ, ਜੋ ਗੁਰੂ, ਭਾਵ ਗੁਰ-ਸ਼ਬਦ ਰਾਹੀ ਪ੍ਰਾਪਤ ਹੁੰਦਾ ਹੈ। ਕਿਉਂਕਿ ਅਕਥ ਪ੍ਰਭੂ ਨੂੰ ਗੁਰ-ਸ਼ਬਦ ਹੀ ਮਨੁਖ ਦੇ ਸਮਝਗੋਚਰੇ ਕਰ ਸਕਦਾ ਹੈ।
ਇਸ ਪਉੜੀ ਦੀ ਪਲੇਠੀ ਤੁਕ ਵਿਚ ਪ੍ਰਭੂ ਲਈ ਵਰਤਿਆ ਸ਼ਬਦ ‘ਅਕਥ’ ਧਿਆਨ ਮੰਗਦਾ ਹੈ। ‘ਅਕਥ’ ਉਹ ਹੈ ਜਿਸ ਨੂੰ ਕਥਿਆ ਜਾਂ ਕਿਹਾ ਨਹੀਂ ਜਾ ਸਕਦਾ। ਅਸਲ ਵਿਚ ਅਸੀਂ ਉਹੀ ਕੁਝ ਕਥ ਜਾਂ ਕਹਿ ਸਕਦੇ ਹਾਂ ਜਿਸ ਦਾ ਸਾਨੂੰ ਪੂਰਾ ਪਤਾ ਹੋਵੇ ਤੇ ਜਿਸ ਦਾ ਪਤਾ ਹੀ ਨਾ ਹੋਵੇ ਉਸ ਬਾਬਤ ਅਸੀਂ ਕੁਝ ਵੀ ਕਹਿ ਨਹੀਂ ਸਕਦੇ।
ਸ੍ਰਿਸ਼ਟੀ ਵਿਚ ਮਨੁਖ ਸਿਰਫ ਇਕ ਕਿਣਕੇ ਵਾਂਗ ਹੈ, ਜਿਹੜਾ ਸਮੁੱਚ ਬਾਰੇ ਨਾ ਤਾਂ ਮੁਕੰਮਲ ਰੂਪ ਵਿਚ ਕੁਝ ਜਾਣ ਸਕਦਾ ਹੈ ਤੇ ਨਾ ਹੀ ਬੋਲ ਸਕਦਾ ਹੈ। ਇਸ ਕਰਕੇ ਪੂਰਨ ਸੱਚ ਨੂੰ ‘ਅਕਥ’ ਕਿਹਾ ਗਿਆ ਹੈ। ਪਾਣੀ ਦਾ ਕਤਰਾ ਵਿੱਥ ਉੱਤੇ ਰਹਿ ਕੇ ਸਾਗਰ ਨੂੰ ਨਹੀਂ ਜਾਣ ਸਕਦਾ। ਸਿਰਫ ਸਾਗਰ ਵਿਚ ਮਿਲ ਕੇ, ਸਾਗਰ ਰੂਪ ਹੋ ਕੇ ਕਤਰਾ ਸਾਗਰ ਨੂੰ ਜਾਣ ਸਕਦਾ ਹੈ।
ਪਾਤਸ਼ਾਹ ਇਸ ਪਉੜੀ ਵਿਚ ਸੰਤ ਲੋਕਾਂ ਨੂੰ ‘ਪਿਆਰਿਓ’ ਆਖ ਕੇ ਮੁਖਾਤਬ ਹੁੰਦੇ ਹਨ ਤੇ ਉਨ੍ਹਾਂ ਨੂੰ ਸੱਚ-ਸਰੂਪ ‘ਅਕਥ’ ਪ੍ਰਭੂ ਨੂੰ ਕਥਨ ਭਾਵ, ਉਸ ਦੇ ਗਿਆਨ ਦੀ ਵਿਚਾਰ ਕਰਨ ਲਈ ਸੱਦਾ ਦਿੰਦੇ ਹਨ। ਅਗਲੀ ਤੁਕ ਵਿਚ ਫਿਰ ਇਸੇ ਗੱਲ ਨੂੰ ਦੁਹਰਾਉਂਦੇ ਹਨ ਤੇ ਸਵਾਲ ਕਰਦੇ ਹਨ ਕਿ ਇਹ ‘ਅਕਥ’ ਪ੍ਰਭੂ ਕਿਸ ਢੰਗ ਜਾਂ ਜੁਗਤੀ ਨਾਲ ਪਾਇਆ ਜਾ ਸਕਦਾ ਹੈ?
ਇਹ ਸਾਡਾ ਆਪਾ ਜਾਂ ਹਉਮੈ ਹੀ ਹੈ, ਜਿਹੜਾ ਸਾਨੂੰ ਪ੍ਰਭੂ ਤੋਂ ਦੂਰ ਕਰਕੇ ਆਪ-ਹੁਦਰਾ ਬਣਾਉਂਦਾ ਹੈ। ਇਸ ਲਈ ਉਕਤ ਸਵਾਲ ਦਾ ਜਵਾਬ ਦਿੰਦੇ ਹੋਏ ਪਾਤਸ਼ਾਹ ਕਹਿੰਦੇ ਹਨ ਕਿ ਮਨ, ਬਚਨ ਅਤੇ ਕਰਮ ਰਾਹੀਂ ਗੁਰ-ਸ਼ਬਦ ਦੇ ਅਨੁਸਾਰੀ ਹੋ ਕੇ, ਉਸ ਪ੍ਰਭੂ ਅੱਗੇ ਆਪਣਾ-ਆਪ ਸਮਰਪਤ ਕਰ ਕੇ ਅਤੇ ਪੂਰਨ ਰੂਪ ਵਿਚ ਉਸ ਦੀ ਰਜ਼ਾ, ਹੁਕਮ ਜਾਂ ਭਾਣੇ ਅੰਦਰ ਰਹਿ ਕੇ ਹੀ ਉਸ ਨੂੰ ਪਾਇਆ ਜਾ ਸਕਦਾ ਹੈ।
ਪਾਤਸ਼ਾਹ ਅਗਲੀ ਤੁਕ ਵਿਚ ਗੁਰੂ ਦਾ ਹੁਕਮ ਮੰਨਣ, ਅਰਥਾਤ ਗੁਰ-ਸ਼ਬਦ ਦੇ ਅਨੁਸਾਰੀ ਹੋ ਕੇ ਚੱਲਣ ਅਤੇ ਸੱਚੇ-ਗੁਰ ਸ਼ਬਦ ਦਾ ਗਾਇਨ ਤੇ ਚਿੰਤਨ ਕਰਨ ਦਾ ਆਦੇਸ਼ ਕਰਦੇ ਹਨ। ਇਹ ਗਾਉਣਾ ਕਲਾਕਾਰਾਂ ਵਾਲਾ ਸਿੱਖਿਆ ਹੋਇਆ ਗਾਉਣਾ ਨਹੀਂ ਹੈ। ਬਲਕਿ ਇਹ ਗਾਉਣਾ ਆਪਮੁਹਾਰੇ ਰੂਹਦਾਰੀ ਦਾ ਗਾਉਣਾ ਹੈ। ਇਹ ਵੀ ਸੱਚੀ ਲਿਵ ਦੀ ਤਰ੍ਹਾਂ ਪੂਰਨ ਅਤੇ ਸੱਚੀ ਲਗਨ ਵਾਲਾ ਸੱਚਾ ਗਾਉਣਾ ਹੈ।
ਆਖਰੀ ਤੁਕ ਵਿਚ ਪਾਤਸ਼ਾਹ ਫਿਰ ਗੁਰ-ਸ਼ਬਦ ਦੁਆਰਾ ਉਸ ‘ਅਕਥ’ ਪ੍ਰਭੂ ਨੂੰ ਕਥਨ, ਭਾਵ ਉਸ ਦੀ ਗਿਆਨ-ਵਿਚਾਰ ਲਈ ਸੰਤ-ਜਨਾਂ ਨੂੰ ਸੱਦਾ ਦਿੰਦੇ ਹਨ।